ਮੈਂ ਸਹਿਮਤੀ ਵਾਪਸ ਲਈ ਪਰ ਪੰਜਾਬ ਦੇ ਭਲੇ ਲਈ ਸਲਾਹ ਦਿੰਦਾ ਰਹਾਂਗਾ: ਡਾ. ਪਿਆਰੇ ਲਾਲ ਗਰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

"ਸਿੱਧੂ ਦੇ ਮਿਸ਼ਨ 'ਚ ਅੜਿੱਕਾ ਤੇ ਮੇਰੀ ਜ਼ੁਬਾਨ ਬੰਦ ਕਰਨ ਦੀ ਹੋ ਰਹੀ ਸੀ ਕੋਸ਼ਿਸ਼"

Dr Pyare Lal Garg

ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਲਗਾਤਾਰ ਚਰਚਾ ਵਿਚ ਹਨ। ਪਿਛਲੇ ਦਿਨੀਂ ਨਵਜੋਤ ਸਿੱਧੂ ਦੇ ਸਲਾਹਕਾਰਾਂ ਦੀਆਂ ਟਿੱਪਣੀਆਂ ਵੀ ਸੁਰਖੀਆਂ ਵਿਚ ਰਹੀਆਂ, ਇਸ ਦੇ ਲਈ ਸਿਆਸੀ ਲੋਕ ਉਹਨਾਂ ਜ਼ਰੀਏ ਨਵਜੋਤ ਸਿੱਧੂ ’ਤੇ ਹਮਲੇ ਬੋਲ ਰਹੇ ਸਨ। ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਪਹਿਲਾਂ ਹੀ ਅਪਣਾ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਹੁਣ ਡਾ. ਪਿਆਰੇ ਲਾਲ ਗਰਗ ਨੇ ਵੀ ਨਵਜੋਤ ਸਿੰਘ ਸਿੱਧੂ ਦੀ ਸਲਾਹਕਾਰੀ ਛੱਡ ਦਿੱਤੀ। ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਨੇ ਡਾ. ਪਿਆਰੇ ਲਾਲ ਗਰਗ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਉਹਨਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼-

ਸਵਾਲ: ਤੁਸੀਂ ਨਵਜੋਤ ਸਿੱਧੂ ਤੋਂ ਸਹਿਮਤੀ ਵਾਪਸ ਲੈ ਲਈ। ਇਸ ਦਾ ਕਾਰਨ ਕੀ ਹੈ?

ਜਵਾਬ: ਕਾਰਨ ਸਪੱਸ਼ਟ ਹੈ। ਪੰਜਾਬ ਵਿਚ ਮੁੱਦਿਆਂ ਦੀ ਸਿਆਸਤ ਦੀ ਬਜਾਏ ਝੂਠੇ ਵਾਅਦੇ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਅਪਣੇ ਪਰਿਵਾਰ ਅਤੇ ਵਪਾਰ ਨੂੰ ਪਾਲਣ ਦੀ ਸਿਆਸਤ ਕੀਤੀ ਜਾਂਦੀ ਹੈ। ਜੇ ਅੱਜ ਜਾਂਚ ਹੋਵੇ ਤਾਂ ਸਭ ਸਾਹਮਣੇ ਆ ਜਾਵੇਗਾ। ਜੇ ਅਸੀਂ ਵੈਸੇ ਕੁਝ ਬੋਲਦੇ ਤਾਂ ਉਹਨਾਂ ਨੂੰ ਸਹਿਣਾ ਪੈਂਦਾ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਤਾਂ ਨਵਜੋਤ ਸਿੱਧੂ ਨੂੰ ਸਲਾਹ ਦੇਣਗੇ ਤਾਂ ਉਹਨਾਂ ਨੇ ਵਿਰੋਧ ਸ਼ੁਰੂ ਕੀਤਾ। ਇਹਨਾਂ ਨੂੰ ਸਾਡੇ ਉੱਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ।

ਸਵਾਲ: ਤੁਹਾਡੇ ਜ਼ਰੀਏ ਨਵਜੋਤ ਸਿੱਧੂ ’ਤੇ ਤੰਜ਼ ਕੱਸੇ ਜਾ ਰਹੇ ਸੀ?

