ਜੰਗਲਾਤ ਮੰਤਰੀ ਵਲੋਂ 71ਵੇਂ ਵਣ ਮਹਾਂਉਤਸਵ ਮੌਕੇ ਕਈ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ

ਏਜੰਸੀ

ਖ਼ਬਰਾਂ, ਪੰਜਾਬ

ਜੰਗਲਾਤ ਮੰਤਰੀ ਵਲੋਂ 71ਵੇਂ ਵਣ ਮਹਾਂਉਤਸਵ ਮੌਕੇ ਕਈ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ

image

ਚੰਡੀਗੜ੍ਹ, 24 ਅਗੱਸਤ (ਭੁੱਲਰ) : ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ 71ਵੇਂ ਸੂਬਾ ਪਧਰੀ ਵਣ ਮਹਾਂਉਤਸਵ ਮੌਕੇ ਲੋਕਾਂ ਨੂੰ ਸਮਰਪਤ ਕਈ ਹੋਰ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ, ਜਿਸ ਵਿਚ ਧਰਤੀ ’ਤੇ ਵਾਤਾਵਰਣ ਸੰਤੁਲਨ ਬਣਾਈ ਰੱਖਣ ਦੇ ਮੱਦੇਨਜ਼ਰ ਜੰਗਲਾਂ ਅਤੇ ਵਾਤਾਵਰਣ ਵਿਚਲੇ ਮਹੱਤਵਪੂਰਣ ਸਬੰਧ ’ਤੇ ਜ਼ੋਰ ਦਿਤਾ ਗਿਆ।
ਸ੍ਰੀ ਧਰਮਸੋਤ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜੰਗਲਾਤ ਅਧੀਨ ਖੇਤਰ ਨੂੰ ਘਟਾਉਣ ਅਤੇ ਖੇਤੀਬਾੜੀ ਅਧੀਨ ਰਕਬੇ ਵਿਚ ਵਾਧੇ ਦੇ ਨਤੀਜੇ ਵਜੋਂ ਸੂਬੇ ਵਿਚ ਧਰਤੀ ਹੇਠਲਾ ਪਾਣੀ ਘਟਦਾ ਜਾ ਰਿਹਾ ਹੈ ਅਤੇ ਵਿਕਾਸ ਸਬੰਧੀ ਗਤੀਵਿਧੀਆਂ ਹਵਾ ਤੇ ਪਾਣੀ ਪ੍ਰਦੂਸ਼ਣ ਅਤੇ ਜਲਵਾਯੂ ਤਬਦੀਲੀ ਦਾ ਕਾਰਨ ਬਣ ਰਹੀਆਂ ਹਨ। 
ਸ. ਧਰਮਸੋਤ ਨੇ ਕਿਹਾ ਕਿ ਪਹਿਲਾ ਵਣ ਮਹਾਂਉਤਸਵ ਸਾਲ 1950 ਵਿਚ ਮਨਾਇਆ ਗਿਆ ਸੀ, ਜਦਕਿ ਪੰਜਾਬ ਵਿਚ ਅਜੇ ਵੀ ਜੰਗਲਾਂ ਅਧੀਨ ਰਕਬਾ ਘੱਟ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਸਾਲ 2030 ਤਕ ਜੰਗਲ ਅਧੀਨ ਰਕਬੇ ਨੂੰ 6.83 ਫ਼ੀਸਦ ਤੋਂ 7.5 ਫ਼ੀਸਦ ਤਕ ਵਧਾਉਣ ਦੀ ਯੋਜਨਾ ਬਣਾਈ ਹੈ। ਸਾਲ 2019 ਦੀ ਸੈਟੇਲਾਈਟ ਰੀਪੋਰਟ ਅਨੁਸਾਰ, ਸੂਬੇ ਵਿਚ ਜੰਗਲ ਅਧੀਨ ਰਕਬੇ ਵਿਚ 11.63 ਵਰਗ ਕਿਲੋਮੀਟਰ ਦਾ ਵਾਧਾ ਹੋਇਆ ਹੈ।
ਇਸ ਮੌਕੇ ਜੰਗਲਾਤ ਮੰਤਰੀ ਨੇ ਵੱਖ-ਵੱਖ ਸਰਕਾਰੀ ਏਜੰਸੀਆਂ ਜਿਵੇਂ ਡੀਸੀਜ਼/ ਡੀਐਫਓਜ਼/ਪੈਰਾ ਮਿਲਟਰੀ ਫੋਰਸਿਜ਼/ਸਕੂਲਾਂ ਅਤੇ ਹੋਰ ਭਾਈਵਾਲਾਂ ਜਿਵੇਂ ਐਨਜੀਓਜ਼ ਆਦਿ ਦੇ ਸਹਿਯੋਗ ਨਾਲ ਇਕ ਕਰੋੜ ਤੋਂ ਵੱਧ ਪੌਦੇ ਲਗਾਉਣ ਲਈ ਸੂਬਾ ਪਧਰੀ ਵਿਆਪਕ ਮੁਹਿੰਮ ਸ਼ੁਰੂ ਕੀਤੀ। 
ਇਸ ਤੋਂ ਇਲਾਵਾ ਸੂਬੇ ਦੇ ਨਾਗਰਿਕਾਂ ਨੂੰ ਰੁੱਖਾਂ ਅਤੇ ਜੰਗਲਾਂ ਦੀ ਸੁਰੱਖਿਆ ਵਿਚ ਸਹਿਯੋਗ ਦੇ ਸਮਰੱਥ ਬਣਾਉਣ ਲਈ ਆਈ-ਰਖਵਾਲੀ ਮੋਬਾਈਲ ਐਪਲੀਕੇਸ਼ਨ ਸ਼ੁਰੂ ਕੀਤੀ ਜਿਸ ਜ਼ਰੀਏ ਲੋਕ ਜੰਗਲਾਂ ਨਾਲ ਜੁੜੇ ਅਪਰਾਧਾਂ ਸਬੰਧੀ ਸ਼ਿਕਾਇਤਾਂ ਸਿੱਧੇ ਸਬੰਧਤ ਅਧਿਕਾਰੀਆਂ ਕੋਲ ਭੇਜਣ ਦੇ ਯੋਗ ਹੋ ਜਾਣਗੇ। 
ਪ੍ਰਾਜੈਕਟਾਂ ਵਿਚ ਸੂਬੇ ਦੇ ਸੱਭ ਤੋਂ ਪੁਰਾਣੇ ਦਰੱਖ਼ਤਾਂ ਦੀ ਸੁਰੱਖਿਆ ਲਈ ਇਕ ਨਵੀਂ ਯੋਜਨਾ ਵਿਰਾਸਤ-ਏ-ਦਰੱਖ਼ਤ ਯੋਜਨਾ ਸ਼ੁਰੂ ਕੀਤੀ ਜਿਸ ਤਹਿਤ ਪੁਰਾਣੇ ਦਰਖਤਾਂ ਨੂੰ ਵਿਰਾਸਤੀ ਦਰਖਤਾਂ ਦਾ ਦਰਜਾ ਦਿਤਾ ਜਾਵੇਗਾ। ਇਹ ਰੁੱਖਾਂ ਅਤੇ ਜੰਗਲਾਂ ਦੀ ਸੁਰੱਖਿਆ ਬਾਰੇ ਨਾਗਰਿਕਾਂ ਨੂੰ ਜਾਗਰੂਕ ਕਰਨ ਵਿਚ ਸਹਾਈ ਹੋਵੇਗਾ। 
ਇਸ ਦੇ ਨਾਲ ਹੀ  ਰੇਸ਼ਮ ਉਤਪਾਦਨ ਸਬੰਧੀ ਪ੍ਰਮੁੱਖ ਪ੍ਰਾਜੈਕਟ ਦੀ ਸੁਰੂਆਤ ਕੀਤੀ ਗਈ ਜਿਸ ਤਹਿਤ ਪਠਾਨਕੋਟ ਵਿਚ 6 ਪਿੰਡਾਂ ਦੇ ਲਾਭਪਾਤਰੀਆਂ ਨੂੰ ਸਾਮਲ ਕਰ ਕੇ ਰੇਸ਼ਮ ਦੇ ਕੀੜੇ ਪਾਲਣ ਲਈ 46 ਘਰ ਅਤੇ ਸ਼ਹਿਤੂਤ ਦੇ 37500 ਪੌਦੇ ਲਗਾਏ ਜਾਣਗੇ ਜਿਸ ਨਾਲ 116 ਲਾਭਪਾਤਰੀਆਂ ਨੂੰ ਲਾਭ ਮਿਲੇਗਾ।
ਸ. ਧਰਮਸੋਤ ਨੇ ਸਿਸਵਾਂ ਵਿਖੇ ਕੁਦਰਤ ਪ੍ਰਤੀ ਜਾਗਰੂਕਤਾ ਕੈਂਪ ਦਾ ਉਦਘਾਟਨ ਵੀ ਕੀਤਾ ਜਿਸ ਤਹਿਤ ਸੂਬੇ ਦੇ ਲੋਕਾਂ ਨੂੰ ਕੁਦਰਤ ਪ੍ਰਤੀ ਜਾਗਰੂਕ ਕਰਨ ਲਈ ਟੈਂਟ ਰਿਹਾਇਸ਼ ਸਹੂਲਤ (3 ਟੈਂਟ) ਸਥਾਪਤ ਕੀਤੀ ਗਈ। ਇਸ ਸਹੂਲਤ ਵਿਚ ਬੋਟਿੰਗ, ਈਕੋ ਟ੍ਰੇਲਸ, ਪੰਛੀ ਦੇਖਣਾ, ਟ੍ਰੈਕਿੰਗ ਅਤੇ ਸਾਈਕਲਿੰਗ ਰਾਹੀਂ ਕੁਦਰਤ ਨਾਲ ਰੂ-ਬ-ਰੂ ਕਰਵਾਉਣਾ 
ਸ਼ਾਮਲ ਹੈ।