ਪੰਜਾਬ ਨੂੰ ਹੜ੍ਹ ਪ੍ਰਭਾਵਤ ਸੂਬਿਆਂ ਦੀ ਸੂਚੀ 'ਚੋਂ ਬਾਹਰ ਰੱਖਣਾ ਘੋਰ ਬੇਇਨਸਾਫ਼ੀ : ਹਰਪਾਲ ਸਿੰਘ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਵਜੀਰੀਆਂ ਲਈ ਪੰਜਾਬ ਨਾਲ ਗ਼ੱਦਾਰੀ ਕਰ ਰਹੇ ਹਨ ਹਰਸਿਮਰਤ ਬਾਦਲ, ਸੋਮ-ਪ੍ਰਕਾਸ਼ ਤੇ ਹਰਦੀਪ ਪੁਰੀ

Punjab missing from Centre's list of flood-affected states : Harpal Singh Cheema

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਪੰਜਾਬ ਨੂੰ ਹੜ੍ਹ, ਪ੍ਰਭਾਵਿਤ ਸੂਚੀ 'ਚੋਂ ਬਾਹਰ ਰੱਖਣ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਕਿ ਅਕਾਲੀ ਦਲ (ਬਾਦਲ) ਦੀ ਭਾਈਵਾਲੀ ਭਾਜਪਾ ਸਰਕਾਰ ਨੇ ਇਕ ਵਾਰ ਫਿਰ ਪੰਜਾਬ ਵਿਰੋਧੀ ਸੋਚ ਦਿਖਾਈ ਹੈ।

ਪਾਰਟੀ ਹੈੱਡਕੁਆਟਰ ਵਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਨਾਲ ਵਿਤਕਰਾ ਕਰਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਮਾਤ ਦੇ ਦਿੱਤੀ ਹੈ। ਚੀਮਾ ਨੇ ਕਿਹਾ ਕਿ ਭਾਜਪਾ ਨੇ ਇਸ ਤੋਂ ਪਹਿਲਾਂ ਪੰਜਾਬ ਨੂੰ ਪਹਾੜੀ ਰਾਜਾਂ ਦੀ ਤਰਜ਼ 'ਤੇ ਵਿਸ਼ੇਸ਼ ਉਦਯੋਗਿਕ ਪੈਕੇਜ ਅਤੇ ਟੈਕਸ ਛੋਟਾਂ ਦੇ ਲਾਭ ਤੋਂ ਬਾਹਰ ਰੱਖ ਕੇ ਸੂਬੇ ਨਾਲ ਧ੍ਰੋਹ ਕਮਾਇਆ ਸੀ ਅਤੇ ਪੰਜਾਬ ਦੀ ਇੰਡਸਟਰੀ ਅਤੇ ਕਾਰੋਬਾਰ ਨੂੰ ਤਬਾਹ ਕਰ ਦਿੱਤਾ ਸੀ, ਉਦੋਂ ਸੁਖਬੀਰ ਸਿੰਘ ਬਾਦਲ ਨੇ ਆਪਣੀ ਉਦਯੋਗਿਕ ਰਾਜ ਮੰਤਰੀ ਦੀ ਕੁਰਸੀ ਲਈ ਸੂਬੇ ਨਾਲ ਗ਼ੱਦਾਰੀ ਕੀਤੀ ਸੀ।

ਚੀਮਾ ਨੇ ਕਿਹਾ ਕਿ ਸੂਬੇ ਨਾਲ ਵਿਤਕਰਾ ਕਰਨ 'ਚ ਕੇਂਦਰ ਦੀਆਂ ਕਾਂਗਰਸੀ ਅਤੇ ਅਕਾਲੀ-ਭਾਜਪਾ ਸਰਕਾਰਾਂ ਨੇ ਇਕ ਦੂਜੇ ਤੋਂ ਵਧ ਕੇ ਨਕਾਰਾਤਮਿਕ ਭੂਮਿਕਾ ਨਿਭਾਈ ਜਦਕਿ ਪੰਜਾਬ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਪੂਰੇ ਦੇਸ਼ ਦਾ ਢਿੱਡ ਭਰਨ ਲਈ ਆਪਣੀਆਂ ਜਾਨਾਂ ਅਤੇ ਸਾਰੇ ਵਸੀਲੇ ਕੁਰਬਾਨ ਕਰਨ 'ਚ ਕੋਈ ਕਮੀ ਨਹੀਂ ਛੱਡੀ। ਪਰੰਤੂ ਕਾਂਗਰਸ ਵਾਂਗ ਭਾਜਪਾ ਦੀ ਪੰਜਾਬ ਦੀ ਦੁਸ਼ਮਣ ਸਾਬਤ ਹੋਈ ਹੈ। ਚੀਮਾ ਨੇ ਕਿਹਾ ਕਿ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਸੂਬੇ ਦੇ ਕਿਸਾਨਾਂ ਨੂੰ ਮਹਾਰਾਸ਼ਟਰ ਅਤੇ ਹੋਰ ਸੂਬਿਆਂ ਵਾਂਗ ਵਿਸ਼ੇਸ਼ ਵਿੱਤੀ ਅਤੇ ਕਰਜ਼ਾ ਮੁਆਫ਼ੀ ਪੈਕੇਜ ਤਾਂ ਕੀ ਦੇਣਾ ਸੀ, ਹੜ੍ਹਾਂ ਨਾਲ ਹੋਈ ਬਰਬਾਦੀ ਲਈ ਵੀ ਮੋਦੀ ਸਰਕਾਰ ਨੇ ਪੰਜਾਬ ਦੀ ਬਾਂਹ ਨਹੀਂ ਫੜੀ। ਚੀਮਾ ਨੇ ਕਿਹਾ ਕਿ ਇਸ ਘੋਰ ਬੇਇਨਸਾਫ਼ੀ ਲਈ ਪੰਜਾਬ ਦੇ ਲੋਕ ਭਾਜਪਾ ਅਤੇ ਬਾਦਲਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ।

ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਬਾਦਲ ਪਰਵਾਰ ਦੀ ਨੂੰਹ ਰਾਣੀ ਹਰਸਿਮਰਤ ਕੌਰ ਬਾਦਲ ਪੰਜਾਬ 'ਤੇ ਗਹਿਰਾਉਂਦੇ ਹਰ ਸੰਕਟ ਮੌਕੇ 'ਖਲਨਾਇਕ' ਸਾਬਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਵਜੀਰੀਆਂ ਨੂੰ 'ਜੁੱਤੀ ਦੀ ਨੋਕ' 'ਤੇ ਰੱਖ ਕੇ ਪੰਜਾਬ ਦੇ ਹਿੱਤ ਡਟਣਾ ਹਰਸਿਮਰਤ ਬਾਦਲ ਦਾ ਪਹਿਲਾ ਫ਼ਰਜ਼ ਬਣਦਾ ਹੈ, ਪਰੰਤੂ ਕੁਰਸੀ ਦੇ ਲਾਲਚ 'ਚ ਹਰਸਿਮਰਤ ਕੌਰ ਬਾਦਲ ਨੇ ਹਮੇਸ਼ਾ, ਚੁੱਪੀ-ਸਾਧੀ ਅਤੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ। ਇਸੇ ਤਰ੍ਹਾਂ ਦੀ ਗ਼ੱਦਾਰੀ ਖ਼ੁਦ ਨੂੰ ਪੰਜਾਬ ਦੇ ਨੁਮਾਇੰਦੇ ਦੱਸਣ ਵਾਲੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਹਰਦੀਪ ਸਿੰਘ ਪੁਰੀ ਨੇ ਕੀਤੀ ਹੈ।