'ਪ੍ਰਮਾਤਮਾ ਨੂੰ ਹਾਜ਼ਰ ਮੰਨ ਕੇ ਕਹਿੰਦੀ ਹਾਂ ਕਿਸਾਨਾਂ ਲਈ ਮੈਂ ਕੋਈ ਕਸਰ ਨਹੀਂ ਛੱਡੀ' - ਬੀਬੀ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਸਿੰਘ ਨੂੰ 2019 ਦਾ ਹੀ ਪਤਾ ਸੀ ਕਿ ਇਹ ਬਿੱਲ ਲਾਗੂ ਹੋਣਗੇ ਪਰ ਉਹਨਾਂ ਨੇ ਇਸ ਗੱਲ ਦੀ ਬਿਲਕੁਲ ਵੀ ਭਿਣਕ ਨਹੀਂ ਕੱਢੀ

Harsimrat Kaur Badal

ਚੰਡੀਗੜ੍ਹ - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸਾ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ 'ਪੰਜਾਬ ਬੰਦ' ਦੇ ਸੱਦੇ ਨੂੰ ਸੂਬੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਅੱਜ ਕਿਸਾਨੀ ਹੱਕਾਂ ਲਈ ਸੰਘਰਸ਼ ਵਿੱਢ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਿਸਾਨਾਂ ਦੇ ਹੱਕਾਂ ਲਈ ਕੇਂਦਰੀ ਕੈਬਨਿਟ ਤੋਂ ਅਸਤੀਫਾ ਦੇਣ ਵਾਲੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਟਰੈਕਟਰ 'ਤੇ ਰੋਡ ਸ਼ੋਅ ਕੱਢਿਆ ਗਿਆ।

ਸੁਖਬੀਰ ਬਾਦਲ ਆਪਣੇ ਬਾਦਲ ਪਿੰਡ ਤੋਂ ਚਲ ਕੇ ਲੰਬੀ ਧਰਨੇ 'ਚ ਪਹੁੰਚੇ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਤੇ ਉਹ ਹਮੇਸ਼ਾ ਕਿਸਾਨਾਂ ਨਾਲ ਖੜ੍ਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀ ਲੜਾਈ ਲਈ ਸੰਘਰਸ਼ ਵਿੱਢ ਦਿੱਤਾ ਗਿਆ ਹੈ ਤੇ ਕਿਸਾਨਾਂ ਨੂੰ ਉਹਨਾਂ ਦਾ ਹੱਕ ਦਿਵਾ ਕੇ ਰਹਾਂਗੇ।

ਲੰਬੀ ਧਰਨੇ ਦੌਰਾਨ ਹਰਸਿਮਰਤ ਬਾਦਲ ਨੇ ਲਾਈਵ ਹੋ ਕੇ ਕਿਹਾ ਕਿ ਮੈਂ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਦੀ ਧੀ ਜਿਸ ਨੂੰ ਕਿਸਾਨ ਭਰਾਵਾਂ ਨੇ ਘਰ ਦੀ ਰਸੋਈ ਤੋਂ ਚੁੱਕ ਕੇ ਕੇਂਦਰ ਦੀ ਸਰਕਾਰ ਵਿਚ ਆਹੁਦਾ ਦਿਵਾਇਆ ਤੇ ਹੁਣ ਇਹ ਅਹੁਦਾ ਠੁਕਰਾਂ ਕੇ ਮੈਂ ਆਪਣੇ ਕਿਸਾਨ ਭਰਾਵਾਂ ਨਾਲ ਖੜ੍ਹੀ ਹੋਈ ਹਾਂ ਮੈਨੂੰ ਪ੍ਰਮਾਤਮਾ ਨੇ ਐਨੀ ਸਮੱਤ ਬਖਸ਼ੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ। ਬੀਬੀ ਬਾਦਲ ਨੇ ਕਿਹਾ ਕਿ ਕਿਸਾਨ ਭਰਾਵਾਂ ਨੇ ਜਿੰਨਾ ਕੁੱਝ ਸਾਡੀ ਪਾਰਟੀ ਲਈ ਸਾਡੇ ਪਰਿਵਾਰ ਲਈ ਕੀਤਾ ਸਾਡਾ ਪਰਿਵਾਰ ਕਦੇ ਵੀ ਉਸ ਦਾ ਮੁੱਲ ਨਹੀਂ ਮੋੜ ਸਕਦਾ।

ਉਹਨਾਂ ਨੇ ਕਿਹਾ ਕਿ ਅੱਜ ਦਾ ਇਤਿਹਾਸ ਗਵਾਹ ਕਿ ਕੈਪਟਨ ਸਰਕਾਰ ਕਰ ਕੇ ਸਾਡੇ ਪੰਜਾਬ ਵਿਚ ਇਹ ਮਹੌਲ ਬਣਿਆ ਹੈ ਕਿਸਾਨਾਂ ਦੇ ਸਾਹਮਣੇ ਸਥਿਤੀ ਚਣੌਤੀਪੂਰਨ ਬਣੀ ਹੋਈ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਜੇ ਕਿਸੇ ਵੀ ਖਾਸ ਮੁੱਦੇ 'ਤੇ ਸਲਾਹ ਮਸ਼ਵਰਾ ਕਰਦੀ ਹੈ ਤਾਂ ਉਹ ਕਿਸੇ ਪਾਰਟੀ ਨਾਲ ਨਹੀਂ ਸੂਬੇ ਦੀਆਂ ਸਰਕਾਰਾਂ ਨਾਲ ਕਰਦੀ ਹੈ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ 2019 ਦਾ ਹੀ ਪਤਾ ਸੀ ਕਿ ਇਹ ਬਿੱਲ ਲਾਗੂ ਹੋਣਗੇ ਪਰ ਉਹਨਾਂ ਨੇ ਇਸ ਗੱਲ ਦੀ ਬਿਲਕੁਲ ਵੀ ਭਿਣਕ ਨਹੀਂ ਕੱਢੀ।