ਜਵਾਬ: ਤੰਜ਼ ਹੀ ਨਹੀਂ ਉਹਨਾਂ ਨੂੰ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮੇਰੀ ਆਵਾਜ਼ ਨੂੰ ਦਬਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਇਕ ਐਮਪੀ ਨੇ ਬਿਆਨ ਦਿੱਤਾ ਕਿ ਇਹਨਾਂ ਨੂੰ ਤਾਂ ਦੇਸ਼ ਨਿਕਾਲਾ ਦੇ ਦੇਣਾ ਚਾਹੀਦਾ। ਅਸੀਂ ਸਿਰਫ ਚੰਗੀ ਰਾਇ ਦੇਣ ਲਈ ਹਾਂ। ਮੈਂ ਇਸ ਲੜਾਈ ਵਿਚ ਨਵਜੋਤ ਸਿੱਧੂ ਦਾ ਨੁਕਸਾਨ ਬਰਦਾਸ਼ਤ ਨਹੀਂ ਕਰ ਸਕਦਾ। ਮੇਰਾ ਹਮੇਸ਼ਾਂ ਤੋਂ ਇਹ ਅਸੂਲ ਰਿਹਾ ਹੈ ਕਿ ਜਿੱਥੇ ਮੈਨੂੰ ਲੱਗਦਾ ਹੈ ਕਿ ਮੈਂ ਯੋਗਦਾਨ ਨਹੀਂ ਦੇ ਸਕਦਾ ਹੋਵਾਂ, ਮੈਂ ਹਮੇਸ਼ਾਂ ਚੰਗਾ ਕੰਮ ਕਰਨ ਵਿਚ ਯਕੀਨ ਰੱਖਦਾ ਹਾਂ। ਮੈਂ ਨਕਾਰਾਤਮਕਤਾ ਵਿਚ ਯਕੀਨ ਨਹੀਂ ਰੱਖਦਾ। ਮੈਂ ਜਿੱਥੇ ਵੀ ਪ੍ਰਸ਼ਾਸਨ ਵਿਚ ਕੰਮ ਕੀਤਾ, ਕਦੀ ਵੀ ਸਜ਼ਾ ਦੇਣ ਵਿਚ ਯਕੀਨ ਨਹੀਂ ਕੀਤਾ ਤੇ ਨਾ ਹੀ ਪੁਰਾਣੇ ਪੋਤੜੇ ਖੋਲ੍ਹੇ।

ਜਦੋਂ ਤੱਕ ਮੇਰੇ ਸਾਹ ਚੱਲਦੇ ਨੇ ਮੈਂ ਪੰਜਾਬ ਦੇ ਹੱਕਾਂ ਲਈ, ਸੰਘਵਾਦ ਲਈ, ਕਿਨਾਰੇ ’ਤੇ ਕੀਤੇ ਗਏ ਲੋਕਾਂ ਲਈ, ਦੱਬੇ ਕੁਚਲੇ ਲੋਕਾਂ ਅਤੇ ਸੰਘਵਾਦ ਦੀਆਂ ਕਦਰਾਂ ਕੀਮਤਾਂ ਲਈ ਲੜਦਾ ਰਹਾਂਗਾ। ਮੈਨੂੰ ਕੋਈ ਨਹੀਂ ਰੋਕ ਸਕਦਾ। ਜੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਵਾ ਦਿੰਦੇ ਤਾਂ ਮੈਂ ਅਸਤੀਫਾ ਨਹੀਂ ਸੀ ਦੇਣਾ। ਮੈਂ ਅਸਤੀਫਾ ਉਦੋਂ ਦਿੱਤਾ ਜਦੋਂ ਨਵੇਂ ਮੁੱਖ ਮੰਤਰੀ ਨੇ ਸਹੁੰ ਚੁੱਕ ਲਈ। ਮੈਨੂੰ ਯਕੀਨ ਹੈ ਕਿ ਪਗਰਟ ਸਿੰਘ, ਨਵਜੋਤ ਸਿੱਧੂ, ਚਰਨਜੀਤ ਸਿੰਘ ਚੰਨੀ ਦੀ ਇਹ ਟੀਮ ਮਿਲ ਕੇ ਚੰਗਾ ਕੰਮ ਕਰਨਗੇ।  

