ਪੰਜਾਬ ਬਾਰੇ ਗੁਰਦਰਸ਼ਨ ਢਿੱਲੋਂ ਨੇ ਕੀਤਾ ਵੱਡਾ ਦਾਅਵਾ, 2022 'ਚ ਬਣੇਗੀ ਰਲੀ-ਮਿਲੀ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਰਸ਼ਨ ਢਿੱਲੋਂ ਨੇ ਕੈਪਟਨ, ਬਾਦਲ ਤੇ ਭਗਵੰਤ ਸਭ ਰਗੜੇ, ਕਿਸੇ ਦਾ ਦਾਮਨ ਸਾਫ਼ ਨਹੀਂ

Gurdarshan Singh Dhillon

ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਪੰਜਾਬ ਦੀ ਸਿਆਸਤ ਵਿਚ ਬੀਤੇ ਦਿਨੀਂ ਵੱਡਾ ਫੇਰਬਦਲ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਉਹਨਾਂ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ। ਇਸ ਤੋਂ ਬਾਅਦ ਵੀ ਪੰਜਾਬ ਕਾਂਗਰਸ ਵਿਚ ਤਣਾਅ ਦੀ ਸਥਿਤੀ ਜਾਰੀ ਹੈ। ਪੰਜਾਬ ਦੇ ਸਿਆਸੀ ਮਸਲਿਆਂ ਬਾਰੇ ਰੋਜ਼ਾਨਾ ਸਪੋਕਸਮੈਨ ਨੇ ਉੱਘੇ ਵਿਦਵਾਨ ਗੁਰਦਰਸ਼ਨ ਸਿੰਘ ਢਿੱਲੋਂ  ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਉਹਨਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼

ਸਵਾਲ: ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਲਾਇਆ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰ ਦਿੱਤਾ ਗਿਆ। ਹੁਣ ਕੈਪਟਨ ਲਗਾਤਾਰ ਨਵਜੋਤ ਸਿੱਧੂ ’ਤੇ ਹਮਲਾਵਰ ਹੋ ਰਹੇ ਹਨ। ਤੁਸੀਂ ਸਾਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ?

ਜਵਾਬ: ਲੋਕ ਸਮਝਦੇ ਨੇ ਕਿ ਇਹ ਬਹੁਤ ਵੱਡੀ ਤਬਦੀਲੀ ਆਈ ਹੈ। ਇਹ ਕੋਈ ਤਬਦੀਲੀ ਨਹੀਂ ਹੋਈ, ਸਿਰਫ ਨਾਂਅ ਬਦਲੇ ਗਏ ਹਨ। ਕੋਈ ਵੀ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਅਪਣੇ ਸਲਾਹਕਾਰਾਂ ਕਰਕੇ ਜਾਣਿਆ ਜਾਂਦਾ ਹੈ। ਜੇ ਚੰਨੀ ਦਾ ਕੋਈ ਚੰਗਾ ਸਲਾਹਕਾਰ ਹੁੰਦਾ ਤਾਂ ਉਹਨਾਂ ਨੂੰ ਇਹ ਐਲਾਨ ਕਰਨ ਦੀ ਸਲਾਹ ਜ਼ਰੂਰ ਦਿੰਦਾ ਕਿ ਜੇਲ੍ਹਾਂ ਵਿਚ ਕੈਦ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇਗਾ। ਜੇ ਚੰਨੀ ਨੇ ਅਜਿਹਾ ਕੀਤਾ ਹੁੰਦਾ ਤਾਂ ਅੱਜ ਉਸ ਨੂੰ ਪੂਜਿਆ ਜਾਣਾ ਸੀ। ਜਿਸ ਤਰ੍ਹਾਂ ਦੀਆਂ ਉਹ ਗੱਲਾਂ ਕਰ ਰਿਹਾ, ਉਸ ਨਾਲ ਲੋਕਾਂ ਨੂੰ ਕੋਈ ਪ੍ਰੇਰਣਾ ਨਹੀਂ ਮਿਲੇਗੀ। ਮੁੱਖ ਮੰਤਰੀ ਉਸ ਨੂੰ ਬਣਨਾ ਚਾਹੀਦਾ ਹੈ, ਜਿਸ ਦੇ ਦਿਲ ਵਿਚ ਲੋਕਾਂ ਲਈ ਦਰਦ ਹੋਵੇ, ਜੋ ਇਮਾਨਦਾਰ ਹੋਵੇ, ਜੋ ਪੰਜਾਬ ਦੇ ਗਰੀਬ ਲੋਕਾਂ ਲਈ ਸਮਰਪਿਤ ਹੋਵੇ, ਜਿਸ ਦੀ ਪੰਜਾਬ ਲਈ ਪਰਿਪੱਕਤਾ ਹੋਵੇ। ਪੰਜਾਬ ਦੇ ਲੋਕ ਇਸ ਗੱਲ ਪਿਛੇ ਭੱਜੇ ਫਿਰਦੇ ਹਨ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਬਣੇ, ਜੱਟ ਸਿੱਖ ਬਣੇ, ਹਿੰਦੂ ਬਣੇ, ਮੁਸਲਮਾਨ ਬਣੇ ਜਾਂ ਦਲਿਤ ਬਣੇ।

