ਮੁੱਲਾਂਪੁਰ ਸੜਕ ਹਾਦਸੇ ਤੋਂ ਬਾਅਦ ਮੋਹਾਲੀ ਪੁਲਿਸ ਦੀ ਕਾਰਗੁਜ਼ਾਰੀ ’ਤੇ ਉਠੇ ਸਵਾਲ
ਮੋਹਾਲੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਨਹੀਂ ਕੀਤੀ ਕਾਰਵਾਈ, ਹਾਈ ਕੋਰਟ ਪਹੁੰਚਿਆ ਮਾਮਲਾ
ਮੋਹਾਲੀ : ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਕਾਰਨ ਬਜ਼ੁਰਗ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ’ਚ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ। ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਮੋਹਾਲੀ ਪੁਲਿਸ ਦੀ ਸ਼ਿਕਾਇਤ ਪਹੁੰਚ ਗਈ ਹੈ। ਸਮਾਜਿਕ ਸੰਗਠਨ ਵੀ ਇਸ ਮੁੱਦੇ ’ਤੇ ਮੋਹਾਲੀ ਪੁਲਿਸ ਦੇ ਰਵੱਈਏ ਦੀ ਆਲੋਚਨਾ ਕਰ ਰਹੇ ਹਨ।
ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਪੁਲਿਸ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਲਈ ਚੈੱਕ ਪੋਸਟਾਂ ਸਥਾਪਤ ਕਰਦੀ ਹੈ ਅਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ’ਤੇ ਚਲਾਨ ਕੀਤੇ ਜਾਂਦੇ ਹਨ। ਜਦਕਿ ਦੂਜੇ ਪਾਸੇ ਤੇਜ਼ ਰਫ਼ਤਾਰ ਗੱਡੀ ਚਲਾ ਕੇ ਇਕ ਬਜ਼ੁਰਗ ਦੀ ਜਾਨ ਲੈਣ ਵਾਲਿਆਂ ਖਿਲਾਫ਼ ਕੇਸ ਦਰਜ ਨਹੀਂ ਕੀਤਾ ਗਿਆ। ਅਮੀਰਾਂ ਦੇ ਰਸੂਖ ਅੱਗੇ ਪੁਲਿਸ ਦੀ ਇਕ ਨਹੀਂ ਚੱਲੀ ਅਤੇ ਜਾਨ ਲੈਣ ਵਾਲੀ ਗੱਡੀ ਦਾ ਚਲਾਨ ਤੱਕ ਨਹੀਂ ਕੀਤਾ ਗਿਆ। ਜਦਕਿ ਦੂਜੇ ਪਾਸੇ ਮੋਹਾਲੀ ਪੁਲਿਸ ਹਰ ਰੋਜ਼ ਦਰਜਨਾਂ ਵਾਹਨਾਂ ਦੇ ਚਲਾਨ ਕਰਦੀਹੈ।
ਮੋਹਾਲੀ ਪੁਲਿਸ ਦੇ ਅਧਿਕਾਰੀਆਂ ਨੇ ਇਸ ਮਾਮਲੇ ’ਚ ਚੁੱਪੀ ਧਾਰੀ ਹੋਈ ਹੈ। ਸ਼ਹਿਰ ਦੇ ਮਸ਼ਹੂਰ ਵਕੀਲ ਅਤੇ ਸਮਾਜ ਸੇਵੀ ਸੰਗਠਨ ਹੁਣ ਦਰਵਾਜ਼ਾ ਖੜਕਾਉਣ ਜਾ ਰਹੇ ਹਨ। ਪੰਜਾਬ ਭਾਜਪਾ ਆਗੂ ਵਿਨੀਤ ਜੋਸ਼ੀ ਅਨੁਸਾਰ ਮੋਹਾਲੀ ਪੁਲਿਸ ਦਾ ਇਹ ਰਵੱਈਆ ਦਰਸਾਉਂਦਾ ਹੈ ਕਿ ਵਿਗੜੇ ਹੋਏ ਅਮੀਰਜ਼ਾਦਿਆਂ ਖਿਲਾਫ ਕਾਰਵਾਈ ਨਹੀਂ ਕਰ ਸਕਦੀ।