ਸੁਮੇਧ ਸੈਣੀ ਵਿਰੁਧ ਡਾਕਟਰ ਭਗਵਾਨ ਸਿੰਘ ਨੇ ਦਿਤੀ ਅਹਿਮ ਗਵਾਹੀ

ਏਜੰਸੀ

ਖ਼ਬਰਾਂ, ਪੰਜਾਬ

ਸੁਮੇਧ ਸੈਣੀ ਵਿਰੁਧ ਡਾਕਟਰ ਭਗਵਾਨ ਸਿੰਘ ਨੇ ਦਿਤੀ ਅਹਿਮ ਗਵਾਹੀ

image

ਕਿਹਾ, ਸੈਣੀ ਨੇ ਮੇਰੇ 'ਤੇ ਤਸ਼ੱਦਦ ਕੀਤਾ ਅਤੇ ਮੁਲਤਾਨੀ ਤੇ ਬੁਲਾਰਾ ਨੂੰ ਮਾਰ ਮੁਕਾਇਆ ਹੋਣਾ ਕਬੂਲਿਆ

ਚੰਡੀਗੜ੍ਹ, 24 ਸਤੰਬਰ, (ਨੀਲ ਭਾਲਿੰਦਰ ਸਿੰਘ): ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ (ਡੀਜੀਪੀ) ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਮਹੀਨੇ ਭਰ ਤੋਂ ਰੂਪੋਸ਼ ਸੁਮੇਧ ਸੈਣੀ ਵਿਰੁਧ ਮੋਹਾਲੀ ਦੀ ਇਕ ਅਦਾਲਤ ਵਿਚ ਡਾਕਟਰ ਭਗਵਾਨ ਸਿੰਘ ਨਾਂਅ ਦੇ ਵਿਅਕਤੀ ਨੇ ਗਵਾਹੀ ਦਿਤੀ ਹੈ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀਪਿਕਾ ਸਿੰਘ ਦੇ ਹੁਕਮਾਂ ਉਤੇ ਇਲਾਕਾ ਮੈਜਿਸਟਰੇਟ ਖਿਆਤੀ ਗੋਇਲ ਕੋਲ  ਅਪਣੇ ਐਡਵੋਕੇਟ ਸਿਮਰਨਜੀਤ ਸਿੰਘ ਦੀ ਮੌਜੂਦਗੀ ਵਿਚ ਸੀਆਰਸੀਪੀ-164 ਦੇ ਬਿਆਨਾਂ ਵਿਚ ਭਗਵਾਨ ਸਿੰਘ ਨੇ ਸੈਣੀ ਦੇ ਪੁਰਾਣੇ ਗੁਨਾਹਾਂ ਬਾਰੇ ਜ਼ਿਕਰ ਕੀਤਾ ਹੈ। ਅਪਣੇ ਆਪ ਨੂੰ ਪੰਜਾਬ ਯੂਨੀਵਰਸਟੀ ਦਾ ਪੁਰਾਣਾ ਵਿਦਿਆਰਥੀ ਤੇ ਤਤਕਾਲ ਸਮੇਂ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦਾ ਪ੍ਰਧਾਨ ਹੋਣ ਦਾ ਦਾਅਵਾ ਕਰਦਿਆਂ ਡਾ. ਭਗਵਾਨ ਸਿੰਘ ਨੇ ਦਸਿਆ ਹੈ ਕਿ ਸਾਲ 1991 ਵਿਚ ਸੁਮੇਧ ਸਿੰਘ ਸੈਣੀ ਨੇ ਚੰਡੀਗੜ੍ਹ ਤੈਨਾਤ ਹੁੰਦੇ ਹੋਏ ਉਸ ਨੂੰ ਵੀ ਬੰਬ ਧਮਾਕੇ ਦੇ ਮਾਮਲੇ ਵਿਚ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਸੀ। ਭਗਵਾਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ 29 ਜਨਵਰੀ 1992 ਦੀ ਦਰਮਿਆਨੀ ਰਾਤ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਸੀਆਰਪੀਐਫ਼ ਕੈਂਪ ਪਿੰਜੋਰ ਗਾਰਡਨ ਦੇ ਸਾਹਮਣੇ ਮੱਲਾਂ ਕੈਂਪ ਵਿਚ ਲਿਜਾਇਆ ਗਿਆ। ਉਸ ਦੇ ਬਿਆਨਾਂ ਮੁਤਾਬਕ 31 ਜਨਵਰੀ 1992 ਨੂੰ ਸੁਮੇਧ ਸਿੰਘ ਸੈਣੀ ਨੇ ਖ਼ੁਦ ਉਸ ਦੀ (ਭਗਵਾਨ ਸਿੰਘ ਦੀ) ਇੰਟੈਰੋਗੇਸ਼ਨ ਕੀਤੀ ਤੇ ਤਸ਼ੱਦਦ ਢਹਾਉਂਦਿਆਂ ਉਸ 'ਤੇ ਬੰਬ ਧਮਾਕੇ ਦਾ ਮਾਸਟਰ ਮਾਈਂਡ ਦਸਿਆ।ਭਗਵਾਨ ਸਿੰਘ ਨੇ ਦਸਿਆ ਕਿ ਸੈਣੀ ਨੇ ਉਸ ਤਸ਼ੱਦਦ ਦੌਰਾਨ ਮੈਨੂੰ ਇਹ ਵੀ ਕਿਹਾ ਕਿ ਉਸ ਨੇ (ਸੁਮੇਧ ਸਿੰਘ ਸੈਣੀ ਨੇ) ਰਜਿੰਦਰ ਸਿੰਘ ਬੁਲਾਰਾ ਤੇ ਦਲੇਰ ਸਿੰਘ ਮੁਲਤਾਨੀ ਨੂੰ ਮਾਰ ਦਿਤਾ ਹੈ। ਸੈਣੀ ਨੇ ਉਸ ਨੂੰ ਇਹ ਵੀ ਕਿਹਾ ਕਿ ਬੁਲਾਰਾ ਦੀ ਪਤਨੀ ਰੋਂਦੀ ਫਿਰਦੀ ਹੈ ਹੁਣ ਮੈਂ ਕਿਥੋਂ ਲਿਆ ਦਿਆਂ ਉਸ ਨੁੰ ਬੁਲਾਰਾ? ਅਪਣੇ ਬਿਆਨਾਂ ਵਿਚ ਇਹ ਵੀ ਕਿਹਾ ਹੈ ਕਿ ਸੈਣੀ ਨੇ ਖ਼ੁਦ ਇਹ ਗੱਲ ਉਸ ਨੂੰ ਕਹੀ ਸੀ ਕਿ ਖਾੜਕੂ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੰਥਕ ਕਮੇਟੀ ਦੇ ਮੈਂਬਰ ਅਰੂੜ ਸਿੰਘ ਨੂੰ ਵੀ ਅਪਣੇ ਬੰਦਿਆਂ ਤੋਂ ਮਰਵਾ ਦਿਤਾ ਹੈ।