ਮੁੱਖ ਮੰਤਰੀ ਚੰਨੀ ਨੂੰ ਸਿਰੋਪਾਉ ਨਾ ਦੇ ਕੇ ਸ਼੍ਰੋਮਣੀ ਕਮੇਟੀ ਨੇ ਉਡਾਈਆਂ ਮਰਿਆਦਾ ਦੀਆਂ ਧੱਜੀਆਂ : ਨ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਚੰਨੀ ਨੂੰ ਸਿਰੋਪਾਉ ਨਾ ਦੇ ਕੇ ਸ਼੍ਰੋਮਣੀ ਕਮੇਟੀ ਨੇ ਉਡਾਈਆਂ ਮਰਿਆਦਾ ਦੀਆਂ ਧੱਜੀਆਂ : ਨੰਗਲ

image

ਕਿਹਾ, ਬਾਦਲਾਂ ਦੇ ਇਸ਼ਾਰੇ ’ਤੇ ਗੁਰੂ ਸਾਹਿਬਾਨ ਦੇ ਫ਼ਲਸਫ਼ੇ 

ਕੋਟਕਪੂਰਾ, 24 ਸਤੰਬਰ (ਗੁਰਿੰਦਰ ਸਿੰਘ) : ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ਵਿਰੁਧ ਹੁਣ ਬਾਦਲਾਂ ਦੇ ਕਿਸੇ ਸਮੇਂ ਬਹੁਤ ਨਜ਼ਦੀਕੀ ਸਾਥੀ ਰਹੇ ਅਤੇ ਸ਼੍ਰੋੋਮਣੀ ਕਮੇਟੀ ਦੇ ਸਾਬਕਾ ਮੈਂਬਰਾਂ ਨੇ ਵੀ ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿਤੀ ਹੈ। 
ਬਾਦਲ ਪਰਵਾਰ ਦੇ ਅਤਿ ਨਜ਼ਦੀਕੀਆਂ ਵਜੋਂ ਜਾਣੇ ਜਾਂਦੇ ਜਥੇਦਾਰ ਮੱਖਣ ਸਿੰਘ ਨੰਗਲ ਸਾਬਕਾ ਮੈਂਬਰ ਐਸਜੀਪੀਸੀ ਨੇ ਪਿਛਲੇ ਦਿਨੀਂ ਬਤੌਰ ਮੁੱਖ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਚਰਨਜੀਤ ਸਿੰਘ ਚੰਨੀ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਿਰੋਪਾਉ ਨਾ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬੈਠੇ ਛੇ ਗੁਰੂ ਸਾਹਿਬਾਨ ਸਮੇਤ ਵੱਖ-ਵੱਖ ਜਾਤੀਆਂ ਨਾਲ ਸਬੰਧਤ ਭਗਤਾਂ, ਭੱਟਾਂ ਅਤੇ ਹੋਰ ਬਾਣੀ ਦੇ ਫ਼ਲਸਫ਼ੇ ਦੀ ਘੌਰ ਉਲੰਘਣਾ ਕੀਤੀ ਹੈ, ਕਿਉਂਕਿ ਗੁਰੁੂ ਗ੍ਰੰਥ ਸਾਹਿਬ ਵਲੋਂ ਤਾਂ ਜਾਤ-ਪਾਤ ਦਾ ਖ਼ਾਤਮਾ ਕਰ ਕੇ ਸੱਭ ਨੂੰ ਬਰਾਬਰਤਾ ਬਖਸ਼ ਕੇ ਊਚ ਨੀਚ ਦਾ ਖ਼ਾਤਮਾ ਕੀਤਾ ਗਿਆ ਹੈ ਪਰ ਐਸਜੀਪੀਸੀ ਵਲੋਂ ਇਕ ਗ਼ਰੀਬ ਪਰਵਾਰ ਨਾਲ ਸਬੰਧਤ ਮੁੱਖ ਮੰਤਰੀ ਨੂੰ ਵਿਰੋਧੀ ਪਾਰਟੀ ਨਾਲ ਸਬੰਧਤ ਹੋਣ ਦਾ ਕਹਿ ਕੇ ਮਾਣ-ਸਤਿਕਾਰ ਅਰਥਾਤ ਸਿਰੋਪਾਉ ਦੀ ਬਖਸ਼ਿਸ਼ ਨਾ ਦੇਣਾ ਨਿੰਦਣਯੋਗ, ਅਫ਼ਸੋਸਨਾਕ, ਦੁਖਦਾਇਕ ਅਤੇ ਸ਼ਰਮਨਾਕ ਹੈ। ਉਨ੍ਹਾਂ ਗੁਰੂ ਸਾਹਿਬਾਨ ਦੇ ਫ਼ਲਸਫ਼ੇ “ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” ਅਤੇ ‘ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ’ ਆਦਿਕ ਪੰਗਤੀਆਂ ਦਾ ਹਵਾਲਾ ਦਿੰਦਿਆਂ ਦਸਿਆ ਕਿ ਸਾਰੇ ਧਰਮਾਂ ਦੇ ਸਾਂਝੇ ਗੁਰਦਵਾਰਿਆਂ ਵਿਚ ਬਾਦਲਾਂ ਅਤੇ ਮਜੀਠੀਏ ਦੀ ਮਰਜ਼ੀ ਤੋਂ ਬਿਨਾ ਕਿਸੇ ਨੂੰ ਸਿਰੋਪਾਉ ਦੀ ਬਖਸ਼ਿਸ਼ ਨਾ ਦੇਣ ਵਾਲੀਆਂ ਘਟਨਾਵਾਂ ਨਿੰਦਣਯੋਗ ਹਨ। 
ਜਥੇਦਾਰ ਨੰਗਲ ਨੇ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਵੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਵਰਗੇ ਟਕਸਾਲੀ ਅਕਾਲੀ ਆਗੂਆਂ ਨਾਲ ਵੀ ਬਾਦਲਾਂ ਦੇ ਇਸ਼ਾਰੇ ’ਤੇ ਪਾਵਨ ਗੁਰਦਵਾਰਿਆਂ ’ਚ ਵਿਤਕਰੇਬਾਜ਼ੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਇਸ ਨੂੰ ਸਿੱਖ ਰਹਿਤ ਮਰਿਆਦਾ, ਪੰਥਕ ਸਿਧਾਂਤਾਂ ਦੀ ਉਲੰਘਣਾ ਅਤੇ ਭਾਈਚਾਰਕ ਸਾਂਝ ਵਿਚ ਫੁੱਟ ਪਾਉਣ ਦੀ ਹਰਕਤ ਦਸਿਆ।