ਨਵਜੋਤ ਸਿੱਧੂ ਤੇ CM ਚੰਨੀ 'ਤੇ ਹਰਪਾਲ ਚੀਮਾ ਨੇ ਸਾਧਿਆ ਨਿਸ਼ਾਨਾ, ਕੀਤੀ ਇਹ ਖ਼ਾਸ ਅਪੀਲ

ਏਜੰਸੀ

ਖ਼ਬਰਾਂ, ਪੰਜਾਬ

ਚਰਨਜੀਤ ਚੰਨੀ ਨੂੰ ਖੁੱਲ੍ਹ ਕੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ - ਹਰਪਾਲ ਚੀਮਾ

Harpal Cheema

 

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਹਨਾਂ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਭਾਵੇਂ ਹੀ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਮਗਰੋਂ ਸੂਬੇ ਦੇ ਲੋਕਾਂ ਨੂੰ ਕੁੱਝ ਆਸ ਬੱਝੀ ਸੀ ਕਿ ਉਨ੍ਹਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਹੋਣਗੇ ਪਰ ਇਸ ਗੱਲ ਦਾ ਅਫ਼ਸੋਸ ਹੈ ਕਿ ਮੁੱਖ ਮੰਤਰੀ ਨੂੰ ਆਜ਼ਾਦ ਤੌਰ 'ਤੇ ਕੰਮ ਨਹੀਂ ਕਰਨਾ ਦਿੱਤਾ ਜਾ ਰਿਹਾ। ਉਨ੍ਹਾਂ ਨੇ ਨਵਜੋਤ ਸਿੰਘ 'ਤੇ ਹਮਲਾ ਕਰਦਿਆਂ ਕਿਹਾ ਕਿ ਨਵਜੋਤ ਸਿੱਧੂ ਅੱਜ ਵੀ ਸੁਪਰ ਸੀ. ਐਮ. ਦੀ ਤਰ੍ਹਾਂ ਖ਼ੁਦ ਨੂੰ ਦੇਖ ਰਿਹਾ ਹੈ ਅਤੇ ਚਰਨਜੀਤ ਚੰਨੀ ਨੂੰ ਖੁੱਲ੍ਹ ਕੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ।

ਉਨ੍ਹਾਂ ਕਿਹਾ ਕਿ ਜਦੋਂ ਤੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਹਨ, ਉਨ੍ਹਾਂ ਦਾ ਦਿਨ ਪੰਜਾਬ 'ਚ ਲੰਘਦਾ ਹੈ, ਜਦੋਂ ਕਿ ਗਾਂਧੀ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਰਾਤ ਨੂੰ ਉਨ੍ਹਾਂ ਨੂੰ ਦਿੱਲੀ ਜਾਣਾ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਹਰ ਗੱਲ ਮੰਨਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਇੰਝ ਕੰਮ ਕਰ ਰਹੇ ਹਨ, ਜਿਵੇਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਹੀ ਨਾ ਹੋਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਹ ਉਮੀਦ ਕਰਦੀ ਹੈ ਕਿ ਚਰਨਜੀਤ ਚੰਨੀ ਖੁੱਲ੍ਹ ਕੇ ਕੰਮ ਕਰਨਗੇ। 

ਇਸ ਦੇ ਨਾਲ ਹੀ ਹਰਪਾਲ ਚੀਮਾ ਨੇ ਕਿਹਾ ਕਿ 27 ਸਤੰਬਰ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਆਪ ਦੀ ਇਕਾਈ ਪੂਰਾ ਜ਼ੋਰ ਲਗਾ ਦੇਵੇਗੀ ਤੇ ਉਹ ਪਾਰਟੀ ਦੇ ਝੰਡੇ ਤੋਂ ਬਿਨ੍ਹਾਂ ਕਿਸਾਨਾਂ ਦਾ ਸਾਥ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਦਿਨ ਕਿਸਾਨਾਂ ਵੱਲੋਂ ਲਾਏ ਧਰਨਿਆਂ 'ਚ ਪਾਰਟੀ ਦੇ ਵਾਲੰਟੀਅਰ ਬਿਨਾ ਪਾਰਟੀ ਦੇ ਝੰਡੇ ਦੇ ਸ਼ਮੂਲੀਅਤ ਕਰਨਗੇ ਅਤੇ ਬੰਦ ਨੂੰ ਸਫ਼ਲ ਬਣਾਉਣਗੇ।