ਇਹ ਜੋੜੇ ਕਿਸਾਨਾਂ ਦੀ ਹਮਾਇਤ 'ਚ ਨਹੀਂ ਮਨਾਉਣਗੇ ਜਨਮਦਿਨ ਅਤੇ ਵਿਆਹ ਦੀ ਵਰ੍ਹੇਗੰਢ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਦੇ ਅੰਨਦਾਤੇ ਨਾਲ ਖੜ੍ਹਨ ਦਾ ਸਮਾਂ ਹੈ ਜਿਸ ਤੋਂ ਉਹ ਮੁੱਖ ਨਹੀਂ ਮੋੜ ਸਕਦੇ

Farmers Protest

ਮੁਹਾਲੀ: ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਹਰ ਪੰਜਾਬ ਹਿਤੈਸ਼ੀ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿੱਥੇ ਪੰਜਾਬ ਦੇ ਗਾਇਕ ਤੇ ਕਲਾਕਾਰ ਕਿਸਾਨਾਂ ਦੀ ਪਿੱਠ 'ਤੇ ਆ ਗਏ ਹਨ ਉੱਥੇ ਛੋਟੇ ਦੁਕਾਨਦਾਰਾਂ ਵੱਲੋਂ ਵੀ ਕਿਸਾਨਾਂ ਦੇ ਘੋਲ ਦੀ ਹਮਾਇਤ ਕੀਤੀ ਜਾ ਰਹੀ ਹੈ।

ਮਜ਼ਦੂਰ ਵਰਗ ਪਹਿਲਾਂ ਤੋਂ ਹੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਇਸ ਸੰਘਰਸ਼ ਵਿੱਚ ਨਿੱਤਰਿਆ ਹੋਇਆ ਹੈ। ਸੋਸ਼ਲ ਮੀਡੀਆ ਤੇ ਕਿਸਾਨਾਂ ਦੀ ਹਮਾਇਤ ਦੀਆਂ ਤਸਵੀਰਾਂ ਦਾ ਹੜ੍ਹ ਆਇਆ ਹੋਇਆ ਹੈ।

ਲੁਧਿਆਣਾ ਦੇ ਨੇੜਲੇ ਪਿੰਡ ਗਿੱਲ ਕਲਾਂ ਦਾ ਮਲਕੀਤ ਸਿੰਘ ਕਹਿੰਦਾ ਹੈ ਕਿ ਅੱਜ ਉਸ ਦਾ ਜਨਮ ਦਿਨ ਹੈ ਪਰ ਉਹ ਨਹੀਂ ਮਨਾਵੇਗਾ, ਸਗੋਂ ਕਿਸਾਨਾਂ ਦੀ ਹਮਾਇਤ ਵਿਚ ਦਿੱਤੇ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਵਿਚ ਆਪਣਾ ਯੋਗਦਾਨ ਪਾਵੇਗਾ। ਉਸ ਦਾ ਕਹਿਣਾ ਹੈ ਕਿ ਜਨਮ ਦਿਨ ਤਾਂ ਹਰ ਸਾਲ ਹੀ ਆਉਂਦਾ ਹੈ। ਅੱਜ ਦੇਸ਼ ਦੇ ਅੰਨਦਾਤੇ ਨਾਲ ਖੜ੍ਹਨ ਦਾ ਸਮਾਂ ਹੈ ਜਿਸ ਤੋਂ ਉਹ ਮੁੱਖ ਨਹੀਂ ਮੋੜ ਸਕਦਾ।

ਸੰਗਰੂਰ ਦੇ ਰਾਜੇਸ਼ ਸਿੰਗਲਾ ਤੇ ਆਰਤੀ ਸਿੰਗਲਾ ਦੇ ਵਿਆਹ ਦੀ ਵਰੇਗੰਢ ਹੈ ਪਰ ਉਹ ਵੀ ਕਿਸਾਨਾਂ ਦੇ ਸਮਰਥਨ ਵਿਚ ਪੰਜਾਬ ਬੰਦ ਦੀ ਹਮਾਇਤ ਕਰਨਗੇ ਤੇ ਵਿਆਹ ਦੀ ਵਰੇਗੰਢ ਨਹੀਂ ਮਨਾਉਣਗੇ।

ਰਾਜੇਸ਼ ਦਾ ਕਹਿਣਾ ਹੈ ਕਿ ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਕਿਸਾਨੀ ਨਾਲ ਹੀ ਜੁੜਿਆ ਹੋਇਆ ਹੈ ਜੇਕਰ ਕਿਸਾਨੀ ਨਾ ਬਚੀ ਤਾਂ ਛੋਟੇ ਦੁਕਾਨਦਾਰ ਵੀ ਨਹੀਂ ਬਚਣਗੇ। ਉਸ ਦਾ ਕਹਿਣਾ ਹੈ ਕਿ ਛੋਟੀਆਂ ਮੰਡੀਆਂ ਵਿਚ ਆ ਰਹੇ ਮਾਲ ਕਲਚਰ ਨੇ ਪਹਿਲਾਂ ਹੀ ਛੋਟੇ ਦੁਕਾਨਦਾਰਾਂ ਦੇ ਵਪਾਰ ਨੂੰ ਨੁਕਸਾਨ ਪਹੁੰਚਾਇਆ ਹੈ।