ਰਾਜਸਥਾਨ ਵਿਚ ਬਸਪਾ ਵਿਧਾਇਕਾਂ ਦੇ ਕਾਂਗਰਸ ਵਿਚ ਰਲੇਵੇਂ ਵਿਰੁਧ ਪਟੀਸ਼ਨ ਦਾ ਨਿਬੇੜਾ

ਏਜੰਸੀ

ਖ਼ਬਰਾਂ, ਪੰਜਾਬ

ਰਾਜਸਥਾਨ ਵਿਚ ਬਸਪਾ ਵਿਧਾਇਕਾਂ ਦੇ ਕਾਂਗਰਸ ਵਿਚ ਰਲੇਵੇਂ ਵਿਰੁਧ ਪਟੀਸ਼ਨ ਦਾ ਨਿਬੇੜਾ

image

ਨਵੀਂ ਦਿੱਲੀ, 24 ਅਗੱਸਤ : ਸੁਪਰੀਮ ਕੋਰਟ ਨੇ ਰਾਜਸਥਾਨ ਵਿਚ ਬਸਪਾ ਦੇ ਛੇ ਵਿਧਾਇਕਾਂ ਦੇ ਕਾਂਗਰਸ ਵਿਧਾਇਕ ਵਜੋਂ ਕੰਮ ਕਰਨ ਦੀ ਇਜਾਜ਼ਤ ਦੇਣ ਦੇ ਵਿਧਾਨ ਸਭਾ ਸਪੀਕਰ ਦੇ ਫ਼ੈਸਲੇ 'ਤੇ ਰੋਕ ਲਈ ਭਾਜਪਾ ਵਿਧਾਇਕ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿਤਾ। ਸਿਖਰਲੀ ਅਦਾਲਤ ਨੇ ਰਾਜਸਥਾਨ ਹਾਈ ਕੋਰਟ ਦੇ ਹੁਕਮ ਨੂੰ ਵੇਖਦਿਆਂ ਭਾਜਪਾ ਵਿਧਾਇਕ ਦੀ ਪਟੀਸ਼ਨ ਨੂੰ ਹੁਣ ਫ਼ਜ਼ੂਲ ਮੰਨਦਿਆਂ ਇਸ ਦਾ ਨਿਪਟਾਰਾ ਕਰ ਦਿਤਾ। ਜੱਜ ਅਰੁਣ ਮਿਸ਼ਰਾ, ਜੱਜ ਵਿਨੀਤ ਸਰਨ ਅਤੇ ਜੱਜ ਐਮ ਆਰ ਸ਼ਾਹ ਦੇ ਬੈਂਚ ਨੇ ਵੀਡੀਉ ਕਾਨਫ਼ਰੰਸ ਜ਼ਰੀਏ ਵਕੀਲ ਕਪਿਲ ਸਿੱਬਲ ਨੂੰ ਦਸਿਆ ਕਿ ਹਾਈ ਕੋਰਟ ਨੇ ਸੋਮਵਾਰ ਨੂੰ ਭਾਜਪਾ ਵਿਧਾਇਕ ਮਦਨ ਦਿਲਾਵਰ ਦੀ ਪਟੀਸ਼ਨ 'ਤੇ ਹੁਕਮ ਪਾਸ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਵਿਧਾਨ ਸਭਾ ਸਪੀਕਰ ਨੂੰ ਕਿਹਾ ਹੈ ਕਿ ਬਸਪਾ ਵਿਧਾਇਕਾਂ ਦੇ ਕਾਂਗਰਸ ਵਿਚ ਰਲੇਵੇਂ ਵਿਰੁਧ ਪਟੀਸ਼ਨ 'ਤੇ ਉਸ ਦੇ ਗੁਣ-ਦੋਸ਼ ਦੇ ਆਧਾਰ 'ਤੇ ਫ਼ੈਸਲਾ ਕੀਤਾ ਜਾਵੇ। ਸਪੀਕਰ ਵਲੋਂ ਪੇਸ਼ ਵਕੀਲ ਸਿੱਬਲ ਨੇ ਕਿਹਾ ਕਿ ਹਾਈ ਕੋਰਟ ਨੇ ਵਿਧਾਨ ਸਭਾ ਸਪੀਕਰ ਨੂੰ ਤਿੰਨ ਮਹੀਨਿਆਂ ਅੰਦਰ ਮਾਮਲੇ ਬਾਰੇ ਫ਼ੈਸਲਾ ਕਰਨ ਲਈ ਕਿਹਾ ਹੈ। ਅਦਾਲਤ ਨੇ 17 ਅਗੱਸਤ ਨੂੰ ਮਾਮਲੇ ਦੀ ਸੁਣਵਾਈ 24 ਅਗੱਸਤ ਲਈ ਸੂਚੀਬੱਧ ਕੀਤੀ ਸੀ ਕਿਉਂਕਿ ਹਾਈ ਕੋਰਟ ਸਾਰੇ ਮਾਮਲੇ 'ਤੇ ਵਿਚਾਰ ਕਰ ਰਹੀ ਸੀ। ਅਦਾਲਤ ਨੂੰ ਦਸਿਆ ਗਿਆ ਸੀ ਕਿ ਰਾਜਸੀ ਪੱਖੋਂ ਸੰਵੇਦਨਸ਼ੀਲ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਰਾਜਸਥਾਨ ਹਾਈ ਕੋਰਟ ਬੁਧਵਾਰ ਤਕ ਬੰਦ ਹੈ।                 (ਏਜੰਸੀ)