ਝੋਨੇ ਦੀ ਖ਼ਰੀਦ ਲਈ ਮੁੱਖ ਮੰਤਰੀ ਵਲੋਂ ਕੇਂਦਰ ਤੋਂ ਕੈਸ਼ ਕਰੇਡਿਟ ਲਿਮਟ ਤੇ ਹੋਰ ਸਹਾਇਤਾ ਦੀ ਮੰਗ

ਏਜੰਸੀ

ਖ਼ਬਰਾਂ, ਪੰਜਾਬ

ਝੋਨੇ ਦੀ ਖ਼ਰੀਦ ਲਈ ਮੁੱਖ ਮੰਤਰੀ ਵਲੋਂ ਕੇਂਦਰ ਤੋਂ ਕੈਸ਼ ਕਰੇਡਿਟ ਲਿਮਟ ਤੇ ਹੋਰ ਸਹਾਇਤਾ ਦੀ ਮੰਗ

image

ਕੇਂਦਰੀ ਸਕੱਤਰ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੀ ਮੀਟਿੰਗ

ਚੰਡੀਗੜ੍ਹ, 24 ਸਤੰਬਰ (ਸ.ਸ.ਸ.) : ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸ਼ੁਕਰਵਾਰ ਨੂੰ  ਕੇਂਦਰ ਸਰਕਾਰ ਨੂੰ  ਅਪੀਲ ਕੀਤੀ ਹੈ ਕਿ ਸਾਉਣੀ ਦੇ ਮਾਰਕੀਟਿੰਗ ਸੀਜ਼ਨ 2021-22 ਲਈ ਨਕਦ ਕਰਜ਼ਾ ਹੱਦ (ਕੈਸ਼ ਕ੍ਰੈਡਿਟ ਲਿਮਿਟ) ਸਬੰਧੀ ਸੂਬੇ ਨੂੰ  ਭਾਰਤੀ ਰਿਜ਼ਰਵ ਬੈਂਕ ਤੋਂ ਤੇਜ਼ੀ ਨਾਲ ਇਜਾਜ਼ਤ ਦਿਵਾਉਣ ਵਿਚ ਮਦਦ ਕੀਤੀ ਜਾਵੇ |
ਸਾਉਣੀ ਦੇ ਆਉਂਦੇ ਸੀਜ਼ਨ ਨੂੰ  ਮੁੱਖ ਮੰਤਰੀ ਨੇ ਅਪਣੇ ਦਫ਼ਤਰ ਵਿਖੇ ਕੇਂਦਰੀ ਖ਼ੁਰਾਕ ਤੇ ਜਨਤਕ ਵੰਡ ਸਕੱਤਰ ਸੁਧਾਂਸ਼ੂ ਪਾਂਡੇ ਨਾਲ ਡੇਢ ਘੰਟਾ ਵਿਸਥਾਰਤ ਗੱਲਬਾਤ ਕੀਤੀ | ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੀ ਹਾਜ਼ਰੀ ਵਿਚ ਮੁੱਖ ਮੰਤਰੀ ਨਾਲ ਹੋਈ ਇਸ ਮੁਲਾਕਾਤ ਦੌਰਾਨ ਕੇਂਦਰੀ ਸਕੱਤਰ ਨੇ ਪੰਜਾਬ ਵਲੋਂ ਕੌਮੀ ਖ਼ੁਰਾਕ ਭੰਡਾਰ ਵਿਚ ਕਣਕ ਅਤੇ ਝੋਨੇ ਦੇ ਪਾਏ ਜਾ ਰਹੇ ਯੋਗਦਾਨ ਲਈ ਸ਼ਲਾਘਾ ਵੀ ਕੀਤੀ | 
ਝੋਨੇ ਦੀ ਮੌਜੂਦਾ ਖ਼ਰੀਦ ਨੂੰ  ਪਿਛਲੇ ਨਿਯਮਾਂ ਅਨੁਸਾਰ ਨੇਪਰੇ ਚਾੜ੍ਹੇ ਜਾਣ ਦੀ ਮੁੱਖ ਮੰਤਰੀ ਵਲੋਂ ਕੀਤੀ ਬੇਨਤੀ ਨੂੰ  ਮਨਜ਼ੂਰੀ ਦਿੰਦੇ ਹੋਏ ਸ੍ਰੀ ਪਾਂਡੇ ਨੇ ਉਨ੍ਹਾਂ ਨੂੰ  ਦਸਿਆ ਕਿ ਭਾਰਤ ਸਰਕਾਰ ਵਲੋਂ 1 ਅਕਤੂਬਰ, 2021 ਨੂੰ  ਸ਼ੁਰੂ ਹੋ ਰਹੇ ਝੋਨੇ ਦੇ ਮੌਜੂਦਾ ਸੀਜ਼ਨ ਦੌਰਾਨ ਸੂਬੇ ਵਿਚ ਮੌਜੂਦਾ ਨਿਯਮਾਂ ਅਨੁਸਾਰ ਝੋਨੇ ਦੀ ਖਰੀਦ ਦਾ ਫ਼ੈਸਲਾ ਪਹਿਲਾਂ ਹੀ ਕੀਤਾ ਜਾ ਚੁਕਿਆ ਹੈ | ਮੁੱਖ ਮੰਤਰੀ ਨੇ ਕੇਂਦਰੀ ਸਕੱਤਰ ਨੂੰ  ਜਾਣਕਾਰੀ ਦਿਤੀ ਕਿ ਭਵਿੱਖ ਵਿਚ ਵੀ ਸੋਧੇ ਗਏ ਨਿਯਮਾਂ ਨੂੰ  ਅੰਤਿਮ ਰੂਪ ਦਿਤੇ ਜਾਣ ਤੋਂ ਪਹਿਲਾਂ ਸਾਰੀਆਂ ਸਬੰਧਤ ਧਿਰਾਂ ਜਿਵੇਂ ਕਿ ਪੰਜਾਬ ਸਰਕਾਰ, ਕਿਸਾਨ, ਆੜ੍ਹਤੀਏ ਅਤੇ ਮਿੱਲਾਂ 
ਦੀਆਂ ਜਥੇਬੰਦੀਆਂ ਨੂੰ  ਵਿਸ਼ਵਾਸ ਵਿਚ ਲਿਆ ਜਾਵੇ ਕਿਉਂ ਜੋ ਇੱਕਪਾਸੜ ਢੰਗ ਨਾਲ ਜ਼ਬਰਦਸਤੀ ਥੋਪੇ ਜਾਣ ਦਾ ਮਤਲਬ ਪੰਜਾਬ ਲਈ ਧੱਕਾ ਹੋਵੇਗਾ | 
ਮੌਜੂਦਾ ਸੀਜ਼ਨ ਦੌਰਾਨ ਝੋਨੇ ਦੀ ਭਰਪੂਰ ਫ਼ਸਲ ਦੀ ਉਮੀਦ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਸਕੱਤਰ ਨੂੰ  ਦਸਿਆ ਕਿ ਭਾਰਤ ਸਰਕਾਰ ਵਲੋਂ 170 ਲੱਖ ਮੀਟਰਿਕ ਟਨ ਦੀ ਖਰੀਦ ਦਾ ਟੀਚਾ ਮਿਥਿਆ ਗਿਆ ਹੈ, ਪਰ ਸੂਬੇ ਦੇ ਖੇਤੀਬਾੜੀ ਉਤਪਾਦਨ ਅਨੁਮਾਨਾਂ ਅਨੁਸਾਰ ਸਾਉਣੀ ਦੇ ਮਾਰਕੀਟਿੰਗ ਸੀਜ਼ਨ 2021-22 ਦੌਰਾਨ 191 ਲੱਖ ਮੀਟਰਿਕ ਟਨ ਝੋਨੇ ਦੀ ਆਮਦ ਹੋਣ ਦੀ ਆਸ ਹੈ ਜਿਸ ਨੂੰ  ਵੇਖਦਿਆਂ ਪੁਖਤਾ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਰਹੇ ਹਨ | ਉਨ੍ਹਾਂ ਕੇਂਦਰ ਸਰਕਾਰ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਰਿਮੋਟ ਸੈਂਸਿੰਗ ਅੰਕੜਿਆਂ ਤੋਂ ਹਾਸਲ ਖੇਤੀਬਾੜੀ ਦੇ ਉਤਪਾਦਨ ਟੀਚੇ ਦੇ ਅਨੁਸਾਰ ਨਿਰਵਿਘਨ ਖਰੀਦ ਯਕੀਨੀ ਬਣਾਈ ਜਾ ਸਕੇ | 
ਸੂਬੇ ਦੇ ਗੋਦਾਮਾਂ ਵਿਚ ਜਮ੍ਹਾਂ ਅੰਨ ਪਦਾਰਥਾਂ ਦੀ ਸੁਸਤ ਆਵਾਜਾਈ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕੇਂਦਰੀ ਸਕੱਤਰ ਨੂੰ  ਕਿਹਾ ਕਿ ਫੌਰੀ ਤੌਰ 'ਤੇ ਰੇਲਵੇ ਅਥਾਰਟੀ ਨਾਲ ਸੰਪਰਕ ਕਰ ਕੇ ਇਹ ਗੋਦਾਮ ਖਾਲੀ ਕਰਵਾਏ ਜਾਣ ਤਾਂ ਜੋ ਤਾਜ਼ਾ ਝੋਨੇ/ਚੌਲ ਦੇ ਭੰਡਾਰਣ ਲਈ ਢੁਕਵੀਂ ਥਾਂ ਬਣਾਈ ਜਾ ਸਕੇ | ਇਸ ਮੁੱਦੇ ਸਬੰਧੀ ਕੇਂਦਰੀ ਸਕੱਤਰ ਨੇ ਮੁੱਖ ਮੰਤਰੀ ਨੂੰ  ਜਾਣਕਾਰੀ ਦਿਤੀ ਕਿ ਰੇਲਵੇ ਬੋਰਡ ਦੇ ਚੇਅਰਮੈਨ ਨੇ ਪਹਿਲਾਂ ਹੀ 70-80 ਰੈਕ ਪੰਜਾਬ ਤੋਂ ਦੇਸ਼ ਭਰ ਵਿਖੇ ਲਿਜਾਣ ਲਈ ਇਜਾਜ਼ਤ ਦਿਤੀ ਹੋਈ ਹੈ | ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿਤਾ ਕਿ ਡਿਪਟੀ ਕਮਿਸ਼ਨਰਾਂ, ਸੀਨੀਅਰ ਖੇਤਰੀ ਪ੍ਰਬੰਧਕਾਂ (ਐਫ.ਸੀ.ਆਈ. ਪੰਜਾਬ ਖੇਤਰ) ਦਰਮਿਆਨ ਬਿਹਤਰ ਤਾਲਮੇਲ ਹੋਵੇ ਤਾਂ ਜੋ ਗੋਦਾਮਾਂ ਵਿਖੇ ਪਹਿਲਾਂ ਹੀ ਭਰੇ ਹੋਏ ਅੰਨ ਪਦਾਰਥਾਂ ਦੀ ਤੇਜ਼ੀ ਨਾਲ ਆਵਾਜਾਈ ਹੋ ਸਕੇ | 
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਐਗਰੋ-ਇੰਡਸਟਰੀ ਵਲ ਉਚੇਚਾ ਧਿਆਨ ਦਿਤਾ ਜਾਵੇ ਜਿਸ ਦੇ ਜਵਾਬ ਵਿਚ ਕੇਂਦਰੀ ਸਕੱਤਰ ਨੇ ਤਜਵੀਜ਼ ਰੱਖੀ ਕਿ ਭਾਰਤ ਸਰਕਾਰ ਵਲੋਂ ਰਾਈਸ ਬ੍ਰਾਨ ਉਦਯੋਗ ਦੀ ਮਦਦ ਕੀਤੀ ਜਾਵੇਗੀ ਤਾਂ ਜੋ ਚੌਲਾਂ ਦੇ ਵਾਧੂ ਉਤਪਾਦਨ ਦੀ ਖਪਤ ਸੂਬੇ ਵਿਚ ਹੀ ਹੋ ਸਕੇ | 
ਮੁੱਖ ਮੰਤਰੀ ਨੇ ਕੇਂਦਰੀ ਖੁਰਾਕ ਸਕੱਤਰ ਨੂੰ  ਇਹ ਵੀ ਬੇਨਤੀ ਕੀਤੀ ਕਿ ਆਰਗੈਨਿਕ ਫ਼ਾਰਮਿੰਗ ਲਈ ਵਿਸ਼ੇਸ਼ ਸਕੀਮ ਸ਼ੁਰੂ ਕੀਤੀ ਜਾਵੇ ਤਾਂ ਜੋ ਚੌਲਾਂ ਅਤੇ ਕਣਕ ਦੇ ਫ਼ਸਲੀ ਚੱਕਰ ਦੀ ਥਾਂ ਵਾਤਾਵਰਣ ਪੱਖੀ ਖੇਤੀਬਾੜੀ ਢੰਗ ਤਰੀਕੇ ਅਮਲ ਵਿਚ ਲਿਆਂਦੇ ਜਾ ਸਕਣ |
ਇਸ ਮੀਟਿੰਗ ਦੌਰਾਨ ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਸਕੱਤਰ (ਵਿੱਤ) ਕੇ.ਏ.ਪੀ. ਸਿਨਹਾ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਅਤੇ ਕਮਲ ਕਿਸ਼ੋਰ ਯਾਦਵ ਤੇ ਸਕੱਤਰ, ਖੁਰਾਕ ਅਤੇ ਸਿਵਲ ਸਪਲਾਈ ਗੁਰਕਿਰਤ ਕ੍ਰਿਪਾਲ ਸਿੰਘ ਵੀ ਮੌਜੂਦ ਸਨ |