ਸਵਾਲ: ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਬਿਆਨ ਦੇ ਰਹੇ ਨੇ ਕਿ ਨਵਜੋਤ ਸਿੱਧੂ ਪੰਜਾਬ ਲਈ ਖਤਰਾ ਹਨ। ਉਹਨਾਂ ਨੂੰ ਐਂਟੀ ਨੈਸ਼ਨਲ ਕਹਿ ਰਹੇ ਨੇ ਕਿਉਂਕਿ ਉਹਨਾਂ ਦੇ ਪਾਕਿਸਤਾਨ ਨਾਲ ਸਬੰਧ ਹਨ। ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ?

ਜਵਾਬ: ਉਹ ਗੱਲ ਦੀ ਅਸਲੀਅਤ ਨੂੰ ਨਹੀਂ ਸਮਝਦੇ। ਉਹਨਾਂ ਨੇ ਅਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਵੀ ਅਸਲੀਅਤ ਨੂੰ ਨਹੀਂ ਸਮਝਿਆ। ਉਹਨਾਂ ਨੇ ਅਪਣੀ ਕੋਠੀ ਵਿਚ ਆਰਾਮ ਹੀ ਕੀਤਾ। ਅੱਜ ਅਮਰਿੰਦਰ ਸਿੰਘ ਕਟਹਿੜੇ ਵਿਚ ਖੜੇ ਹਨ। ਜੇ ਚਰਨਜੀਤ ਚੰਨੀ ਵਿਚ ਤਾਕਤ ਜਾਂ ਨੈਤਿਕਤਾ ਹੁੰਦੀ ਤਾਂ ਕੈਪਟਨ ਨੂੰ ਜੇਲ੍ਹ ਭੇਜਣਾ ਚਾਹੀਦਾ ਸੀ। ਉਹ ਅਪਣੇ ਆਪ ਨੂੰ ਰਾਜਾ ਕਹਿੰਦੇ ਨੇ ਪਰ ਉਹਨਾਂ ਨੇ ਕਿਸ ਗਰੀਬ ਦਾ ਭਲਾ ਕੀਤਾ? ਕਿਸੇ ਸਕੂਲ ਜਾਂ ਹਸਪਤਾਲ ਲਈ ਦਾਨ ਦਿੱਤਾ? ਉਹਨਾਂ ਨੇ ਅਪਣੇ ਪਰਿਵਾਰ ਦਾ ਢਿੱਡ ਭਰਨ ਤੋਂ ਇਲਾਵਾ ਕੁਝ ਨਹੀਂ ਕੀਤਾ।

ਸਵਾਲ: ਇਸ ਵੇਲੇ ਜਿਸ ਤਰ੍ਹਾਂ ਨਵਜੋਤ ਸਿੱਧੂ ਨੂੰ ਲੈ ਕੇ ਚਰਚਾਵਾਂ ਛਿੜੀਆਂ ਹੋਈਆਂ ਹਨ। ਇਹ ਵੀ ਚਰਚਾ ਚੱਲ ਰਹੀ ਹੈ ਕਿ ਸੀਐਮ ਦਾ ਚਿਹਰਾ ਚੰਨੀ ਨੇ ਪਰ ਸੁਪਰ ਸੀਐਮ ਨਵਜੋਤ ਸਿੱਧੂ ਹਨ। ਤੁਸੀਂ ਨਵਜੋਤ ਸਿੱਧੂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਕਹਿੰਦੇ ਨੇ ਕਿ ਉਹ ਦੇਸ਼ ਲਈ ਖਤਰਾ ਹੈ?

