ਚਾਰ ਮੰਤਰੀਆਂ ਤੇ ਸਿੱਧੂ-ਪੱਖੀ ਵਿਧਾਇਕਾਂ ਨੇ ਅਪਣੇ ਹੀ ਮੁੱਖ ਮੰਤਰੀ ਵਿਰੁਧ ਕੀਤੀ ਬਗ਼ਾਵਤ

ਏਜੰਸੀ

ਖ਼ਬਰਾਂ, ਪੰਜਾਬ

ਚਾਰ ਮੰਤਰੀਆਂ ਤੇ ਸਿੱਧੂ-ਪੱਖੀ ਵਿਧਾਇਕਾਂ ਨੇ ਅਪਣੇ ਹੀ ਮੁੱਖ ਮੰਤਰੀ ਵਿਰੁਧ ਕੀਤੀ ਬਗ਼ਾਵਤ

image


ਤਿ੍ਪਤ ਬਾਜਵਾ ਦੀ ਰਿਹਾਇਸ਼ 'ਤੇ ਮੀਟਿੰਗ ਕਰ ਕੇ ਮੁੱਖ ਮੰਤਰੀ ਨੂੰ  ਬਦਲਣ ਦੀ ਮੰਗੀ ਉਠਾਈ, ਹਾਈਕਮਾਨ ਤੋਂ ਮਿਲਣ ਦਾ ਸਮਾਂ ਮੰਗਿਆ

ਚੰਡੀਗੜ੍ਹ, 24 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰਾਂ ਦੇ ਵਿਵਾਦਤ ਬਿਆਨਾਂ ਅਤੇ ਮੰਤਰੀ ਮੰਡਲ ਵਿਚ ਫੇਰਬਦਲ ਕਰ ਕੇ ਕੁੱਝ ਮੰਤਰੀਆਂ ਦੀ ਛੁੱਟੀ ਕੀਤੇ ਜਾਣ ਦੀ ਚਰਚਾ ਦੇ ਚਲਦੇ ਪੰਜਾਬ ਕਾਂਗਰਸ ਵਿਚ ਵੱਡੀ ਬਗ਼ਾਵਤ ਹੋ ਗਈ ਹੈ | ਚਾਰ ਸੀਨੀਅਰ ਮੰਤਰੀਆਂ ਅਤੇ ਵੱਡੀ ਗਿਣਤੀ ਵਿਚ ਵਿਧਾਇਕਾਂ ਵਲੋਂ ਅਚਾਨਕ ਹੀ ਇਕ ਮੀਟਿੰਗ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁਧ ਖੁਲ੍ਹੀ ਜੰਗ ਛੇੜ ਦਿਤੀ ਹੈ | 
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ  ਹਟਾ ਕੇ ਕਿਸੇ ਹੋਰ ਨੂੰ  ਮੁੱਖ ਮੰਤਰੀ ਬਣਾਉਣ ਲਈ ਪਾਰਟੀ ਹਾਈਕਮਾਨ ਤੋਂ ਮੰਗ ਕੀਤੀ ਹੈ | ਇਸ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੋਂ ਮਿਲਣ ਦਾ ਸਮਾਂ ਮੰਗਿਆ ਗਿਆ ਹੈ | ਹਾਈਕਮਾਨ ਨਾਲ ਗੱਲਬਾਤ ਕਰਨ ਲਈ ਪੰਜ ਮੈਂਬਰੀ ਵਫ਼ਦ ਦੀ ਚੋਣ ਕੀਤੀ ਗਈ ਹੈ | ਇਸ ਵਿਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤਿ੍ਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖ ਸਰਕਾਰੀਆ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਪ੍ਰਗਟ ਸਿੰਘ ਸ਼ਾਮਲ ਹਨ | ਇਹ ਪੰਜੇ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ 'ਤੇ ਚਲੀ ਚਾਰ ਘੰਟੇ ਲੰਮੀ ਮੀਟਿੰਗ ਵਿਚ ਮੌਜੂਦ ਸਨ | ਇਸ ਤੋਂ ਇਲਾਵਾ 32 ਤੋਂ ਵੱਧ ਵਿਧਾਇਕਾਂ ਦੇ ਵੀ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਹੈ, ਭਾਵੇਂ ਕਿ ਬਹੁਤੇ ਵਿਧਾਇਕ ਮੀਡੀਆ ਦੇ ਸਾਹਮਣੇ ਨਹੀਂ ਆਏ | 
ਪੰਜ ਮੈਂਬਰੀ ਵਫ਼ਦ ਅੱਜ ਹੀ ਦਿੱਲੀ ਵੱਲ ਰਵਾਨਾ ਹੋਇਆ ਹੈ ਤੇ ਦਿੱਲੀ 
ਜਾਣ ਤੋਂ ਪਹਿਲਾਂ ਦੇਹਰਾਦੂਨ ਹੋ ਕੇ ਜਾਵੇਗਾ | 

