ਤਿੰਨ ਪਿੰਡਾਂ ਦੇ ਲੋਕ ਮਹਿੰਗੇ ਮੁੱਲ ਦੇ ਟੈਂਕਰਾਂ ਦਾ ਪਾਣੀ ਪੀਣ ਲਈ ਮਜ਼ਬੂਰ
ਜਲ ਸਪਲਾਈ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਕਾਰਨ ਕੰਢੀ ਦੇ ਪਿੰਡ ਬਨਕਰਨਪੁਰ, ਫਤਿਹਪੁਰ ਅਤੇ ਬਹਿਮਾਵਾ ਦੇ ਲੋਕ ਗੰਧਲਾ ਤੇ ਬਦਬੂਦਾਰ ਪਾਣੀ ਪੀਣ ਲਈ ਮਜ਼ਬੂਰ............
ਮੁਕੇਰੀਆਂ: ਜਲ ਸਪਲਾਈ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਕਾਰਨ ਕੰਢੀ ਦੇ ਪਿੰਡ ਬਨਕਰਨਪੁਰ, ਫਤਿਹਪੁਰ ਅਤੇ ਬਹਿਮਾਵਾ ਦੇ ਲੋਕ ਗੰਧਲਾ ਤੇ ਬਦਬੂਦਾਰ ਪਾਣੀ ਪੀਣ ਲਈ ਮਜ਼ਬੂਰ ਹਨ। ਗੰਧਲੇ ਪਾਣੀ ਕਾਰਨ ਲੋਕ ਮਹਿੰਗੇ ਮੁੱਲ ਦੇ ਟੈਂਕਰਾਂ ਦਾ ਪਾਣੀ ਮੰਗਵਾ ਕੇ ਅਪਣਾ ਗੁਜ਼ਾਰ ਕਰ ਰਹੇ ਹਨ, ਜਦੋਂ ਕਿ ਹਰ ਮਹੀਨੇ ਉਨ੍ਹਾਂ ਨੂੰ ਬਿੱਲ ਤਾਰਨਾ ਪੈ ਰਿਹਾ ਹੈ। ਇਸ ਸਬੰਧੀ ਤਿਲਕ ਰਾਜ, ਮੁਕੇਸ਼ ਕੁਮਾਰ, ਲੀਲਾ ਦੇਵੀ, ਬਲਜੀਤ ਸਿੰਘ, ਗੁਰਮੀਤ ਸਿੰਘ ਆਦਿ ਨੇ ਦਸਿਆ ਕਿ ਜਲ ਸਪਲਾਈ ਦੀਆਂ ਟੂਟੀਆਂ ਵਿਚ ਗੰਧਲਾ ਤੇ ਬਦਬੂਦਾਰ ਪਾਣੀ ਆ ਰਿਹਾ ਹੈ।
ਕਰੀਬ ਮਹੀਨਾ ਪਹਿਲਾਂ ਜਲ ਸਪਲਾਈ ਅਧਿਕਾਰੀਆਂ ਨੇ ਪਾਣੀ 'ਚ ਖ਼ਰਾਬੀ ਹੋਣ ਦਾ ਦਾਅਵਾ ਕਰਦਿਆਂ ਚੌਕੀਦਾਰ ਰਾਹੀਂ ਮੁਨਾਦੀ ਕਰਵਾ ਕੇ ਕੁਝ ਦਿਨ ਜਲ ਸਪਲਾਈ ਦੀਆਂ ਟੂਟੀਆਂ ਦਾ ਪਾਣੀ ਨਾ ਪੀਣ ਦੀ ਸਲਾਹ ਦਿਤੀ ਸੀ। ਪਰ ਮੁੜ ਉਸ ਤੋਂ ਬਾਅਦ ਨਾ ਤਾਂ ਪਾਣੀ ਠੀਕ ਹੋਣ ਸਬੰਧੀ ਕੋਈ ਸਪੱਸ਼ਟੀਕਰਨ ਹੀ ਦਿਤਾ ਗਿਆ ਅਤੇ ਨਾ ਹੀ ਪਾਣੀ ਠੀਕ ਹੋਇਆ ਹੈ। ਲੋਕਾਂ ਅਨੁਸਾਰ ਜਲ ਸਪਲਾਈ ਦੀਆਂ ਟੂਟੀਆਂ ਵਿਚ ਗੰਧਲਾ ਪਾਣੀ ਆ ਰਿਹਾ ਹੈ।
ਆਮ ਹੀ ਬਰਸਾਤੀ ਮੌਸਮ ਵਿਚ ਹੁੰਦੀ ਪਾਣੀ 'ਚ ਖਰਾਬੀ ਕਾਰਨ ਡਰੇ ਲੋਕਾਂ ਨੇ ਦਸਿਆ ਕਿ ਪਿਛਲੇ ਸਾਲ ਇਲਾਕੇ ਦੇ ਕਰੀਬ 2 ਪਿੰਡਾਂ ਦੇ 5 ਦਰਜ਼ਨ ਤੋਂ ਵੱਧ ਲੋਕ ਪਾਣੀ ਦੀ ਖਰਾਬੀ ਦਾ ਖਾਮਿਆਜਾ ਭੁਗਤ ਚੁੱਕੇ ਹਨ, ਇਸ ਲਈ ਉਹ ਮਹਿੰਗੇ ਮੁੱਲ ਦੇ ਕਰੀਬ 5 ਕਿਲੋਮੀਟਰ ਦੂਰ ਤੋਂ ਆਉੁਂਦੇ ਪਾਣੀ ਵਾਲੇ ਟੈਂਕਰਾਂ ਦਾ ਪਾਣੀ ਪੀਣ ਲਈ ਮਜ਼ਬੂਰ ਹਨ। ਉਨ੍ਹਾਂ ਚਿਤਾਵਨੀ ਦਿਤੀ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਜਲ ਸਪਲਾਈ ਵਿਭਾਗ ਦੇ ਐਸਡੀਓ ਨੇ ਕਿਹਾ ਕਿ ਪਾਣੀ 'ਚ ਕੋਈ ਖਰਾਬੀ ਨਹੀਂ ਹੈ ਅਤੇ ਵਾਟਰ ਵਰਕਸ ਨੇੜੇ ਹੋ ਰਹੇ ਜ਼ਮੀਨੀ ਬੋਰ ਕਾਰਨ ਪਾਣੀ ਗੰਧਲਾ ਹੋਇਆ ਹੋ ਸਕਦਾ ਹੈ। ਜਿਸ ਦੀ ਜਾਂਚ ਕਰਕੇ ਤੁਰਤ ਪਾਣੀ ਸਾਫ਼ ਕਰਾਉਣ ਲਈ ਯਤਨ ਕੀਤੇ ਜਾਣਗੇ।