ਸਵਾਲ: ਪੰਜਾਬ ਦੀ ਸਿਆਸਤ ਵਿਚੋਂ ਬਹੁਤ ਵੱਡਾ ਚਿਹਰਾ ਕੈਪਟਨ ਅਮਰਿੰਦਰ ਸਿੰਘ ਪਾਸੇ ਹੋ ਗਏ ਹਨ। ਨਵਜੋਤ ਸਿੱਧੂ ਨੂੰ ਸੁਪਰ ਸੀਐਮ ਵਜੋਂ ਦੇਖਿਆ ਜਾ ਰਿਹਾ ਹੈ। ਚਰਨਜੀਤ ਸਿੰਘ ਚੰਨੀ ਖੁਦ ਨੂੰ ਗਰੀਬਾਂ ਦਾ ਰਾਖਾ ਕਹਿ ਕੇ ਮੁੱਖ ਮੰਤਰੀ ਬਣੇ ਹਨ। ਇਸ ਸਾਰੀ ਤਸਵੀਰਾਂ ਵਿਚੋਂ ਤੁਹਾਨੂੰ ਕੋਈ ਪੰਜਾਬ ਦੇ ਭਲੇ ਦੀ ਗੱਲ ਨਜ਼ਰ ਆ ਰਹੀ ਹੈ?

ਜਵਾਬ: ਜਿਵੇਂ ਕਿਸਾਨ ਅੰਦੋਲਨ ਨੂੰ ਭਾਜਪਾ ਰਾਸ਼ਟਰ ਵਿਰੋਧੀ ਅਤੇ ਖਾਲਿਸਤਾਨੀ ਕਹਿੰਦੀ ਰਹੀ ਹੈ। ਇਸ ਤੋਂ ਇਲਾਵਾ ਵੀ ਕਈ ਹਮਲੇ ਕੀਤੇ ਪਰ ਅੰਦੋਲਨ ਜਾਰੀ ਹੈ। ਇਹ ਆਰੋਪ ਉਹਨਾਂ ਲੋਕਾਂ ਉੱਤੇ ਲਗਾਏ ਜਾ ਰਹੇ ਜਿਨ੍ਹਾਂ ਨੇ ਠੰਢ, ਗਰਮੀ, ਮੀਂਹ ਦਾ ਮੌਸਮ ਅਪਣੇ ਉੱਤੇ ਝੱਲਿਆ। ਇਹਨਾਂ ਦੇ 600 ਤੋਂ ਜ਼ਿਆਦਾ ਲੋਕ ਸ਼ਹੀਦ ਹੋ ਗਏ। ਉਸ ਕੌਮ ਉੱਤੇ ਆਰੋਪ ਲਗਾਏ ਜਾ ਰਹੇ ਹਨ, ਜਿਨ੍ਹਾਂ ਨੇ ਦੇਸ਼ ਲਈ ਕਈ ਕੁਰਬਾਨੀਆਂ ਦਿੱਤੀਆਂ। ਦੋਸ਼ ਲਗਾਉਣੇ ਬਹੁਤ ਸੌਖੇ ਨੇ।

