ਰਾਹੁਲ ਨੇ ਮੈਨੂੰ ਨਿਜੀ ਤੌਰ 'ਤੇ ਦਸਿਆ ਕਿ ਉਨ੍ਹਾਂ 'ਮਿਲੀਭੁਗਤ' ਵਾਲੀ ਗੱਲ ਨਹੀਂ ਕੀਤੀ : ਸਿੱਬਲ
ਰਾਹੁਲ ਨੇ ਮੈਨੂੰ ਨਿਜੀ ਤੌਰ 'ਤੇ ਦਸਿਆ ਕਿ ਉਨ੍ਹਾਂ 'ਮਿਲੀਭੁਗਤ' ਵਾਲੀ ਗੱਲ ਨਹੀਂ ਕੀਤੀ : ਸਿੱਬਲ
ਨਵੀਂ ਦਿੱਲੀ, 24 ਅਗੱਸਤ : ਕਾਂਗਰਸ ਆਗੂ ਕਪਿਲ ਸਿੱਬਲ ਨੇ ਰਾਹੁਲ ਗਾਂਧੀ ਦੀ ਕਥਿਤ ਟਿਪਣੀ ਬਾਰੇ ਛਿੜੇ ਵਿਵਾਦ ਮਗਰੋਂ ਕਿਹਾ ਕਿ ਸਾਬਕਾ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਨੂੰ ਖ਼ੁਦ ਦਸਿਆ ਕਿ ਉਨ੍ਹਾਂ ਦੇ ਹਵਾਲੇ ਨਾਲ ਜੋ ਕਿਹਾ ਗਿਆ ਹੈ, ਉਹ ਸਹੀ ਨਹੀਂ ਅਤੇ ਉਹ (ਸਿੱਬਲ) ਅਪਣੀ ਪਹਿਲਾਂ ਵਾਲੀ ਟਵਿਟਰ ਟਿਪਣੀ ਵਾਪਸ ਲੈਂਦੇ ਹਨ।
ਸਿੱਬਲ ਨੇ ਟਵਿਟਰ 'ਤੇ ਕਿਹਾ, 'ਰਾਹੁਲ ਨੇ ਨਿਜੀ ਤੌਰ 'ਤੇ ਮੈਨੂੰ ਦਸਿਆ ਕਿ ਉਨ੍ਹਾਂ ਉਹ ਕਦੇ ਨਹੀਂ ਕਿਹਾ ਸੀ ਜੋ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ।' ਇਸ ਤੋਂ ਪਹਿਲਾਂ ਸਿੱਬਲ ਨੇ ਕਾਰਜਕਾਰਣੀ ਦੀ ਬੈਠਕ ਵਿਚ ਰਾਹੁਲ ਦੀ ਕਥਿਤ ਟਿਪਣੀ ਬਾਰੇ ਉਨ੍ਹਾਂ 'ਤੇ ਵਿਅੰਗ ਕਸਦਿਆਂ ਕਿਹਾ ਸੀ ਕਿ ਉਨ੍ਹਾਂ ਪਿਛਲੇ 30 ਸਾਲਾਂ ਵਿਚ ਭਾਜਪਾ ਦੇ ਹੱਕ ਵਿਚ ਕੋਈ ਬਿਆਨ ਨਹੀਂ ਦਿਤਾ, ਇਸ ਦੇ ਬਾਵਜੂਦ 'ਅਸੀਂ ਭਾਜਪਾ ਨਾਲ ਮਿਲੀਭੁਗਤ ਕਰ ਰਹੇ ਹਾਂ।' ਉਨ੍ਹਾਂ ਕਿਹਾ, 'ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਅਸੀਂ ਭਾਜਪਾ ਨਾਲ ਮਿਲੇ ਹੋਏ ਹਾਂ।' ਸਿੱਬਲ ਦੀ ਇਸ ਟਿਪਣੀ 'ਤੇ ਵਿਵਾਦ ਖੜਾ ਹੋ ਗਿਆ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ 'ਮਿਲੀਭੁਗਤ' ਵਾਲੀ ਕੋਈ ਟਿਪਣੀ ਨਹੀਂ ਕੀਤੀ। ਊਨ੍ਹਾਂ ਕਿਹਾ, 'ਕਿਰਪਾ ਕਰ ਕੇ ਗ਼ਲਤ ਸੂਚਨਾ ਨਾ ਫੈਲਾਉ। ਇਕ ਦੂਜੇ ਨਾਲ ਲੜਨ ਦੀ ਬਜਾਏ ਮੋਦੀ ਸਰਕਾਰ ਨਾਲ ਲੜਨ ਅਤੇ ਮਿਲ ਕੇ ਕੰਮ ਕਰਨ ਦੀ ਲੋੜ ਹੈ।' (ਏਜੰਸੀ)