ਮੂਸੇਵਾਲਾ ਲਈ ਕੈਂਡਲ ਮਾਰਚ, ਭਾਵੁਕ ਹੁੰਦਿਆਂ ਸੁਪਰੀਮ ਕੋਰਟ ਨੂੰ ਕਹੀ ਇਹ ਗੱਲ 

ਏਜੰਸੀ

ਖ਼ਬਰਾਂ, ਪੰਜਾਬ

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਕੀਤੀ ਕੈਂਡਲ ਮਾਰਚ ਦੀ ਅਗਵਾਈ

Sidhu MooseWala Parents During Candle March

 

ਮਾਨਸਾ  : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਨੂੰ ਲੈ ਕੇ ਅੱਜ ਮਾਨਸਾ ਵਿਚ ਕੈਂਡਲ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਕੀਤੀ। ਇਹ ਕੈਂਡਲ ਮਾਰਚ ਮਾਨਸਾ ਦੀ ਬਾਹਰੀ ਅਨਾਜ ਮੰਡੀ ਤੋਂ ਸ਼ੁਰੂ ਹੋਇਆ। ਜ਼ਿਕਰਯੋਗ ਹੈ ਕਿ ਇਹ ਉਹੀ ਸਥਾਨ ਹੈ, ਜਿਥੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਹੋਈ ਸੀ। 

ਕੈਂਡਲ ਮਾਰਚ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕੈਂਡਲ ਮਾਰਚ ਲਈ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਜਜ਼ਬੇ ਤੇ ਜੋਸ਼ ਨੂੰ ਅਸੀਂ ਸਲੂਟ ਕਰਦਾ ਹੈ। ਤੁਹਾਡੇ ਹੌਸਲੇ ਕਾਰਨ ਮੈਨੂੰ ਇਸ ਦੁੱਖ ਨਾਲ ਆਡਾ ਲਾਉਣ ਦੀ ਤਾਕਤ ਮਿਲੀ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ ਦੇ ਜਜ਼ਬੇ ਕਾਰਨ ਹੀ ਮੈਂ ਇੱਥੇ ਖੜ੍ਹਾ ਹਾਂ ਤੇ ਮੇਰੇ ਵਿਚ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਹਿੰਮਤ ਆਈ ਹੈ।

Balkaur Singh

ਮੇਰੇ ਪੁੱਤ ਦੀ ਸ਼ਖ਼ਸੀਅਤ ਕਾਰਨ ਹੀ ਉਸ ਨੂੰ ਸਤਿਕਾਰ ਮਿਲ ਰਿਹਾ ਹੈ। ਜਦੋਂ ਉਸ ਦੀ ਮੌਤ ਹੋਈ ਤਾਂ ਹਰ ਅੱਖ ਰੋਈ। ਉਨ੍ਹਾਂ ਕਿਹਾ ਕਿ ਮੇਰੀਆਂ ਸਰਕਾਰ ਤੋਂ ਤਿੰਨ ਮੰਗਾਂ ਹਨ। ਮੈਂ ਮੁੱਖ ਮੰਤਰੀ ਭਗਵੰਤ ਮਾਨ, ਜੋ ਸਾਡੇ ਕਿੱਤੇ ਨਾਲ ਵੀ ਸਬੰਧਿਤ ਹਨ, ਉਨ੍ਹਾਂ ਨੂੰ ਇਕੋ ਬੇਨਤੀ ਕਰਦਾ ਹਾਂ ਕਿ ਇਕ ਤਾਂ ਮੇਰੇ ਪੁੱਤ ਦੀ ਸੁਰੱਖਿਆ ’ਚ ਜੋ ਕੁਤਾਹੀ ਹੋਈ ਹੈ, ਇਕ ਪਾਵਰਫੁੱਲ ਕਮਿਸ਼ਨ ਬਿਠਾ ਕੇ ਜਾਂਚ ਕਰਵਾਈ ਜਾਵੇ ਕਿ ਮੇਰੇ ਪੁੱਤ ਨੂੰ ਸੁਰੱਖਿਆ ਕਿਉਂ ਦਿੱਤੀ ਸੀ ਤੇ ਹਟਾਈ ਕਿਉਂ ਗਈ ਸੀ। ਮੈਨੂੰ ਤਿੰਨ ਮਹੀਨਿਆਂ ਤੋਂ ਇਸ ਗੱਲ ਦਾ ਕੋਈ ਪੁਖ਼ਤਾ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਜਿਹੜੇ ਅੰਡਰਵਰਲਡ ਨਾਲ ਸਬੰਧ ਹਨ, ਜਿਹੜੇ ਗੈਂਗਸਟਰਾਂ ਨਾਲ ਜੁੜੇ ਹੋਏ ਹਨ ਤੇ ਕਿੰਨਾ ਵੱਡਾ ਬਜਟ ਹੈ। 

ਇਸ ਦੇ ਨਾਲ ਹੀ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸੁਪਰੀਮ ਕੋਰਟ ਵਿਚ ਬੈਠੇ ਜੱਜਾਂ ਨੂੰ ਇਕ ਦੁਖੀ ਪਿਓ ਦੀ ਬੇਨਤੀ ਹੈ ਕਿ ਜਦੋਂ ਤੁਸੀਂ ਇਹੋ ਜਿਹੇ ਗੈਂਗਸਟਰਾਂ ਨੂੰ ਪਾਵਰਾਂ ਦਿੰਦੇ ਹੋ ਤਾਂ ਸਾਡੇ ਵਰਗੇ ਜ਼ਿਮੀਦਾਰ ਬਾਰੇ ਵੀ ਸੋਚ ਲਿਆ ਕਰੋ ਕਿ ਸਾਡੇ ਹੱਕਾਂ ਦਾ ਕੀ ਬਣੇਗਾ ਸਾਡੀਆਂ ਤਾਂ ਤੁਹਾਡੇ 'ਤੇ ਹੀ ਆਸਾਂ ਹਨ। ਉਹਨਾਂ ਕਿਹਾ ਕਿ ਲਾਰੈਂਸ ਵਰਗੇ ਗੈਂਗਸਟਰਾਂ ਨੂੰ ਇੰਨੀ ਸੁਰੱਖਿਆ ਵਿਚ ਪੇਸ਼ੀ ਲਈ ਲਿਆਂਦਾ ਜਾਂਦਾ ਹੈ ਤੇ ਹਜੇ ਵੀ ਕਹਿੰਦੇ ਹਨ ਕਿ ਉਸ ਨੂੰ ਖਤਰਾ ਹੈ ਹੋਰ ਖ਼ਤਰਾ ਕਿਸ ਨੂੰ ਹੋਵੇ ਜਦੋਂ ਲੋਕਾਂ ਦੇ ਧੀਆਂ-ਪੁੱਤ ਹੀ ਮਾਰਨੇ ਹਨ ਤਾਂ ਖ਼ਤਰਾ ਤਾਂ ਆਪੇ ਹੀ ਹੋਵੇਗਾ।