ਜੁਗਨੀ ਕਲੱਬ ਵੱਲੋਂ ਬਾਬਾ ਫਰੀਦ ਮੇਲਾ 'ਤੇ ਖੇਡੇ ਨਾਟਕ 'ਚੰਨ ਤੇ ਪਲਾਟ' ਨੇ ਮੇਲਾ ਲੁੱਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੁਗਨੀ ਕਲਚਰਲ ਐਂਡ ਯੂਥ ਵੈਲਫੇਅਰ ਕਲੱਬ ਮੁਹਾਲੀ ਵੱਲੋਂ ਫਰੀਦਕੋਟ ਵਿਖੇ ਬਾਬਾ ਫਰੀਦ ਆਗਮਨ ਪੁਰਬ ਮੌਕੇ ਖੇਡੇ ਪੰਜਾਬੀ ਕਮੇਡੀ ਲਘੂ ਨਾਟਕ 'ਚੰਨ ਤੇ ਪਲਾਟ' ਖੇਡਿਆ ਗਿਆ। ...

Faridkot Heritage Fair

ਚੰਡੀਗੜ੍ਹ :- ਜੁਗਨੀ ਕਲਚਰਲ ਐਂਡ ਯੂਥ ਵੈਲਫੇਅਰ ਕਲੱਬ ਮੁਹਾਲੀ ਵੱਲੋਂ ਫਰੀਦਕੋਟ ਵਿਖੇ ਬਾਬਾ ਫਰੀਦ ਆਗਮਨ ਪੁਰਬ ਮੌਕੇ ਖੇਡੇ ਪੰਜਾਬੀ ਕਮੇਡੀ ਲਘੂ ਨਾਟਕ 'ਚੰਨ ਤੇ ਪਲਾਟ' ਖੇਡਿਆ ਗਿਆ। ਇਸ ਲਘੂ ਨਾਟਕ ਵਿਚ ਪ੍ਰਾਪਰਟੀ ਡੀਲਰਾਂ 'ਤੇ ਵਿਅੰਗ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਰਹਿਣ ਦਾ ਸੁਨੇਹਾ ਦਿਤਾ ਗਿਆ ਅਤੇ ਵੱਖ-ਵੱਖ ਵਿਸ਼ਿਆਂ 'ਤੇ ਹਾਸਰਸ ਢੰਗ ਨਾਲ ਚੋਟ ਕਰਦੇ ਹੋਏ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ ਗਈਆਂ। ਇਸ ਲਘੂ ਨਾਟਕ ਵਿਚ ਹਰੇਕ ਕਲਾਕਾਰ ਨੇ ਆਪਣੀ ਭੂਮਿਕਾ ਨਾਲ ਇਨਸਾਫ ਕਰਦੇ ਹੋਏ ਖੂਬ ਰੰਗ ਬੰਨਿਆ। ਇਸ ਨਾਟਕ ਦਾ ਨਿਰਦੇਸ਼ਨ ਰੁਪਿੰਦਰ ਰੂਪੀ ਵੱਲੋਂ ਕੀਤਾ ਗਿਆ।

