Punjab Powercom News : ਬਿਜਲੀ ਚੋਰੀ ਕਰਨ ਵਾਲਿਆਂ ਵਿਰੁਧ ਪਾਵਰਕਾਮ ਹੋਇਆ ਸਖ਼ਤ, ਹੋਵੇਗੀ ਵੱਡੀ ਕਾਰਵਾਈ
Punjab Powercom News : ਬਿਜਲੀ ਚੋਰੀ ਅਤੇ ਬਿਜਲੀ ਦੀ ਗ਼ਲਤ ਵਰਤੋਂ ਕਰਨ ਵਾਲੇ ਖਪਤਕਾਰਾਂ ਨੂੰ ਜੁਰਮਾਨਾ ਕੀਤਾ ਜਾਵੇਗਾ।
Punjab Powercom News : ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਦੇ ਬਾਵਜੂਦ ਬਿਜਲੀ ਦੀ ਚੋਰੀ ਨੂੰ ਠੱਲ੍ਹ ਨਹੀਂ ਪੈ ਰਹੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮੀ ਅਤੇ ਹੁਮਸ ਦੇ ਦਿਨਾਂ ਵਿਚ ਬਿਜਲੀ ਚੋਰੀ ਦੇ ਕੇਸ ਵੱਧ ਰਹੇ ਹਨ ਕਿਉਂਕਿ ਇਸ ਹੁਮਸ ਭਰੇ ਮੌਸਮ ਵਿਚ ਲੋਕਾਂ ਵਲੋਂ ਏਸੀ ਦੀ ਵਰਤੋਂ ਵੱਧ ਕੀਤੀ ਜਾਂਦੀ ਹੈ ਜਿਸ ਕਾਰਨ 300 ਯੂਨਿਟ ਕੱੁਝ ਹੀ ਦਿਨਾਂ ਵਿਚ ਪੂਰੇ ਹੋ ਜਾਂਦੇ ਹਨ ਅਤੇ ਲੋਕ ਬਿਜਲੀ ਦੇ ਬਿਲ ਘੱਟ ਰੱਖਣ ਲਈ ਬਿਜਲੀ ਚੋਰੀ ਕਰਨ ਲੱਗ ਜਾਂਦੇ ਹਨ ਜਿਸ ਦਾ ਸਿੱਧਾ ਨੁਕਸਾਨ ਪਾਵਰਕਾਮ ਨੂੰ ਹੁੰਦਾ ਹੈ। ਇਸ ਨੁਕਸਾਨ ਨੂੰ ਰੋਕਣ ਲਈ ਪਾਵਰਕਾਮ ਵਲੋਂ ਵਿਸ਼ੇਸ਼ ਚੈਕਿੰਗ ਦਸਤੇ ਬਣਾਏ ਜਾ ਰਹੇ ਹਨ।
ਇਹ ਦਸਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਉਣਗੇ ਜਿਸ ਤਹਿਤ ਲੋਕਾਂ ਵਲੋਂ ਕੀਤੀ ਜਾਂਦੀ ਬਿਜਲੀ ਚੋਰੀ ਨੂੰ ਫੜਿਆ ਜਾਵੇਗਾ। ਪਾਵਰਕਾਮ ਦੇ ਅਧਿਕਾਰੀਆਂ ਮੁਤਾਬਕ ਵੱਖ ਵੱਖ ਸਰਕਲਾਂ ਵਿਚ ਬਿਜਲੀ ਦੇ ਕੁਨੈਕਸ਼ਨਾਂ ਦੀ ਜਾਂਚ ਕੀਤੀ ਜਾਵੇਗੀ ਜਿਸ ਵਿਚ ਬਿਜਲੀ ਚੋਰੀ ਅਤੇ ਬਿਜਲੀ ਦੀ ਗ਼ਲਤ ਵਰਤੋਂ ਕਰਨ ਵਾਲੇ ਖਪਤਕਾਰਾਂ ਨੂੰ ਜੁਰਮਾਨਾ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੱਝ ਲੋਕ ਘਰੇਲੂ ਬਿਜਲੀ ਦੀ ਕਮਰਸ਼ੀਅਲ ਵਰਤੋਂ ਕਰਦੇ ਹਨ।
ਉਨ੍ਹਾਂ ਲੋਕਾਂ ਉਤੇ ਵੀ ਸ਼ਿਕੰਜਾ ਕਸਿਆ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਧੇਰੇ ਲੋੜ ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਕਾਰਨ ਟਰਾਂਸਫ਼ਾਰਮਰਾਂ ਆਦਿ ਵਿਚ ਖ਼ਰਾਬੀ ਆਉਂਦੀ ਹੈ ਉਥੇ ਹੀ ਕਈ ਖਪਤਕਾਰਾਂ ਵਲੋਂ ਘਰੇਲੂ ਬਿਜਲੀ ਦੀ ਕਮਰਸ਼ੀਅਲ ਵਰਤੋਂ ਨਿਯਮਾਂ ਦੇ ਉਲਟ ਹੈ। ਅਧਿਕਾਰੀਆਂ ਮੁਤਾਬਕ ਘਰਾਂ ਵਿਚ ਬਣੀਆਂ ਦੁਕਾਨਾਂ ਲਈ ਵਖਰਾ ਮੀਟਰ ਲਗਵਾਉਣਾ ਜ਼ਰੂਰੀ ਹੈ ਪਰ ਲੋਕ ਘਰ ਦੀ ਬਿਜਲੀ ਨਾਲ ਦੁਕਾਨਾਂ ਦੇ ਕੁਨੈਕਸ਼ਨ ਚਲਾ ਰਹੇ ਹਨ।
ਪਾਵਰਕਾਮ ਨੇ ਅਪਣੇ ਐਕਸੀਅਨਾਂ ਨੂੰ ਹਦਾਇਤਾਂ ਕਰ ਦਿਤੀਆਂ ਹਨ ਕਿ ਉਹ ਹੁਮਸ ਦੇ ਇਸ ਮੌਸਮ ਵਿਚ ਬਿਜਲੀ ਚੋਰੀ ਉਤੇ ਵਿਸ਼ੇਸ਼ ਧਿਆਨ ਦੇਣ ਕਿਉਂਕਿ ਇਨ੍ਹਾਂ ਦਿਨਾਂ ਵਿਚ ਏਸੀ ਦੇ ਨਾਲ ਨਾਲ ਹੋਰ ਵੀ ਉਪਕਰਨ ਵਧੇਰੇ ਵਰਤੋਂ ਵਿਚ ਲਿਆਂਦੇ ਜਾ ਰਹੇ ਹਨ ਜਿਸ ਕਾਰਨ ਬਿਜਲੀ ਦੀ ਚੋਰੀ ਵੱਧ ਰਹੀ ਹੈ ।
ਪਟਿਆਲਾ ਤੋਂ ਪਰਮਿੰਦਰ ਸਿੰਘ ਰਾਏਪੁਰ ਦੀ ਰਿਪੋਰਟ
"(For more news apart from “Punjab Weather Update News in punjabi , ” stay tuned to Rozana Spokesman.)