ਇਥੇ ਪਾਰਟੀ ਇੰਚਾਰਜ ਹਰੀਸ਼ ਰਾਵਤ ਨਾਲ ਮੀਟਿੰਗ ਦਾ ਸਮਾਂ ਤੈਅ ਹੋਇਆ ਹੈ | ਪਤਾ ਲੱਗਾ ਹੈ ਕਿ ਅੱਜ ਹੋਈ ਮੀਟਿੰਗ ਵਿਚ ਪਾਰਟੀ ਹਾਈਕਮਾਨ ਦੇ 18 ਨੁਕਾਤੀ ਏਜੰਡੇ ਉਪਰ ਮੁੱਖ ਤੌਰ 'ਤੇ ਚਰਚਾ ਕਰਨ ਤੋਂ ਇਲਾਵਾ ਰਾਜ ਦੀ ਮੌਜੂਦਾ ਰਾਜਨੀਤਕ ਸਥਿਤੀ ਵਿਚ ਹੋਰਨਾਂ ਪਾਰਟੀਆਂ ਦੀਆਂ ਸਰਗਰਮੀਆਂ ਤੇ ਵਿਚਾਰ ਕੀਤਾ ਗਿਆ | ਮੀਟਿੰਗ ਵਿਚ ਸ਼ਾਮਲ ਮੈਂਬਰਾਂ ਦਾ ਵਿਚਾਰ ਸੀ ਕਿ 18 ਨੁਕਾਤੀ ਏਜੰਡੇ 'ਤੇ ਮਹਿਜ਼ ਦਿਖਾਵੇ ਲਈ ਕੰਮ ਹੋ ਰਿਹਾ ਹੈ ਪਰ ਅਮਲੀ ਰੂਪ ਵਿਚ ਸਰਕਾਰ ਵਲੋਂ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ | ਪੰਜਾਬ ਕਾਂਗਰਸ ਵਲੋਂ ਮੁੱਖ ਮੰਤਰੀ ਨੂੰ  ਦਿਤੇ ਪੰਜ ਨੁਕਾਤੀ ਮੰਗ ਪੱਤਰ ਦੇ ਨੁਕਤਿਆਂ ਉਪਰ ਵੀ ਬਹੁਤੀ ਕਾਰਵਾਈ ਨਹੀਂ ਹੋਈ, ਜਦਕਿ ਚੋਣਾਂ ਸਿਰ 'ਤੇ ਆ ਰਹੀਆਂ ਹਨ | ਪੰਜਾਬ ਵਿਚ ਹੋਰ ਪਾਰਟੀਆਂ ਦੇ ਸਰਗਰਮ ਹੋਣ ਨਾਲ ਕਾਂਗਰਸ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪਾਰਟੀ ਨੂੰ  ਭਵਿੱਖ ਵਿਚ ਹੋਣ ਵਾਲੇ ਨੁਕਸਾਨ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੂੰ  ਬਦਲਣ ਦੀ ਮੰਗ ਚੁਕਣ ਦਾ ਫ਼ੈਸਲਾ ਲਿਆ ਗਿਆ ਹੈ | 
ਮੀਟਿੰਗ ਬਾਅਦ ਮੰਤਰੀ ਤਿ੍ਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਲੋਕਾਂ ਦੀ ਮੰਗ ਹੈ ਕਿ ਮੁੱਖ ਮੰਤਰੀ ਬਦਲਿਆ ਜਾਵੇ | ਉਨ੍ਹਾਂ ਸਿੱਧਾ ਦੋਸ਼ ਲਾਇਆ ਕਿ ਇਹ ਸੁਖਬੀਰ ਬਾਦਲ ਨਾਲ ਮਿਲੇ ਹੋਏ ਹਨ ਅਤੇ ਪੰਜਾਬ ਵਿਚ ਕਾਂਗਰਸ ਦੀ ਬਰਬਾਦੀ ਲਈ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਹੋਂਦ ਬਚਾਉਣ ਲਈ ਤਬਦੀਲੀ ਜ਼ਰੂਰੀ ਹੈ | ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕਿਹਾ ਕਿ ਸਾਨੂੰ ਇਸ ਮੁੱਖ ਮੰਤਰੀ 'ਤੇ ਵਿਸ਼ਵਾਸ ਨਹੀਂ ਅਤੇ ਇਸ ਦੇ ਹੁੰਦੇ ਵਾਅਦੇ ਕਦੇ ਪੂਰੇ ਨਹੀਂ ਹੋ ਸਕਦੇ | ਨਵੇਂ ਚਿਹਰੇ ਦੀ ਲੋੜ ਹੈ |