ਜਵਾਬ: ਕੈਪਟਨ ਅਮਰਿੰਦਰ ਸਿੰਘ ਕੁਝ ਮਰਜ਼ੀ ਕਹੀ ਜਾਵੇ। ਕੈਪਟਨ ਇੱਥੇ ਮੋਦੀ ਦਾ ਏਜੰਡਾ ਚਲਾਉਂਦੇ ਰਹੇ। ਉਹਨਾਂ ਨੇ ਸਿੱਖਾਂ ਨੂੰ ਬਦਨਾਮ ਕੀਤਾ, ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ, ਸਿੱਖ ਬੱਚੇ ਜੇਲ੍ਹਾਂ ਵਿਚ ਸੁੱਟੇ। ਨਵਜੋਤ ਸਿੱਧੂ ਕੋਲ ਕੋਈ ਵਿਜ਼ਨ ਨਹੀਂ ਹੈ, ਸਿਵਾਏ ਖਿੱਲੜਬਾਜ਼ੀ ਕਰਨ ਦੇ। ਪੰਜਾਬ ਦੇ ਲੋਕਾਂ ਨੇ ਨਵਜੋਤ ਸਿੱਧੂ ਨੂੰ ਨਹੀਂ ਚੁਣਿਆ, ਉਸ ਨੂੰ ਚੁਣਿਆ ਹੈ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ।

ਸਵਾਲ: ਉਹ ਤਾਂ ਹਰ ਵਾਰ ਕਹਿੰਦੇ ਨੇ ਕਿ ਮੈਨੂੰ ਸਿਆਸਤ ਵਿਚ 17 ਸਾਲ ਹੋ ਗਏ ਤੇ ਮੈਂ ਕਦੀ ਹਾਰਿਆ ਨਹੀਂ। ਮੈਨੂੰ ਲੋਕਾਂ ਨੇ ਹਮੇਸ਼ਾਂ ਪਿਆਰ ਦਿੱਤਾ।

ਜਵਾਬ: ਜਿੱਤ ਕੇ ਤੁਸੀਂ ਪੰਜਾਬ ਦੇ ਲੋਕਾਂ ਲਈ ਕੀਤਾ ਕੀ ਹੈ? ਤੁਸੀਂ ਗਰੀਬਾਂ ਲਈ ਕੀ ਕੀਤਾ? ਉਹ ਕਹਿੰਦੇ ਨੇ ਕਿ ਮੈਨੂੰ ਮੁੱਖ ਮੰਤਰੀ ਬਣਾਓ ਤਾਂ ਤੁਸੀਂ ਮੁੱਖ ਮੰਤਰੀ ਬਣ ਕੇ ਕਰੋਗੇ ਕੀ? ਇਹ ਲੋਕ ਗੁਰੂਆਂ ਤੋਂ ਬੇਮੁਖ ਹੋਏ ਹਨ।

ਸਵਾਲ: ਪੰਜਾਬ ਵਿਚ ਇਹਨੀਂ ਦਿਨੀਂ ਸਿਆਸੀ ਤੌਰ ’ਤੇ ‘ਦਲਿਤ’ ਸ਼ਬਦ ਵਰਤਿਆ ਜਾ ਰਿਹਾ ਹੈ। ਭਾਜਪਾ ਨੇ ਵੀ ਕਿਹਾ ਕਿ ਸਾਡਾ ਸੀਐਮ ‘ਦਲਿਤ’ ਭਾਈਚਾਰੇ ਵਿਚੋਂ ਹੋਵੇਗਾ, ਸੁਖਬੀਰ ਬਾਦਲ ਨੇ ਵੀ ਕਿਹਾ ਸੀ ਕਿ ਅਸੀਂ ਇਕ ‘ਦਲਿਤ’ ਭਾਈਚਾਰੇ ਵਿਚੋਂ ਅਤੇ ਇਕ ਹਿੰਦੂ ਭਾਈਚਾਰੇ ਵਿਚੋਂ ਡਿਪਟੀ ਸੀਐਮ ਲਾਵਾਂਗੇ।

