ਸ਼ਿਵਾਂਗੀ ਸਿੰਘ ਬਣੀ 'ਰਾਫ਼ੇਲ' ਉਡਾਉਣ ਵਾਲੀ ਪਹਿਲੀ ਮਹਿਲਾ ਪਾਇਲਟ

ਏਜੰਸੀ

ਖ਼ਬਰਾਂ, ਪੰਜਾਬ

ਸ਼ਿਵਾਂਗੀ ਸਿੰਘ ਬਣੀ 'ਰਾਫ਼ੇਲ' ਉਡਾਉਣ ਵਾਲੀ ਪਹਿਲੀ ਮਹਿਲਾ ਪਾਇਲਟ

image

ਨਵੀਂ ਦਿੱਲੀ, 24 ਸਤੰਬਰ : ਵਾਰਾਣਸੀ ਦੀ ਧੀ ਸ਼ਿਵਾਂਗੀ ਸਿੰਘ ਲੜਾਕੂ ਰਾਫ਼ੇਲ ਜਹਾਜ਼ ਉਡਾਉਣ ਵਾਲੀ ਪਹਿਲੀ ਮਹਿਲਾ ਪਾਇਲਟ ਬਣੀ ਹੈ। ਸ਼ਿਵਾਂਗੀ ਨੂੰ ਰਾਫ਼ੇਲ ਜਹਾਜ਼ ਦੇ ਸਕੁਐਡਰਨ ਦੀ ਪਹਿਲੀ ਮਹਿਲਾ ਪਾਇਲਟ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਉਸ ਨੂੰ ਦੇਸ਼ ਦੇ ਸੱਭ ਤੋਂ ਸ਼ਕਤੀਸ਼ਾਲੀ ਰਾਫ਼ੇਲ ਜਹਾਜ਼ ਉਡਾਣ ਦੀ ਜ਼ਿੰਮੇਵਾਰੀ ਮਿਲੀ ਹੈ। ਬੇਟੀ ਨੂੰ ਮਿਲੇ ਇਸ ਐਵਾਰਡ ਤੋਂ ਬਾਅਦ ਪੂਰੇ ਪਰਵਾਰ ਵਿਚ ਭਾਰੀ ਉਤਸ਼ਾਹ ਹੈ ਅਤੇ ਸ਼ਿਵਾਂਗੀ ਦੇ ਪਰਵਾਰ ਨੂੰ ਵਧਾਈ ਦਿਤੀ ਜਾ ਰਹੀ ਹੈ।
ਸ਼ਿਵਾਂਗੀ ਸਿੰਘ ਵਿਚ ਲੜਾਕੂ ਪਾਇਲਟ ਬਣਨ ਦਾ ਜਨੂੰਨ ਉਸ ਦੇ ਕਰਨਲ ਨਾਨਾ ਤੋਂ ਆਇਆ। ਇਹ ਸੁਪਨਾ ਸਾਲ 2015 ਵਿਚ ਪੂਰਾ ਹੋਇਆ ਸੀ ਜਦੋਂ ਉਸ ਨੂੰ ਭਾਰਤੀ ਹਵਾਈ ਸੈਨਾ ਵਿਚ ਇਕ ਉਡਾਣ ਅਧਿਕਾਰੀ ਵਜੋਂ ਚੁਣਿਆ ਗਿਆ ਸੀ। ਵਾਰਾਣਸੀ ਦੀ ਰਹਿਣ ਵਾਲੀ ਫ਼ਲਾਈਟ ਲੈਫ਼ਟੀਨੈਂਟ ਸ਼ਿਵਾਂਗੀ ਸਿੰਘ ਇਸ ਸਮੇਂ ਰਾਜਸਥਾਨ ਏਅਰਬੇਸ ਵਿਖੇ ਤੈਨਾਤ ਹੈ ਅਤੇ ਫ਼ਿਲਹਾਲ ਮਿਗ -21 ਲੜਾਕੂ ਜਹਾਜ਼ ਉਡਾਉਂਦੀ ਹੈ। ਜਲਦ ਹੀ ਯੂਪੀ ਦੀ ਇਹ ਧੀ ਐਲਏਸੀ 'ਤੇ ਰਾਫ਼ੇਲ ਲੜਾਕੂ ਜਹਾਜ਼ ਉਡਾਉਂਦੀ ਵੇਖੀ ਜਾਵੇਗੀ। ਫ਼ਲਾਈਟ ਲੈਫ਼ਟੀਨੈਂਟ ਸ਼ਿਵਾਂਗੀ ਸਿੰਘ ਸਿਖ਼ਲਾਈ ਪੂਰੀ ਕਰ ਕੇ ਹਵਾਈ ਫ਼ੌਜ ਦੇ ਅੰਬਾਲਾ ਬੇਸ 'ਤੇ 17 'ਗੋਲਡਨ ਏਰੋਜ਼' ਸਕੁਐਡਰਨ 'ਚ ਰਸਮੀ ਤੌਰ 'ਤੇ ਐਂਟਰੀ ਕਰੇਗੀ।
ਕਿਸੇ ਪਾਇਲਟ ਨੂੰ ਇਕ ਲੜਾਕੂ ਜਹਾਜ਼ ਨੂੰ ਉਡਾਉਣ ਲਈ 'ਕਨਵਰਜਨ ਟ੍ਰੇਨਿੰਗ' ਲੈਣ ਦੀ ਜ਼ਰੂਰਤ ਹੁੰਦੀ ਹੈ। ਹਾਲਾਂਕਿ ਮਿਗ-21ਐਸ ਉਡਾ ਚੁੱਕੀ ਸ਼ਿਵਾਂਗੀ ਲਈ ਰਾਫ਼ੇਲ ਜਹਾਜ਼ ਉਡਾਉਣਾ ਕੋਈ ਚੁਣੌਤੀਪੂਰਨ ਕੰਮ ਨਹੀਂ ਹੋਵੇਗਾ, ਕਿਉਂਕਿ ਮਿਗ 340 ਪ੍ਰਤੀ ਕਿਲੋਮੀਟਰ ਦੀ ਸਪੀਡ ਨਾਲ ਦੁਨੀਆ ਦਾ ਸਭ ਤੋਂ ਤੇਜ਼ ਲੈਂਡਿੰਗ ਅਤੇ ਟੇਕ-ਆਫ਼ ਸਪੀਡ ਵਾਲਾ ਜਹਾਜ਼ ਹੈ। ਇਕ ਪਾਇਲਟ ਨੂੰ ਸਿਖਲਾਈ ਦੇਣ ਲਈ 15 ਕਰੋੜ ਰੁਪਏ ਦਾ ਖ਼ਰਚ ਆਉਂਦਾ ਹੈ। ਸ਼ਿਵਾਂਗੀ ਪਹਿਲਾਂ ਰਾਜਸਥਾਨ ਦੇ ਫ਼ਾਰਵਰਡ ਫ਼ਾਈਟਰ ਬੇਸ 'ਤੇ ਤੈਨਾਤ ਸੀ, ਜਿਥੇ ਉਨ੍ਹਾਂ ਨੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨਾਲ ਉਡਾਣ ਭਰੀ ਸੀ। (ਏਜੰਸੀ)