ਮੈਂ ਨਹੀਂ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਦੇਸ਼ ਧ੍ਰੋਹੀ ਨੇ ਪਰ ਕੈਪਟਨ ਸਾਬ ਪੰਜਾਬ ਦੇ ਲੋਕਾਂ ਨੂੰ ਵੰਡ ਰਹੇ ਨੇ ਤੇ ਉਹਨਾਂ ਨੂੰ ਡਰਾ ਰਹੇ ਨੇ। ਉਹ ਭਾਜਪਾ ਨਾਲ ਰਲ ਕੇ 1984 ਵਾਲੀ ਘਟਨਾ ਫਿਰ ਤੋਂ ਦੁਹਰਾਉਣਾ ਚਾਹੁੰਦੇ ਹਨ। ਜਿਹੜਾ ਵਿਅਕਤੀ ਉਹ ਲਾਂਘਾ ਖੁਲਵਾਉਣ ਗਿਆ, ਜਿਸ ਦੇ ਦਰਸ਼ਨ ਦੀਦਾਰ ਲਈ ਕਰੋੜਾਂ ਸਿੱਖ ਰੋਜ਼ਾਨਾ ਅਰਦਾਸ ਕਰਦੇ ਹਨ। ਉਹ ਦੇਸ਼ ਧ੍ਰੋਹੀ ਕਿਵੇਂ ਹੋ ਗਿਆ। ਮੋਦੀ ਸਾਬ ਨਵਾਜ਼ ਸ਼ਰੀਫ ਨੂੰ ਜੱਫੀ ਪਾ ਕੇ ਆਏ ਸੀ, ਕੀ ਉਹ ਵੀ ਦੇਸ਼ ਧ੍ਰੋਹੀ ਹੋ ਗਏ? ਉਹਨਾਂ ਨੂੰ ਤਾਂ ਕਿਸੇ ਨੇ ਬੁਲਾਇਆ ਵੀ ਨਹੀਂ ਸੀ, ਉਹਨਾਂ ਨੇ ਤਾਂ ਲਾਂਘਾ ਵੀ ਨਹੀਂ ਖੁਲਵਾਇਆ। ਕੈਪਟਨ ਸਾਬ ਝੂਠੇ ਦੋਸ਼ ਲਗਾ ਰਹੇ ਹਨ। ਗੁਆਂਢੀਆਂ ਦੇਸ਼ਾਂ ਨਾਲ ਸਬੰਧ ਚੰਗੇ ਹੋਣੇ ਚਾਹੀਦੇ ਹਨ ਪਰ ਗੁਆਂਢੀ ਨਾਲ ਸਬੰਧ ਕਿਹੋ ਜਿਹੇ ਹੋਣਗੇ, ਉਹ ਕੇਂਦਰ ਸਰਕਾਰ ਦਾ ਕੰਮ ਹੈ। ਜੇ ਕੋਈ ਛੇੜਖਾਨੀ ਕੀਤੀ ਜਾਂਦੀ ਹੈ ਤਾਂ ਉਹ ਦੇਖਣਾ ਵੀ ਕੇਂਦਰ ਸਰਕਾਰ ਦਾ ਅਤੇ ਫੌਜ ਦਾ ਕੰਮ ਹੈ। ਸੂਬੇ ਨੂੰ  ਦਖਲਅੰਦਾਜ਼ੀ ਦਾ ਅਧਿਕਾਰ ਨਹੀਂ ਹੈ। ਕੈਪਟਨ ਸਾਬ ਨੇ ਕਿਹਾ ਕਿ ਅਸੀਂ ਪੰਜਾਬੀ ਜਾ ਕੇ ਪਾਕਿਸਤਾਨ ਨੂੰ ਸਬਕ ਸਿਖਾ ਦੇਵਾਂਗੇ, ਇਸ ਦਾ ਅਰਥ ਹੈ ਕਿ ਸਾਨੂੰ ਫੌਜ ਅਤੇ ਭਾਰਤ ਸਰਕਾਰ ਉੱਤੇ ਯਕੀਨ ਨਹੀਂ।

ਸਵਾਲ: ਤੁਹਾਡੇ ਹਿਸਾਬ ਨਾਲ 2022 ਵਿਚ ਕੀ ਹੋਣ ਜਾ ਰਿਹਾ ਹੈ? ਕਿਆਸ ਲਗਾਏ ਜਾ ਰਹੇ ਨੇ ਕਿ ਕੈਪਟਨ ਬਾਗੀ ਸੁਰ ਦਿਖਾ ਰਹੇ ਨੇ। ਤੁਹਾਡੇ ਅਨੁਸਾਰ ਉਹ ਕਿਹੜਾ ਪੈਂਤੜਾ ਖੇਡਣਗੇ?

