ਜਦੋਂ ਰਾਸ਼ਟਰਪਤੀ ਅਸ਼ਰਫ਼ ਗਨੀ ਦੇਸ਼ 'ਚੋਂ ਭੱਜੇ ਤਾਂ ਸਾਡੀਆਂ ਉਮੀਦਾਂ ਟੁਟ ਗਈਆਂ : ਅਨਾਰਕਲੀ ਕੌਰ

ਏਜੰਸੀ

ਖ਼ਬਰਾਂ, ਪੰਜਾਬ

ਜਦੋਂ ਰਾਸ਼ਟਰਪਤੀ ਅਸ਼ਰਫ਼ ਗਨੀ ਦੇਸ਼ 'ਚੋਂ ਭੱਜੇ ਤਾਂ ਸਾਡੀਆਂ ਉਮੀਦਾਂ ਟੁਟ ਗਈਆਂ : ਅਨਾਰਕਲੀ ਕੌਰ

image

ਅਫ਼ਗ਼ਾਨਿਸਤਾਨ ਦੀ ਸਿੱਖ ਮੈਂਬਰ ਪਾਰਲੀਮੈਂਟ ਨੇ ਬਿਆਨ ਕੀਤੇ ਅੱਖੀਂ ਵੇਖੇ ਹਾਲਾਤ

ਨਵੀਂ ਦਿੱਲੀ, 24 ਅਗੱਸਤ: ਐਤਵਾਰ ਨੂੰ  ਸੀ-17 ਗਲੋਬਲਮਾਸਟਰ ਜ਼ਰੀਏ ਅਫ਼ਗ਼ਾਨਿਸਤਾਨ ਤੋਂ ਭਾਰਤ ਪਹੁੰਚੇ 168 ਲੋਕਾਂ ਵਿਚ ਸ਼ਾਮਲ ਅਫ਼ਗ਼ਾਨ ਸੰਸਦ ਮੈਂਬਰ ਅਨਾਰਕਲੀ ਕੌਰ ਨੇ ਅਫ਼ਗ਼ਾਨਿਸਤਾਨ ਦੇ ਹਾਲਾਤ 'ਤੇ ਚਿੰਤਾ ਜ਼ਾਹਰ ਕੀਤੀ ਹੈ | ਉਨ੍ਹਾਂ ਦਸਿਆ ਕਿ,'ਮੇਰੇ ਪਿਤਾ ਅਤੇ ਪ੍ਰਵਾਰ ਨੂੰ  20 ਸਾਲ ਪਹਿਲਾਂ ਤਾਲਿਬਾਨ ਦੇ ਸ਼ਾਸਨ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਹ ਵਖਰਾ ਸੀ | ਹੁਣ ਤਾਲਿਬਾਨ ਮਜ਼ਬੂਤ ਹੈ ਅਤੇ ਉਹ ਸਾਨੂੰ ਉਥੇ ਰਹਿਣ ਦੀ ਮਨਜ਼ੂਰੀ ਨਹੀਂ ਦਿੰਦੇ |''
ਦੇਸ਼ ਦੇ ਉਚ ਸਦਨ ਲਈ ਚੁਣੀਆਂ ਜਾਣ ਵਾਲੀਆਂ ਗ਼ੈਰ-ਮੁਸਲਿਮ ਔਰਤਾਂ ਵਿਚ ਸ਼ਾਮਲ ਅਨਾਰਕਲੀ ਕੌਰ ਹੋਨਾਰਯਾਰ ਲਗਭਗ ਇਕ ਦਹਾਕੇ ਤੋਂ ਸੰਸਦ ਮੈਂਬਰ ਹੈ | ਇਕ ਅਖ਼ਬਾਰ ਨਾਲ ਗੱਲ ਕਰਦਿਆਂ ਅਨਾਰਕਲੀ ਹੋਨਾਰਯਾਰ ਨੇ ਦਸਿਆ ਕਿ,'ਮੇਰੇ ਦਾਦਾ ਜੀ ਅਤੇ ਪਿਤਾ ਜੀ ਨੇ ਅਪਣਾ ਪੂਰਾ ਜੀਵਨ ਅਫ਼ਗ਼ਾਨਿਸਤਾਨ ਵਿਚ ਬਿਤਾਇਆ | ਮੇਰੇ ਪਿਤਾ ਨੇ ਇਕ ਇੰਜੀਨੀਅਰ ਵਜੋਂ ਕੰਮ ਸ਼ੁਰੂ ਕੀਤਾ ਸੀ ਅਤੇ ਫਿਰ ਉਹ ਚੋਣ ਕਮਿਸ਼ਨ ਦਾ ਹਿੱਸਾ ਰਹੇ | ਮੈਂ ਅਤੇ ਮੇਰੇ ਭੈਣ-ਭਰਾ ਨੇ ਸਰਕਾਰ ਲਈ ਕੰਮ ਕੀਤਾ |' ਤਾਲਿਬਾਨ ਦੇ ਕਬਜ਼ੇ ਬਾਰੇ ਗੱਲ ਕਰਦਿਆਂ ਉਨ੍ਹਾਂ ਦਸਿਆ ਕਿ ਜਦੋਂ ਇਹ ਸੱਭ ਸ਼ੁਰੂ ਹੋਇਆ ਤਾਂ ਮੈਂ ਅਪਣੇ ਦੇਸ਼ ਨੂੰ  ਨਾ ਛੱਡਣ ਦੀ ਸਲਾਹ ਬਣਾਈ ਪਰ ਜਲਦੀ ਹੀ ਸੱਭ ਕੱੁਝ ਬਦਲ ਗਿਆ | ਮੇਰੀ ਮਾਂ ਅਜੇ ਵੀ ਡਰੀ ਹੋਈ ਹੈ | ਉਹ ਸੋਚਦੀ ਹੈ ਕਿ ਤਾਲਿਬਾਨ ਸਾਡੇ ਕਮਰੇ ਦੇ ਬਾਹਰ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਮੈਂ ਉਥੋਂ ਜਾਵਾਂ | ਅਸੀਂ ਸੱਭ ਕੁੱਝ ਗੁਆ ਦਿਤਾ ਹੈ | ਕਾਬੁਲ ਛਡਣ ਤੋਂ ਕੁੱਝ ਦਿਨ ਪਹਿਲਾਂ ਅਫ਼ਗ਼ਾਨ ਸੰਸਦ ਅਤੇ ਉਨ੍ਹਾਂ ਦੇ ਪ੍ਰਵਾਰ ਨੇ ਮਹਿਸੂਸ ਕੀਤਾ ਕਿ ਉਹ ਅਫ਼ਗ਼ਾਨਿਸਤਾਨ ਵਿਚ ਰਹਿ ਸਕਦੇ ਹਨ ਅਤੇ ਅੰਤਰਰਾਸ਼ਟਰੀ ਭਾਈਚਾਰੇ ਵਲੋਂ ਉਨ੍ਹਾਂ ਨੂੰ  ਬਚਾਉਣ ਦੀ ਉਡੀਕ ਕਰ ਸਕਦੇ ਹਨ | ਪਰ 15 ਅਗੱਸਤ ਨੂੰ  ਜਦੋਂ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਦੇਸ਼ ਛੱਡ ਕੇ ਭੱਜ ਗਏ ਤਾਂ ਪ੍ਰਵਾਰ ਦੀਆਂ ਸਾਰੀਆਂ ਉਮੀਦਾਂ ਟੁਟ ਗਈਆਂ | ਉਨ੍ਹਾਂ ਦਸਿਆ,''“ਮੈਂ ਦਫ਼ਤਰ ਵਿਚ ਸੀ ਅਤੇ ਇਕ ਦਿਨ ਪਹਿਲਾਂ ਹੀ ਰਾਸ਼ਟਰਪਤੀ ਨੂੰ  ਵੇਖਿਆ ਸੀ | ਮੈਂ ਸੋਚਿਆ ਕਿ ਅਸੀਂ ਕੰਮ ਕਰਨ ਜਾ ਰਹੇ ਹਾਂ ਅਤੇ ਸ਼ਾਂਤੀ ਲਈ ਵਿਰੋਧ ਕਰਾਂਗੇ |  ਜਲਦੀ ਹੀ ਦਫ਼ਤਰ ਵਿਚ ਹਰ ਕਿਸੇ ਨੂੰ  ਤਾਲਿਬਾਨ ਵਲੋਂ ਕਾਬੁਲ ਉਤੇ ਕਬਜ਼ਾ ਕਰਨ ਬਾਰੇ ਫ਼ੋਨ ਆ ਰਹੇ ਸਨ | ਮੈਂ ਅਪਣੀ ਕਾਰ ਵਿਚ ਸੀ ਮੈਂ ਦੇਖਿਆ ਕਿ ਲੋਕ ਸੜਕਾਂ ਤੇ ਦੌੜ ਰਹੇ ਹਨ |'' ਅਨਾਰਕਲੀ ਹੋਨਾਰਯਾਰ ਨੇ ਦਸਿਆ ਕਿ ਜਦੋਂ ਉਨ੍ਹਾਂ ਨੇ ਘਰ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਗੋਲੀਆਂ ਦੀ ਆਵਾਜ਼ ਤੇਜ਼ ਹੋ ਗਈ | ਆਖ਼ਰਕਾਰ ਸਾਰਿਆਂ ਨੂੰ  ਅਪਣੇ ਵਾਹਨ ਸੜਕ ਵਿਚਾਲੇ ਛੱਡ ਕੇ ਭੱਜਣਾ ਪਿਆ | ਇਸ ਦੌਰਾਨ ਘਰ ਵਿਚ ਉਨ੍ਹਾਂ ਦੇ ਮਾਤਾ-ਪਿਤਾ ਨੇ ਦਸਿਆ ਕਿ ਉਨ੍ਹਾਂ ਨੂੰ  ਰਿਸ਼ਤੇਦਾਰਾਂ ਦੇ ਫ਼ੋਨ ਆ ਰਹੇ ਹਨ ਤੇ ਉਹ ਉਨ੍ਹਾਂ ਨੂੰ  ਇਥੋਂ ਜਾਣ ਲਈ ਕਹਿ ਰਹੇ ਹਨ | ਉਨ੍ਹਾਂ ਦਸਿਆ ਕਿ 50 ਤੋਂ ਜ਼ਿਆਦਾ ਤਾਲਿਬਾਨੀ ਉਨ੍ਹਾਂ ਦੇ ਇਕ ਦੋਸਤ ਦੇ ਘਰ ਵਿਚ ਵੜ ਗਏ ਅਤੇ ਖਾਣਾ ਬਣਾਉਣ ਲਈ ਕਿਹਾ ਅਤੇ ਪ੍ਰੇਸ਼ਾਨ ਵੀ ਕੀਤਾ | ਕੱੁਝ ਘੰਟਿਆਂ ਬਾਅਦ ਹੀ ਖ਼ਬਰ ਆਈ ਕਿ ਰਾਸ਼ਟਰਪਤੀ ਦੇਸ਼ ਛੱਡ ਕੇ ਭੱਜ ਰਹੇ ਹਨ | 
ਉਨ੍ਹਾਂ ਦਸਿਆ,'ਸ਼ੁਰੂਆਤ ਵਿਚ ਸਾਨੂੰ ਨਹੀਂ ਪਤਾ ਸੀ ਕਿ ਉਹ (ਗਨੀ) ਕਿਥੇ ਸੀ, ਸਾਨੂੰ ਬਾਅਦ ਵਿਚ ਉਨ੍ਹਾਂ ਦੀ ਇਕ ਵੀਡੀਉ ਮਿਲੀ | ਮੈਨੂੰ ਨਹੀਂ ਪਤਾ ਕਿ ਕੀ ਹੋਇਆ ਪਰ ਇਸ ਨੇ ਸਾਨੂੰ ਤੋੜ ਕੇ ਰੱਖ ਦਿਤਾ | ਮੇਰੇ ਗੁਆਂਢੀ ਅਤੇ ਦੋਸਤ ਖ਼ਤਰੇ ਵਿਚ ਸਨ, ਉਹ ਅਜੇ ਵੀ ਖ਼ਤਰੇ ਵਿਚ ਹਨ | ਸਾਡੇ ਘਰ ਦੇ ਨੇੜੇ ਤਾਲਿਬਾਨ ਦੇ ਲੋਕ ਸਨ ਜੋ ਸਾਨੂੰ ਧਮਕਾ ਰਹੇ ਸਨ | ਅਸੀਂ ਸੋਚਿਆ ਕਿ ਅਸੀਂ ਅਪਣੇ ਅਫ਼ਗ਼ਾਨ ਦੋਸਤਾਂ ਕੋਲ ਜਾਂ ਗੁਰਦੁਆਰਾ ਸਾਹਿਬ ਵਿਚ ਰਹਿ ਸਕਦੇ ਹਾਂ ਪਰ ਅਸੀਂ ਸੁਰੱਖਿਅਤ ਨਹੀਂ ਸੀ' | ਦਸਣਯੋਗ ਹੈ ਕਿ ਅਨਾਰਕਲੀ ਕੌਰ ਦਾ ਸਿਆਸੀ ਜੀਵਨ ਉਦੋਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ  2010 ਵਿਚ ਚੋਣ ਲੜਨ ਲਈ ਕਿਹਾ ਸੀ | ਉਸ ਸਮੇਂ ਉਹ ਅਫ਼ਗ਼ਾਨਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਾਲ ਕੰਮ ਕਰਨ ਵਾਲੀ ਇਕ ਡਾਕਟਰ ਸੀ ਅਤੇ ਉਨ੍ਹਾਂ ਨੇ ਕਾਨੂੰਨ ਦੇ ਨਾਲ ਸੰਘਰਸ਼ ਵਿਚ ਔਰਤਾਂ ਅਤੇ ਪ੍ਰਵਾਰਾਂ ਦੀ ਮਦਦ ਲਈ ਵੱਖ-ਵੱਖ ਸੂਬਿਆਂ ਦਾ ਦੌਰਾ ਵੀ ਕੀਤਾ ਸੀ | 2011 ਵਿਚ ਉਨ੍ਹਾਂ ਨੇ ਘਰੇਲੂ ਹਿੰਸਾ, ਜਬਰੀ ਵਿਆਹ ਅਤੇ ਲਿੰਗ ਭੇਦਭਾਵ ਨਾਲ ਪੀੜਤ ਔਰਤਾਂ ਦੀ ਮਦਦ ਕਰਨ ਲਈ ਯੂਨੈਸਕੋ-ਮਦਨਜੀਤ ਸਿੰਘ ਪੁਰਸਕਾਰ ਜਿੱਤਿਆ | ਇਕ ਦਹਾਕੇ ਤਕ ਅਨਾਰਕਲੀ ਕੌਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਔਰਤਾਂ ਲਈ ਨੀਤੀਆਂ ਨੂੰ  ਬਦਲਣ ਅਤੇ ਸਾਰਿਆਂ ਲਈ ਸਿਖਿਆ ਨੂੰ  ਉਤਸ਼ਾਹਤ ਕਰਨ ਲਈ ਰਾਸ਼ਟਰਪਤੀ ਹਾਮਿਦ ਕਰਜ਼ਈ ਅਤੇ ਅਸ਼ਰਫ਼ ਗਨੀ ਨਾਲ ਕੰਮ ਕੀਤਾ |