ਸੁਪਰ ਸੀ.ਐਮ. ਨਵਜੋਤ ਸਿੱਧੂ ਹੁਣ ਚੰਨੀ 'ਤੇ ਹਾਵੀ : ਸੁਖਬੀਰ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਸੁਪਰ ਸੀ.ਐਮ. ਨਵਜੋਤ ਸਿੱਧੂ ਹੁਣ ਚੰਨੀ 'ਤੇ ਹਾਵੀ : ਸੁਖਬੀਰ ਬਾਦਲ

image

ਚੰਡੀਗੜ੍ਹ, 24 ਸਤੰਬਰ (ਜੀ.ਸੀ. ਭਾਰਦਵਾਜ) : ਸਰਹੱਦੀ ਸੂਬੇ ਪੰਜਾਬ ਅੰਦਰ ਵੱਡੇ ਸੜਕੀ ਪ੍ਰਾਜੈਕਟਾਂ ਲਈ ਕੇਂਦਰ ਵਲੋਂ 19 ਜ਼ਿਲਿ੍ਹਆਂ 'ਚ ਪੈਂਦੀ 25 ਹਜ਼ਾਰ ਏਕੜ ਖੇਤੀ ਵਾਲੀ ਜ਼ਮੀਨ ਖਰੀਦੀ ਜਾ ਰਹੀ ਹੈ | ਜ਼ਮੀਨ ਮਾਲਕਾਂ ਨੂੰ  ਬਾਜ਼ਾਰੀ ਰੇਟ 'ਤੇ ਕੇਂਦਰ ਵਲੋਂ ਕੀਮਤੀ ਮੁਆਵਜ਼ਾ ਕਿਸਾਨਾਂ ਨੂੰ  ਦਿਵਾਉਣ ਵਾਸਤੇ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ 5 ਮੈਂਬਰੀ ਉਚ ਪਧਰੀ ਵਫ਼ਦ ਅੱਜ ਸਵੇਰੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ  ਮਿਲਿਆ | 
ਇਸ ਵਫ਼ਦ ਨੇ ਅਪਣੇ ਦੋ ਸਫ਼ਿਆਂ ਦੇ ਲਿਖਤੀ ਮੈਮੋਰੰਡਮ 'ਚ ਰਾਜਪਾਲ ਨੂੰ  ਕਿਹਾ ਕਿ ਇਨ੍ਹਾਂ ਵੱਡੇ ਸੜਕੀ ਮਾਰਗਾਂ ਨਾਲ ਕਿਸਾਨਾਂ ਦੀ ਨਾਲ ਲਗਦੀ ਜ਼ਮੀਨ 'ਤੇ ਮਾੜਾ ਪ੍ਰਭਾਵ ਪੈਂਦਾ ਹੈ, ਜ਼ਮੀਨ 'ਚੋਂ ਲੰਘਦੀ ਸੜਕ ਨਾਲ ਆਲੇ-ਦੁਆਲੇ ਦੀ 75 ਹਜ਼ਾਰ ਏਕੜ ਜ਼ਮੀਨ ਖ਼ਰਾਬ ਹੋ ਜਾਂਦੀ ਹੈ | ਇਸ ਵੱਡੇ ਨੁਕਸਾਨ ਲਈ ਮਾਲਕ ਦੀ ਜ਼ਮੀਨ ਬਦਲੇ, ਬਾਜ਼ਾਰੀ ਰੇਟ ਅਤੇ ਕੁਲ ਰਕਮ ਜਿੰਨੀ ਹੋਰ ਰਕਮ ਬਤੌਰ ''ਉਮਰ ਭਰਦੀ ਤਸੱਲੀ'' ਰੇਟ ਦੇਣੀ ਬਣਦੀ ਹੈ | ਸ. ਸੁਖਬੀਰ ਸਿੰਘ ਬਾਦਲ ਨਾਲ ਰਾਜਪਾਲ ਨੂੰ  ਮਿਲਣ ਗਏ ਉਚ ਪਧਰੀ ਮੰਡਲ 'ਚ ਜਥੇਦਾਰ ਤੋਤਾ ਸਿੰਘ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ ਤੇ ਐਨ.ਕੇ. ਸ਼ਰਮਾ ਸ਼ਾਮਲ ਸਨ |