ਜਵਾਬ: ਇਨਸਾਨ ਦੀ ਹਿੰਡ ਉਸ ਦਾ ਬਹੁਤ ਨੁਕਸਾਨ ਕਰਵਾਉਂਦੀ ਹੈ। ਮੋਦੀ ਸਾਬ ਦੀ ਹਿੰਡ ਨੇ ਵੀ ਇਹੀ ਕੁਝ ਕੀਤਾ। ਕਿਸਾਨ ਅੰਦੋਲਨ ਕਾਰਨ ਪੂਰੇ ਦੇਸ਼ ਅਤੇ ਮੋਦੀ ਸਾਬ ਦੀ ਭੰਡੀ ਹੋਈ ਹੈ। ਕੈਪਟਨ ਸਾਬ ਦੇ ਕਹਿਣ ਦਾ ਅਰਥ ਹੈ ਕਿ ਚਾਹੇ ਉਹਨਾਂ ਨੂੰ ਕਿਸੇ ਨਾਲ ਵੀ ਰਲਣਾ ਪਵੇ। ਮਤਲਬ ਉਹ ਪੰਜਾਬ ਦੇ ਵਿਰੁੱਧ ਵੀ ਜਾ ਸਕਦੇ ਨੇ ਪਰ ਨਵਜੋਤ ਸਿੱਧੂ ਨੂੰ ਸੀਐਮ ਨਹੀਂ ਬਣਨ ਦੇਣਾ। ਇਸ ਨੇ ਕੈਪਟਨ ਦੀ ਮਨਸ਼ਾ ਸਾਫ ਕਰ ਦਿੱਤੀ।
 

ਸਵਾਲ: 1996 ਵਿਚ ਵੀ ਹਰਚਰਨ ਸਿੰਘ ਬਰਾੜ ਦੀ ਸਰਕਾਰ 'ਚ ਉਠੀ ਬਗ਼ਾਵਤ ਤੋਂ ਬਾਅਦ ਹਰਚਰਨ ਸਿੰਘ ਨੂੰ  ਹਟਾ ਕੇ ਕਰੀਬ ਤਿੰਨ ਮਹੀਨਿਆਂ ਲਈ ਬੀਬੀ ਰਜਿੰਦਰ ਕੌਰ ਭੱਠਲ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀਇਸ ਤੋਂ ਬਾਅਦ ਜਦੋਂ 1997 ਵਿਚ ਚੋਣਾਂ ਹੋਈਆਂ ਤਾਂ ਕਾਂਗਰਸ ਨੂੰ 117 ਸੀਟਾਂ ਵਿਚੋਂ ਸਿਰਫ 14 ਸੀਟਾਂ ਹਾਸਲ ਹੋਈਆਂ। ਲਗਦਾ ਕਿ ਕਾਂਗਰਸ ਉਸ ਪਾਸੇ ਨੂੰ ਹੀ ਜਾ ਰਹੀ ਹੈ?

ਜਵਾਬ: ਨਹੀਂ। ਉਦੋਂ ਛੇ ਮਹੀਨੇ ਪਹਿਲਾਂ ਚੋਣਾਂ ਕਰਵਾਈਆਂ ਗਈਆਂ। ਜੇ ਸਮੇਂ ਸਿਰ ਚੋਣਾਂ ਹੁੰਦੀਆਂ ਤਾਂ ਕਾਂਗਰਸ ਨੂੰ 14 ਸੀਟਾਂ ਨਹੀਂ ਸੀ ਮਿਲਣੀਆਂ। ਕਾਂਗਰਸ ਜਿੱਤ ਹਾਸਲ ਕਰਦੀ।

ਸਵਾਲ: ਚਰਨਜੀਤ ਚੰਨੀ ਲਈ 4 ਮਹੀਨੇ ਕਾਫੀ ਨੇ?

