ਪ੍ਰਮਾਣੂ ਵਿਗਿਆਨੀ ਸ਼ੇਖ਼ਰ ਬਾਸੂ ਦਾ ਕੋਰੋਨਾ ਕਾਰਨ ਦੇਹਾਂਤ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਮਾਣੂ ਵਿਗਿਆਨੀ ਸ਼ੇਖ਼ਰ ਬਾਸੂ ਦਾ ਕੋਰੋਨਾ ਕਾਰਨ ਦੇਹਾਂਤ

image

ਨਵੀਂ ਦਿੱਲੀ, 24 ਸਤੰਬਰ : ਕੋਰੋਨਾ ਮਹਾਂਮਾਰੀ ਦੀ ਵਜ੍ਹਾ ਨਾਲ ਅੱਜ ਦੇਸ਼ ਨੇ ਵਿਸ਼ਵ ਪ੍ਰਸਿੱਧ ਪ੍ਰਮਾਣੂ ਵਿਗਿਆਨੀ ਅਤੇ ਪਦਮ ਸ਼੍ਰੀ ਨਾਲ ਸਨਮਾਨਤ ਡਾ. ਸ਼ੇਖ਼ਰ ਬਾਸੂ ਨੂੰ ਗੁਆ ਦਿਤਾ। 68 ਸਾਲਾ ਸ਼ੇਖ਼ਰ ਬਾਸੂ ਨੇ ਅੱਜ ਇਕ ਨਿਜੀ ਹਸਪਤਾਲ 'ਚ ਆਖ਼ਰੀ ਸਾਹ ਲਈ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਸੂਬਾ ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦਿਤੀ ਹੈ। ਅਧਿਕਾਰੀ ਨੇ ਦਸਿਆ ਕਿ ਸੇਖ਼ਰ ਬਾਸੂ ਕੋਰੋਨਾ ਮਹਾਂਮਾਰੀ ਤੋਂ ਇਲਾਵਾ ਕਈ ਹੋਰ ਬੀਮਾਰੀਆਂ ਤੋਂ ਪੀੜਤ ਸਨ, ਅੱਜ ਸਵੇਰੇ 4 ਵਜ ਕੇ 50 ਮਿੰਟ 'ਤੇ ਉਨ੍ਹਾਂ ਦੁਨੀਆ ਨੂੰ ਅਲਵਿਦਾ ਕਿਹਾ। ਡਾ. ਸ਼ੇਖ਼ਰ ਬਾਸੂ ਨੂੰ ਦੇਸ਼ ਪ੍ਰਮਾਣੂ ਊਰਜਾ ਪ੍ਰੋਗਰਾਮ 'ਚ ਉਨ੍ਹਾਂ ਦੇ  ਯੋਗਦਾਨ ਲਈ ਹਮੇਸ਼ਾ ਯਾਦ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ  ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ ਹੈ। ਡਾ. ਸ਼ੇਖ਼ਰ ਬਾਸੂ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ, ਮੈਂ ਪ੍ਰਮਾਣੂ ਊਰਜਾ ਵਿਗਿਆਨੀ ਡਾ. ਸ਼ੇਖ਼ਰ ਬਾਸੂ ਦੇ ਦੇਹਾਂਤ ਤੋਂ ਦੁਖੀ ਹਾਂ, ਜਿਨ੍ਹਾਂ ਨੇ ਪ੍ਰਮਾਣੂ ਵਿਗਿਆਨ ਅਤੇ ਇੰਜੀਨਿਅਰਿੰਗ 'ਚ ਭਾਰਤ ਨੂੰ ਇਕ ਆਗੂ ਦੇਸ਼ ਦੇ ਰੂਪ 'ਚ ਸਥਾਪਤ ਕਰਨ 'ਚ ਮਹੱਤਵਪੂਰਣ ਭੂਮਿਕਾ ਨਿਭਾਈ। ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਉਨ੍ਹਾਂ ਦੇ ਪਰਵਾਰ ਅਤੇ ਦੋਸਤਾਂ ਨਾਲ ਹਨ।      (ਏਜੰਸੀ)