'ਜਥੇਦਾਰ' ਦੇ ਬਿਆਨ 'ਤੇ ਬੋਲੇ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਅਸੀਂ ਜੋ ਪ੍ਰਚਾਰ ਕੀਤਾ ਉਹ ਗੁਰਬਾਣੀ ਅਨੁਸਾਰ ਹੀ ਕੀਤਾ'

Bhai Ranjit Singh Ji Dhadrianwale

ਭਵਾਨੀਗੜ੍ਹ: ਗੁਰਦੁਆਰਾ ਪ੍ਰਮੇਸ਼ਰ ਦੁਆਰ ਸੇਖੂਪੁਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਖ਼ਾਲਸਾ ਢਡਰੀਆਂ ਵਾਲਿਆਂ ਨੇ ਅੱਜ ਅਕਾਲ ਤਖ਼ਤ ਸਾਹਿਬ ਵਲੋਂ ਆਏ ਫ਼ੈਸਲੇ ਦੀ ਨਿਖੇਧੀ ਕਰਦਿਆਂ ਆਖਿਆ ਕਿ ਜਥੇਦਾਰ ਵਲੋਂ ਸੰਦੇਸ਼ ਦਿਤਾ ਗਿਆ ਹੈ।

ਸਿੱਖ ਸੰਗਤਾਂ ਸਾਡੇ ਪ੍ਰੋਗਰਾਮ ਨਾ ਦੇਖਣ, ਢਡਰੀਆਂ ਵਾਲਿਆਂ ਦੇ ਕਿਤੇ ਵੀ ਦੀਵਾਨ ਨਾ ਲਗਾਏ ਜਾਣ, ਜੇਕਰ ਕਿਤੇ ਢਡਰੀਆਂ ਵਾਲਿਆਂ ਦੇ ਪ੍ਰੋਗਰਾਮ ਹੁੰਦੇ ਹਨ ਤਾਂ ਉਸ ਦੇ ਨੁਕਸਾਨ ਦੀ ਜ਼ਿੰਮੇਵਾਰ ਉਥੋਂ ਦੀ ਕਮੇਟੀ ਹੋਵੇਗੀ। ਸਾਡੀਆਂ ਵੀਡੀਉ ਸ਼ੇਅਰ ਕਰਨ ਅਤੇ ਸੁਣਨ ਤੇ ਪਾਬੰਦੀ ਇਸ ਲਈ ਲਗਾਈ ਹੈ ਕਿ ਉਸ ਵਿਚ ਜੋ ਲੋਕਾਂ ਨੂੰ ਦਸਣਾ ਚਾਹੀਦਾ ਹੈ ਉਸ ਨੂੰ ਇਨ੍ਹਾਂ ਵਲੋਂ ਛੁਪਾਇਆ ਗਿਆ ਹੈ।

ਉਨ੍ਹਾਂ ਆਖਿਆ ਕਿ ਜਿਹੜੇ ਮੇਰੇ ਵਿਰੁਧ ਬੋਲਦੇ ਹਨ ਉਹ ਮੇਰੀਆਂ ਗ਼ਲਤੀਆਂ ਸਿੱਧ ਕਰ ਕੇ ਦਿਖਾਉਣ ਕਿ ਮੈਂ ਕਿਥੇ ਗ਼ਲਤ ਬੋਲਿਆਂ ਹਾਂ। ਜੋ ਲੋਕ ਮੈਨੂੰ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਲਈ ਕਹਿ ਰਹੇ ਹਨ ਮੇਰੀ ਉਨ੍ਹਾਂ ਨੂੰ ਅਪੀਲ ਹੈ ਕਿ ਮੇਰੇ ਵਿਰੁਧ ਸਬੂਤ ਪੇਸ਼ ਕੀਤੇ ਜਾਣ।

ਉਨ੍ਹਾਂ ਆਖਿਆ,''ਮੈਂ ਚੈਨਲ 'ਤੇ ਬੈਠ ਕੇ ਵਿਚਾਰ ਕਰਨ ਲਈ ਤਿਆਰ ਹਾਂ, ਮੇਰੀਆਂ ਸੀਡੀਆਂ ਇਕੱਠੀਆਂ ਕਰ ਲੈਣ ਫਿਰ ਮੇਰੇ ਵਿਚ ਗ਼ਲਤੀ ਕੱਢਣ, ਜੇਕਰ ਮੈਂ ਠੋਸ ਜਵਾਬ ਨਾ ਦੇ ਸਕਿਆ ਤਾਂ ਮੈਂ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ।

ਮੈਂ ਅਕਾਲ ਤਖ਼ਤ ਸਾਹਿਬ ਦੇ ਨਾਲ ਨਾਲ 'ਜਥੇਦਾਰ' ਅੱਗੇ ਵੀ ਸੀਸ ਝੁਕਾਉਣ ਲਈ ਤਿਆਰ ਹਾਂ।'' ਉਨ੍ਹਾਂ ਆਖਿਆ,''ਮੈਂ ਅਕਾਲ ਤਖ਼ਤ ਸਾਹਿਬ ਤੇ ਆ ਕੇ ਭਾਂਡੇ ਮਾਂਜਣ ਅਤੇ ਸਾਰੀ ਉਮਰ ਲਈ ਪ੍ਰਚਾਰ ਬੰਦ ਕਰਨ ਲਈ ਵੀ ਤਿਆਰ ਹਾਂ।'' ਉਨ੍ਹਾਂ ਆਖਿਆ,''ਮੈਂ ਗੁਰੂਆਂ ਅਤੇ ਧਾਰਮਕ ਅਸਥਾਨਾਂ ਪ੍ਰਤੀ ਕਦੇ ਵੀ ਕੋਈ ਗ਼ਲਤ ਟਿਪਣੀ ਨਹੀਂ ਕੀਤੀ, ਮੇਰੇ ਵਿਰੁਧ ਝੂਠ ਦਾ ਪੁਲੰਦਾ ਤਿਆਰ ਕਰ ਕੇ ਪੇਸ਼ ਕੀਤਾ ਗਿਆ ਹੈ।''