ਸੇਵਾ-ਮੁਕਤ ਪਟਵਾਰੀਆਂ ਦੀ ਮੁੜ ਭਰਤੀ ਕੈਪਟਨ ਸਰਕਾਰ ਦਾ ਬੇਰੁਜ਼ਗਾਰਾਂ ਨਾਲ ਧੱਕਾ : ਢੀਂਡਸਾ

ਏਜੰਸੀ

ਖ਼ਬਰਾਂ, ਪੰਜਾਬ

ਸੇਵਾ-ਮੁਕਤ ਪਟਵਾਰੀਆਂ ਦੀ ਮੁੜ ਭਰਤੀ ਕੈਪਟਨ ਸਰਕਾਰ ਦਾ ਬੇਰੁਜ਼ਗਾਰਾਂ ਨਾਲ ਧੱਕਾ : ਢੀਂਡਸਾ

image

ਸੰਗਰੂਰ 24 ਅਗੱਸਤ (ਕੁਲਵੰਤ ਸਿੰਘ ਕਲਕੱਤਾ) : ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬੇਹੱਦ ਅਫਸੋਸ ਦੀ ਗੱਲ ਹੈ ਕਿ ਮਾਲ ਵਿਭਾਗ ਇਨ੍ਹਾਂ ਸੇਵਾ ਮੁਕਤ ਮੁਲਾਜ਼ਮਾਂ ਨੂੰ  25 ਹਜ਼ਾਰ ਰੁਪਏ ਮਹੀਨਾ ਠੇਕੇ 'ਤੇ ਭਰਤੀ ਕਰਨ ਜਾ ਰਿਹਾ ਹੈ, ਜਦੋਂ ਕਿ ਪੰਜ ਵਰ੍ਹੇ ਪਹਿਲਾਂ ਭਰਤੀ ਕੀਤੇ ਪਟਵਾਰੀ ਹਾਲੇ ਵੀ ਸਿਰਫ਼ 10 ਹਜ਼ਾਰ ਰੁਪਏ ਮਹੀਨਾ 'ਤੇ ਕੰਮ ਕਰ ਰਹੇ ਹਨ | 
ਇਸ ਤੋਂ ਇਲਾਵਾ ਇਨ੍ਹਾਂ ਪਟਵਾਰੀਆਂ ਤੋਂ ਵਾਧੂ ਚਾਰਜ ਵਾਲਾ ਕੰਮ ਵੀ ਲਿਆ ਜਾ ਰਿਹਾ ਹੈ | ਅੱਜ ਦੀ ਮਹਿੰਗਾਈ ਦੇ ਸਮੇਂ ਵਿੱਚ 10 ਹਜ਼ਾਰ ਰੁਪਏ ਵਿੱਚ ਘਰ ਦਾ ਖਰਚਾ ਚਲਾਉਣਾ ਬਹੁਤ ਔਖਾ ਕੰਮ ਹੈ | ਭਾਵੇਂ ਪੰਜਾਬ ਵਿੱਚ ਪਟਵਾਰੀਆਂ ਦੀ ਘਾਟ ਹੈ ਅਤੇ ਮਾਲ ਵਿਭਾਗ ਵਿੱਚ ਇਸ ਵੇਲੇ ਕੰਮ ਕਰਨ ਵਾਲੇ ਪਟਵਾਰੀਆਂ 'ਤੇ ਕੰਮ ਦਾ ਵਾਧੂ ਭਾਰ ਹੈ ਪਰ ਇਸ ਸਭ ਦੇ ਬਾਵਜੂਦ ਸਰਕਾਰ ਨੂੰ  ਸੇਵਾ ਮੁਕਤ ਪਟਵਾਰੀਆਂ ਦੀ ਭਰਤੀ ਕਰਨ ਦੇ ਬਜਾਏ ਬੇਰੁਜ਼ਗਾਰ ਨੌਜਵਾਨਾਂ ਨੂੰ  ਮੌਕਾ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਪਟਵਾਰੀਆਂ ਦੀਆਂ ਤਨਖਾਹਾਂ ਵਿੱਚ ਵੀ ਵਾਧਾ ਕਰਨਾ ਚਾਹੀਦਾ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਨ | ਕੈਪਟਨ ਸਰਕਾਰ ਦੇ ਇਸ ਕਦਮ ਨਾਲ ਘਰ-ਘਰ ਰੁਜ਼ਗਾਰ ਉਡੀਕ ਰਹੇ ਨੌਜਵਾਨਾਂ ਤੋਂ ਨਵੇਂ ਮੌਕੇ ਖੋਹ ਲਏ ਗਏ ਹਨ ਅਤੇ ਸਰਕਾਰ ਦੇ ਬੇਰੁਜ਼ਗਾਰਾਂ ਨੂੰ  ਪਹਿਲ ਦੇਣ ਦੀ ਥਾਂ ਸੇਵਾ-ਮੁਕਤ ਮੁਲਾਜ਼ਮਾਂ ਨੂੰ  ਦਿੱਤੀ ਤਰਜੀਹ ਨਾਲ ਬੇਰੁਜ਼ਗਾਰ ਨੌਜਵਾਨ ਠੱਗੇ ਹੋਏ ਮਹਿਸੂਸ ਕਰ ਰਹੇ ਹਨ | 2017 ਵਿੱਚ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਜਿੱਤਣ ਲਈ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਬੇਰੁਜ਼ਗਾਰ ਨੌਜਵਾਨ ਨੌਕਰੀਆਂ ਲੈਣ ਦੀ ਧਰਨੇ-ਪ੍ਰਦਰਸ਼ਨ ਕਰ ਰਹੇ ਹਨ | ਪਰ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਮੰਗਾਂ ਮੰਨਣ ਦੇ ਬਜਾਏ ਉਨ੍ਹਾਂ ਨੂੰ  ਡਾਂਗਾਂ ਅਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਜੁਲਮ ਢਾਹ ਰਹੀ ਹੈ | ਕੈਪਟਨ ਸਰਕਾਰ ਦੇ ਗਲਤ ਫੈਸਲਿਆਂ ਕਾਰਨ ਸੂਬੇ ਵਿੱਚ ਬੇਰੁਜ਼ਗਾਰੀ ਦੀ ਦਰ ਲਗਾਤਾਰ ਵਧ ਰਹੀ ਹੈ |ਇਸ ਤੋਂ ਪਹਿਲਾਂ ਵੀ ਕੈਪਟਨ ਸਰਕਾਰ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ  ਲਾਵਾਰਸ ਛੱਡ ਕੇ ਆਪਣੇ ਅਮੀਰ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ 'ਤੇ ਮਿਹਰਾਬਾਨ ਹੋ ਗਈ ਸੀ | ਕੈਪਟਨ ਸਰਕਾਰ ਨੂੰ  ਆਪਣਾ ਰੁਜ਼ਗਾਰ ਦੇਣ ਦਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ ਕਿਉਂਕਿ ਸੇਵਾ-ਮੁਕਤ ਪਟਵਾਰੀਆਂ ਦੀ ਮੁੜ ਭਰਤੀ ਕੈਪਟਨ ਸਰਕਾਰ ਦਾ ਬੇਰੁਜ਼ਗਾਰ ਨੌਜਵਾਨਾਂ ਨਾਲ ਧੱਕਾ ਹੈ | 
   ਫੋਟੋ 24-23