ਰਾਜ ਭਵਨ ਤੋਂ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਕਾਂਗਰਸ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ  ਤਾੜਨਾ ਕੀਤੀ ਕਿ ਉਹ ਗ਼ੈਰ ਸੰਵਿਧਾਨਕ ਸੁਪਰ ਸੀ.ਐਮ. ਨਵਜੋਤ ਸਿੱਧੂ ਦੇ ਫੋਕੇ ਕੰਟਰੋਲ ਤੇ ਬਹਿਕਾਵੇ 'ਚ ਆ ਕੇ ਇਕ ਰਬੜ ਦੀ ਮੋਹਰ ਦੇ ਤੌਰ 'ਤੇ ਗ਼ਲਤ ਕੰਮ ਨਾ ਕਰੇ | ਇਸ ਤਰ੍ਹਾਂ ਦੇ ਵਿਵਹਾਰ ਨਾਲ ਮੁੱਖ ਮੰਤਰੀ ਦੀ ਉੱਚੀ ਕੁਰਸੀ ਤੇ ਪਦਵੀ ਦਾ ਮਾਣ-ਸਤਿਕਾਰ ਘਟਦਾ ਹੈ |
ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸੁਖਬੀਰ ਬਾਦਲ ਨੇ ਕਿਹਾ  ''ਮੇਰੀ ਸੁਰਖਿਆ, ਕਾਰਾਂ ਦੇ ਕਾਫ਼ਲੇ ਅਤੇ ਗਾਰਡਾਂ ਨੂੰ  ਘਟਾਉਣ ਜਾਂ ਵਾਪਸ ਲੈਣ ਦੇ ਹਾਸੋਹੀਣੇ ਬਿਆਨ ਦੇਣੇ ਬੰਦ ਕੀਤੇ ਜਾਣ |'' ਉਨ੍ਹਾਂ ਕਿਹਾ ਨਵੇਂ ਮੁੱਖ ਮੰਤਰੀ ਜਦੋਂ ਚਾਹੁਣ ਮੇਰੀ ਸੁਰਖਿਆ ਵਾਪਸ ਲੈ ਲੈਣ |'' ਉਨ੍ਹਾਂ ਇਹ ਵੀ ਕਿਹਾ, ''ਬਦਲਾਖੋਰੀ ਦੀ ਪਿਆਸ ਬੁਝਾਉਣ ਲਈ ਮੇਰੇ ਸਮੇਤ ਅਕਾਲੀ ਨੇਤਾਵਾਂ ਨੂੰ  ਜਦੋਂ ਮਰਜ਼ੀ ਗਿ੍ਫ਼ਤਾਰ ਕਰ ਲਉ | ਛੇਤੀ ਗਿ੍ਫ਼ਤਾਰ ਕਰੋ-ਸਮਾਂ ਨਾ ਗਵਾਉ | ਨਹੀਂ ਤਾਂ ਸਾਨੂੰ ਦੱਸੋ- ਅਸੀਂ ਖ਼ੁਦ ਗਿ੍ਫ਼ਤਾਰੀ ਦੇਣ, ਤੈਅਸ਼ੁਦਾ ਜਗ੍ਹਾ 'ਤੇ ਵਕਤ ਮੌਕੇ ਪਹੁੰਚਣ ਲਈ ਤਿਆਰ ਹਾਂ |'' ਸੁਖਬੀਰ ਬਾਦਲ ਨੇ ਜ਼ੋਰ ਦੇ ਕੇ ਕਿਹਾ, 'ਚੋਣਾਂ ਉਪਰੰਤ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਨ ਦੇ ਡਰੋਂ ਕਾਂਗਰਸੀ ਨੇਤਾ ਹੁਣ ਅਪਣੀਆਂ ਨਾਕਾਮੀਆਂ ਛੁਪਾਉਣ ਲਈ ਅਤੇ ਅੰਦਰੂਨੀ ਤਿੱਖੀ ਖਹਿਬਾਜ਼ੀ ਨੂੰ  ਲੁਕਾਉਣ ਵਾਸਤੇ ਪੁਲਿਸ ਅਧਿਕਾਰੀਆਂ ਹੱਥੋਂ, ਅਕਾਲੀ ਲੀਡਰਾਂ ਨੂੰ  ਗਿ੍ਫ਼ਤਾਰ ਕਰਨ ਦੇ ਰੌਂਅ 'ਚ ਹਨ |
ਅਕਾਲੀ ਦਲ ਪ੍ਰਧਾਨ ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਮੁੜ ਪੁਰਾਣਾ ਇਤਿਹਾਸ ਦੁਹਰਾਅ ਕੇ ਪੰਜਾਬ ਨੂੰ  ਜਾਤੀਵਾਦ, ਧਰਮ ਤੇ ਫਿਰਕੂ ਲੀਹਾਂ 'ਤੇ ਵੰਡਣਾ ਚਾਹੁੰਦੀ ਹੈ ਅਤੇ ''ਪਾੜੋ ਤੇ ਰਾਜ ਕਰੋ'' ਦੀ ਨੀਤੀ ਲਾਗੂ ਕਰ ਕੇ ਪੰਜਾਬ ਦੇ ਧਰਮ ਨਿਰਪੱਖ ਅਤੇ ਸਦਭਾਵਨਾ ਦੇ ਸਵਰੂਪ ਨੂੰ  ਢਾਹ ਲਾਉਣਾ ਚਾਹੁੰਦੀ ਹੈ |
ਫ਼ੋਟੋ : ਸੰਤੋਖ ਸਿੰਘ 1, 2