ਜਵਾਬ: ਚਰਨਜੀਤ ਚੰਨੀ ਇਕੱਲਾ ਨਹੀਂ ਹੈ। ਉਸ ਨਾਲ ਪੂਰੀ ਟੀਮ ਹੈ। ਜਿਨ੍ਹਾਂ 40 ਲੋਕਾਂ ਨੇ ਵਿਰੋਧ ਕੀਤਾ ਸੀ, ਉਹ ਵੀ ਟੀਮ ਦਾ ਹਿੱਸਾ ਹਨ। ਪੂਰੀ ਟੀਮ ਮਿਲ ਕੇ ਕੰਮ ਕਰੇਗੀ। ਪੰਜਾਬ ਨੂੰ ਚੰਗਾ ਬਣਾਉਣ ਲਈ ਕੰਮ ਕਰਨ ਦਾ ਵੀ ਇਕ ਤਰੀਕਾ ਹੈ।  ਜਿਨ੍ਹਾਂ ਕੰਮਾਂ ਉੱਤੇ ਪੈਸਾ ਨਹੀਂ ਲੱਗਦਾ, ਉਹ ਕੰਮ ਪਹਿਲਾਂ ਕੀਤੇ ਜਾਣੇ ਚਾਹੀਦੇ ਨੇ। ਵਿਰੋਧੀ ਧਿਰਾਂ ਨੂੰ ਬੇਅਦਬੀ ਦਾ ਮਾਮਲਾ ਤੇ ਨਸ਼ਿਆਂ ਦਾ ਮਾਮਲਾ ਚੋਣਾਂ ਵੇਲੇ ਹੀ ਯਾਦ ਆਉਂਦਾ ਹੈ। ਇਹ ਵਿਰੋਧੀਆਂ ਦੀ ਸ਼ਤਰੰਜ ਹੈ ਜੇ ਚੰਨੀ ਤੇ ਸਿੱਧੂ ਇਸ ਉੱਤੇ ਖੇਡਣਗੇ ਤਾਂ ਜ਼ਰੂਰ ਹਾਰਨਗੇ।

ਜੇ ਪੰਜਾਬ ਦੇ ਪਿੰਡਾਂ ਵਿਚ ਬੀਡੀਓ, ਸੈਕਟਰੀ ਆਦਿ ਘੁੰਮਣਗੇ। ਮਨਗੇਰਾ ਵਰਕਰਾਂ ਦੇ ਕਾਰਡ ਬਣਨਗੇ ਤਾਂ ਪ੍ਰਚਾਰ ਦੀ ਲੋੜ ਹੀ ਨਹੀਂ ਹੋਵੇਗੀ ਤੇ ਖਰਚਾ ਵੀ ਬਚੇਗਾ। ਸਰਕਾਰ ਵਿਚ ਭੇਦਭਾਵ ਨਹੀਂ ਹੋਣਾ ਚਾਹੀਦਾ। ਮੈਂ ਹਰੇਕ ਨੂੰ ਸਲਾਹ ਦੇਣ ਲਈ ਤਿਆਰ ਹਾਂ। ਪੰਜਾਬ ਦੀ ਸੇਵਾ ਕਰਦਿਆਂ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਅਪਣੇ ਗਿਆਨ ਦੀ ਵਰਤੋਂ ਕਰਾਂ ਅਤੇ ਪੰਜਾਬ ਦੇ ਹੱਕਾਂ ਲਈ ਅਤੇ ਪੰਜਾਬ ਦੇ ਭਲੇ ਲਈ ਕੰਮ ਕਰਨ ਵਾਲੀ ਪਾਰਟੀ ਨੂੰ ਰਾਇ ਦੇਵਾਂ, ਚਾਹੇ ਉਹ ਆਪ ਹੋਵੇ, ਕਾਂਗਰਸ ਹੋਵੇ, ਅਕਾਲੀ ਦਲ ਹੋਵੇ ਜਾਂ ਫਿਰ ਭਾਜਪਾ ਹੋਵੇ।