ਨਾਟਕ ਵਿੱਚ ਜਰਨੈਲ ਹੁਸ਼ਿਆਰਪੁਰੀ ਵੱਲੋਂ ਡਾਕਟਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਦਵਿੰਦਰ ਜੁਗਨੀ ਨੇ ਰੋਲ ਨਿਭਾਉਂਦੇ ਹੋਏ ਲੋਕਾਂ ਨੂੰ ਖੂਬ ਹਸਾਇਆ ਅਤੇ ਉਨ੍ਹਾਂ ਦਾ ਤਕੀਆ ਕਲਾਮ 'ਸੌਦਾ ਕੀ ਹੈ' ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਕਮਲ ਸ਼ਰਮਾਂ ਵੱਲੋਂ ਥਾਣੇਦਾਰ ਦਾ ਰੋਲ ਅਦਾ ਕੀਤਾ ਗਿਆ ਤੇ ਚੰਗਾ ਰੰਗ ਬੰਨਿਆ ਗਿਆ। ਹਰਦੀਪ ਸਿੰਘ ਵੱਲੋਂ ਟੈਲੋਫੋਨ ਦੇ ਕਰਮਚਾਰੀ ਦਾ ਰੋਲ ਅਦਾ ਕੀਤਾ ਗਿਆ। ਮਿਸ ਹਰਸਿਮਰਨ ਕੌਰ ਵੱਲੋਂ ਇਕ ਫਿਲਮੀ ਅਦਾਕਾਰਾ ਦਾ ਰੋਲ ਨਿਭਾਇਆ ਗਿਆ। ਕੁਲਵੰਤ ਸਿੰਘ ਵੱਲੋਂ ਐਲ.ਆਈ.ਸੀ. ਏਜੰਟ ਦੀ ਭੂਮਿਕਾ ਨਿਭਾਉਂਦੇ ਹੋਏ ਲੋਕਾਂ ਨੂੰ ਖੂਬ ਹਸਾਇਆ ਗਿਆ।

ਮਨਦੀਪ ਸਿੰਘ, ਸਤਿੰਦਰ ਸਿੰਘ ਅਤੇ ਭੁਪਿੰਦਰ ਝੱਜ ਨੇ ਇਸ ਨਾਟਕ ਨੂੰ ਇਕ ਲੜੀ ਵਿਚ ਪਰੋਂਦੇ ਹੋਏ ਸਹਿਯੋਗੀ ਕਲਾਕਾਰਾਂ ਦਾ ਸਾਥ ਬਹੁਤ ਹੀ ਵਧੀਆ ਢੰਗ ਨਾਲ ਦਿੱਤਾ ਅਤੇ ਇਸ ਨਾਟਕ ਨੂੰ ਇੱਕ ਕਹਾਣੀ ਵਾਂਗ ਅੱਗੇ ਤੋਰਿਆ। ਇਸ ਤੋਂ ਇਲਾਵਾ ਲਘੂ ਨਾਟਕ ਵਿੱਚ ਇੱਕ ਗਾਇਕ ਦੀ ਭੂਮਿਕਾ ਸ੍ਰੀ ਸੰਦੀਪ ਕੰਬੋਜ ਨੇ ਇੱਕ ਵੱਖਰੇ ਅੰਦਾਜ ਵਿਚ ਪੱਥਰੀ ਦੇ ਦਰਦ ਨੂੰ ਕਮੇਡੀ ਰੂਪ ਦਿੰਦੇ ਹੋਏ ਪੇਸ਼ ਕੀਤੀ, ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।

ਅੰਤ ਵਿੱਚ ਇਸ ਨਾਟਕ ਰਾਹੀਂ ਸ੍ਰੀ ਜਰਨੈਲ ਹੁਸ਼ਿਆਰਪੁਰੀ ਵੱਲੋਂ ਇੱਕ ਫਕੀਰ ਦਾ ਰੋਲ ਅਦਾ ਕਰਦੇ ਹੋਏ ਸਮਾਜ ਨੂੰ ਇਕ ਸੁਨੇਹਾ ਦਿੱਤਾ ਗਿਆ ਕਿ ਆਪਣੀ ਧਰਤੀ ਨੂੰ ਰਿਸ਼ਵਤਖੋਰੀ, ਬੇਰੁਜ਼ਗਾਰੀ, ਜਾਤਾਂ-ਪਾਤਾਂ ਅਤੇ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਲਈ ਉਪਰਾਲੇ ਕਰੇ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖੋ ਤਾਂ ਜੋ ਰੱਬ ਵੀ ਕਹੇ ਕਿ ਇਹ ਧਰਤੀ ਚੰਨ ਨਾਲੋਂ ਵੀ ਸੋਹਣੀ ਹੈ, ਚੰਨ ਨਾਲੋਂ ਸੋਹਣੀ ਹੈ, ਚੰਨ ਨਾਲੋਂ ਸੋਹਣੀ ਹੈ।