ਐਡਵੋਕੇਟ ਧਾਮੀ ਨੇ ਮੰਡਿਆਲਾ ’ਚ ਟੈਂਕਰ ਹਾਦਸੇ ’ਚ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ
'ਪੀੜਤ ਪਰਿਵਾਰਾਂ ਲਈ ਬੇਹੱਦ ਦੁਖਦਾਈ ਸਮਾਂ ਹੈ ਅਤੇ ਸ਼੍ਰੋਮਣੀ ਕਮੇਟੀ ਇਸ ਦੁੱਖ ਦੀ ਘੜੀ ਵਿਚ ਪਰਿਵਾਰਾਂ ਦੇ ਨਾਲ ਹੈ'
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾ ’ਚ ਬੀਤੇ ਦਿਨੀਂ ਹੋਏ ਐਲਪੀਜੀ ਟੈਂਕਰ ਹਾਦਸੇ ’ਚ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਗੰਭੀਰ ਹਾਦਸਾ ਸੀ, ਜਿਸ ਵਿਚ ਜਿਥੇ 7 ਜਾਨਾਂ ਗਈਆਂ ਹਨ, ਉਥੇ ਬਹੁਤ ਸਾਰੇ ਲੋਕ ਗੰਭੀਰ ਜ਼ਖ਼ਮੀ ਹੋਏ ਹਨ ਅਤੇ ਵੱਡਾ ਵਿੱਤੀ ਨੁਕਸਾਨ ਵੀ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਹ ਪੀੜਤ ਪਰਿਵਾਰਾਂ ਲਈ ਬੇਹੱਦ ਦੁਖਦਾਈ ਸਮਾਂ ਹੈ ਅਤੇ ਸ਼੍ਰੋਮਣੀ ਕਮੇਟੀ ਇਸ ਦੁੱਖ ਦੀ ਘੜੀ ਵਿਚ ਪਰਿਵਾਰਾਂ ਦੇ ਨਾਲ ਹੈ ਅਤੇ ਲੋੜ ਅਨੁਸਾਰ ਹਰ ਸੰਭਵ ਸਹਾਇਤਾ ਕਰੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਰਦਾਸ ਕੀਤੀ ਕਿ ਕਰਤਾ ਪੁਰਖ ਅਕਾਲ ਚਲਾਣਾ ਕਰਨ ਵਾਲਿਆਂ ਦੀ ਰੂਹ ਨੂੰ ਚਰਨਾਂ ਵਿਚ ਨਿਵਾਸ ਦੇਣ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। ਉਨ੍ਹਾਂ ਹਾਦਸੇ ਵਿਚ ਜ਼ਖ਼ਮੀਆਂ ਦੀ ਸਿਹਤਯਾਬੀ ਦੀ ਵੀ ਅਰਦਾਸ ਕੀਤੀ।