ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ਼ ਤੇ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਵੀ ਕਰੋਨਾ ਰਿਪੋਰਟ ਆਈ ਪਾਜ਼ੇਟਿਵ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਤਰੀਆਂ, ਵਿਧਾਇਕਾਂ ਸਮੇਤ ਸਿਆਸੀ ਆਗੂਆਂ ਦੇ ਕਰੋਨਾ ਟੈਸਟ ਕਰਨ ਦਾ ਸਿਲਸਿਲਾ ਜਾਰੀ

MLA Hardial Singh Kamboj

ਚੰਡੀਗੜ੍ਹ :  ਪੰਜਾਬ ਅੰਦਰ ਕਰੋਨਾ ਕੇਸਾਂ 'ਚ ਵਾਧਾ ਲਗਾਤਾਰ ਜਾਰੀ ਹੈ। ਸਰਕਾਰ ਵਲੋਂ ਵੱਡੀ ਪੱਧਰ 'ਤੇ ਟੈਸਟ ਕਰਵਾਉਣ ਤੋਂ ਇਲਾਵਾ ਵੀਐਂਡ 'ਤੇ ਪਾਬੰਦੀਆਂ ਲਗਾ ਕੇ ਮਹਾਮਾਰੀ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਹਾਲ ਦੀ ਘੜੀ ਕੋਈ ਰਾਹਤ ਮਿਲਦੀ ਵਿਖਾਈ ਨਹੀਂ ਦੇ ਰਹੀ। ਕਈ ਵਿਧਾਇਕਾਂ ਅਤੇ ਮੰਤਰੀਆਂ ਤੋਂ ਇਲਾਵਾ ਸੀਨੀਅਰ ਅਧਿਕਾਰੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ।

ਇਸੇ ਦੌਰਾਨ ਰਾਜਪੁਰਾ ਤੋਂ ਕਾਂਗਰਸ ਦੇ ਵਿਧਾਇਕ ਹਰਦਿਆਲ ਕੰਬੋਜ਼ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਕੋਰੋਨਾ ਵਾਇਰਸ ਨਾਲ ਪੌਜ਼ੇਟਿਵ ਪਾਏ ਗਏ ਹਨ। ਮੰਤਰੀ ਸੁੰਦਰ ਸਾਮ ਅਰੋੜਾ ਨੇ ਖੁਦ ਨੂੰ ਅਪਣੇ ਚੰਡੀਗੜ੍ਹ ਸਥਿਤ ਘਰ 'ਚ ਇਕਾਂਤਵਾਸ ਕਰ ਲਿਆ ਹੈ। ਉਨ੍ਹਾਂ ਅਪਣੇ ਸੰਪਰਕ 'ਚ ਆਏ ਲੋਕਾਂ ਨੂੰ ਅਪਣੇ ਕਰੋਨਾ ਟੈਸਟ ਕਰਵਾਉਣ ਦੇ ਨਾਲ-ਨਾਲ ਖੁਦ ਨੂੰ ਦੂਜਿਆਂ ਦੇ ਸੰਪਰਕ 'ਚ ਆਉਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿਤੀ ਹੈ। ਇਸ ਸਬੰਧੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਜ਼ਰੀਏ ਸਾਂਝੀ ਕੀਤੀ ਹੈ।

ਇਸ ਤੋਂ ਇਲਾਵਾ ਅਕਾਲੀ ਦਲ ਦੇ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਦੀ ਕਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਉਹ ਹਰਿਆਣਾ ਦੇ ਭਾਜਪਾ ਵਿਧਾਇਕ ਅਸੀਮ ਗੋਇਲ ਦੇ ਸੰਪਰਕ 'ਚ ਆਏ ਸਨ ਜਿਨ੍ਹਾਂ ਦੀ ਕਰੋਨਾ ਰਿਪੋਰਟ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੀ ਹੈ। ਹਰਿੰਦਰਪਾਲ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਬੇਟੇ ਹਨ।

ਇਸੇ ਦੌਰਾਨ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਇਲਾਵਾ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਸਮੇਤ ਹਰਿਆਣਾ ਵਿਧਾਨ ਸਭਾ ਨਾਲ ਸਬੰਧਤ 6 ਕਰਮਚਾਰੀਆਂ ਦੀ ਰੀਪੋਰਟ ਵੀ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ।

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਅਪਣਾ ਕਰੋਨਾ ਟੈਸਟ ਲਈ ਸੈਂਪਲ ਦਿਤਾ ਹੈ। 28 ਅਗੱਸਤ ਨੂੰ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਮੈਂਬਰਾਂ ਦੇ ਟੈਸਟ ਲਾਜ਼ਮੀ ਕੀਤੇ ਜਾਣ ਬਾਅਦ ਵਿਧਾਇਕਾਂ ਸਮੇਤ ਕਈ ਪੱਤਰਕਾਰਾਂ ਦੇ ਵੀ ਕਰੋਨਾ ਟੈਸਟ ਕੀਤੇ  ਜਾ ਰਹੇ ਹਨ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁੰਦਰ ਸ਼ਾਮ ਅਰੋੜ ਅਤੇ ਵਿਧਾਇਕ ਹਰਦਿਆਲ ਕੰਬੋਜ਼ ਦੀ ਕਰੋਨਾ ਰਿਪੋਰਟ ਪੌਜ਼ੇਟਿਵ ਆਉਣ ਬਾਅਦ ਟਵੀਟ ਕਰ ਕੇ ਇਨ੍ਹਾਂ ਆਗੂਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ।
Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।