ਜਵਾਬ: ਚਰਨਜੀਤ ਸਿੰਘ ਚੰਨੀ ਕਿੰਨਾ ਸਮਾਂ ਮੰਤਰੀ ਰਹੇ ਅਤੇ ਤਿੰਨ ਵਾਰ ਵਿਧਾਇਕ ਰਹੇ। ਤਿੰਨ ਵਾਰੀ ਉਹਨਾਂ ਨੂੰ ਪੈਨਸ਼ਨ ਮਿਲੀ। ਉਸ ਵਿਚੋਂ ਉਹ ਦਸਵੰਧ ਕਿਸ ਲਈ ਕੱਢ ਰਹੇ ਨੇ। ਉਹ ਅਪਣਾ ਦਸਵੰਧ ਕੱਢ ਕੇ ਦਲਿਤ ਵਰਗ ਦੇ ਹੀ ਸਭ ਤੋਂ ਗਰੀਬ ਤਬਕੇ ਲਈ ਦੇਣ। ਦੇਣ ਨਾਲ ਹੀ ਗੱਲ ਬਣੇਗੀ ਲੈਣ ਨਾਲ ਨਹੀਂ। ਲੈਣ-ਦੇਣ ਦਾ ਦੁਨੀਆਂ ਵਿਚ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ। ਇਸੇ ਚੀਜ਼ ਦਾ ਖਮਿਆਜ਼ਾ ਕੈਰੋਂ ਤੋਂ ਲੈ ਕੇ ਅੱਜ ਤੱਕ ਦੇ ਸਾਰੇ 16 ਮੁੱਖ ਮੰਤਰੀਆਂ ਨੇ ਭੁਗਤਿਆ। ਕਿਸੇ ਇਕ ਮੁੱਖ ਮੰਤਰੀ ਨੇ ਇਨਸਾਨੀਅਤ ਨਾਲ ਇਨਸਾਫ ਨਹੀਂ ਕੀਤਾ। ਹੁਣ ਉਹਨਾਂ ਦੇ ਪਰਿਵਾਰਾਂ ਕੋਲ ਤਾਕਤਾਂ ਹਨ। ਗੁਰੂ ਨਾਨਕ ਦੇਵ ਜੀ ਨੇ ਪਰਿਵਾਰ ਨਹੀਂ ਸੀ ਪਾਲਿਆ, ਉਹ ਗਰੀਬਾਂ ਦੇ ਹੱਕ ਵਿਚ ਖੜ੍ਹੇ ਸਨ।

ਸਵਾਲ: ਪੰਜਾਬ ਵਿਚ 2022 ਦੀਆਂ ਚੋਣਾਂ ਆ ਰਹੀਆਂ ਹਨ। ਤੁਹਾਡੇ ਅਨੁਸਾਰ ਪੰਜਾਬ ਵਿਚ ਕਾਂਗਰਸ ਤੇ ਅਕਾਲੀਆਂ ਦਾ ਭਵਿੱਖ ਕੀ ਬਣੇਗਾ?

ਜਵਾਬ: ਪੰਜਾਬ ਵਿਚ ਕਿਸੇ ਇਕ ਪਾਰਟੀ ਨੂੰ ਬਹੁਮਤ ਨਹੀਂ ਮਿਲੇਗੀ। ਇਹੀ ਪੰਜਾਬ ਦੇ ਹਿੱਤ ਵਿਚ ਹੈ। ਜੇ ਕਿਸੇ ਇਕ ਪਾਰਟੀ ਦੀ ਬਹੁਮਤ ਬਣੀ ਤਾਂ ਪੰਜਾਬ ਨਾਲ ਉਹੀ ਜ਼ੁਲਮ, ਭ੍ਰਿਸ਼ਟਾਚਾਰ ਹੋਵੇਗਾ, ਜੋ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਾਂ ਵੇਲੇ ਹੋਇਆ।
ਬਾਦਲਾਂ ਨੇ 2012 ਵਿਚ ਅਪਣੇ ਮੈਨੀਫੈਸਟੋ ਵਿਚ ਕਿਹਾ ਸੀ ਕਿ ਅਸੀਂ ਸਿੱਖਾਂ ਉੱਤੇ ਹੋਏ ਜ਼ੁਲਮ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਨੂੰ ਕਟਿਹੜੇ ਵਿਚ ਖੜਾ ਕਰਾਂਗੇ। ਬਾਦਲ ਸਾਬ ਨੇ  ਹਲੇ ਸਹੁੰ ਵੀ ਨਹੀਂ ਸੀ ਚੁੱਕੀ, ਉਸ ਤੋਂ ਪਹਿਲਾਂ ਉਹਨਾਂ ਨੇ ਸੁਮੇਧ ਸੈਣੀ ਨੂੰ ਬੁਲਾ ਲਿਆ ਤੇ ਡੀਜੀਪੀ ਲਾਇਆ। ਇਸ ਲਈ ਕਦੇ ਵੀ ਕਿਸੇ ਇਕ ਅਕਾਲੀ ਲੀਡਰ ਨੇ ਮੁਆਫੀ ਨਹੀਂ ਮੰਗੀ।

ਸਵਾਲ: ਤੁਹਾਨੂੰ ਆਮ ਆਦਮੀ ਪਾਰਟੀ ਦਾ ਕੋਈ ਭਵਿੱਖ ਨਜ਼ਰ ਆ ਰਿਹਾ?

ਜਵਾਬ: ਆਮ ਆਦਮੀ ਪਾਰਟੀ ਵੀ ਪੰਜਾਬ ਵਿਚ ਪੂਰਨ ਬਹੁਮਤ ਨਹੀਂ ਲੈ ਸਕਦੀ। ਉਹ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਨਹੀਂ ਐਲਾਨ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਸ ਦਾ ਕੀ ਖਮਿਆਜ਼ਾ ਨਿਕਲੇਗਾ। ਚਾਹੇ ਨਵਜੋਤ ਸਿੱਧੂ ਹੋਵੇ, ਭਗਵੰਤ ਮਾਨ ਹੋਵੇ, ਸੁਖਬੀਰ ਬਾਦਲ ਹੋਵੇ, ਕਿਸੇ ਦਾ ਦਾਮਨ ਸਾਫ ਨਹੀਂ।

ਸਵਾਲ: ਤੁਸੀਂ ਕਿਹਾ ਕਿ ਪੰਜਾਬ ਵਿਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲੇਗੀ। ਇਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਕੀ ਉਧਰੋਂ ਕੋਈ ਸਿਆਸੀ ਲਹਿਰ ਖੜੀ ਹੋ ਸਕਦੀ ਹੈ?

ਜਵਾਬ: ਉਹ ਇਕ ਸੰਘਰਸ਼ ਹੈ। ਇਹ ਸੰਘਰਸ਼ ਵਿਸ਼ਵ ਪੱਧਰ ਤੱਕ ਪਹੁੰਚ ਚੁੱਕਾ ਹੈ। ਦੁਨੀਆਂ ਭਰ ਵਿਚ ਕਿਸਾਨੀ ਖਤਮ ਹੋ ਚੁੱਕੀ ਹੈ। ਦੁਨੀਆਂ ਭਰ ਦੀਆਂ ਉੱਘੀਆਂ ਹਸਤੀਆਂ ਨੇ ਕਿਹਾ ਕਿ ਇਹ ਕਾਨੂੰਨ ਕਾਲੇ ਹਨ। ਹਾਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਕਈ ਵਾਰ ਕਿਹਾ ਕਿ ਇਹ ਕਾਨੂੰਨ ਕਿਸਾਨ  ਵਿਰੋਧੀ ਹਨ। ਇਸੇ ਤਰ੍ਹਾਂ ਦੁਨੀਆਂ ਦੇ ਸਭ ਤੋਂ ਵੱਡੇ ਥਿੰਕਰ ਨੇ ਵੀ ਕਿਸਾਨ ਅੰਦੋਲਨ ਦੇ ਹੱਕ ਵਿਚ ਬਿਆਨ ਦਿੱਤਾ।