ਅਫ਼ਗਾਨਿਸਤਾਨ ਤੋਂ 55 ਸਿੱਖਾਂ ਦਾ ਆਖ਼ਰੀ ਜੱਥਾ ਪਹੁੰਚਿਆ ਭਾਰਤ, MP ਵਿਕਰਮਜੀਤ ਸਿੰਘ ਸਾਹਨੀ ਨੇ ਕੀਤਾ ਸਵਾਗਤ

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਨੇ ਅਫ਼ਗਾਨ ਸਿੱਖਾਂ ਨੂੰ ਹਰ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।

55 Hindus and Sikhs rescued from Afghanistan

 

ਨਵੀਂ ਦਿੱਲੀ: ਅਫਗਾਨਿਸਤਾਨ ਤੋਂ 55 ਸਿੱਖਾਂ ਅਤੇ ਹਿੰਦੂਆਂ ਦਾ ਆਖਰੀ ਜੱਥਾ ਅੱਜ ਨਵੀਂ ਦਿੱਲੀ ਪਹੁੰਚਿਆ  ਹੈ। ਇਹਨਾਂ ਸਾਰੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਰਾਜ ਸਭਾ ਮੈਂਬਰ ਅਤੇ ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਮੁਖੀ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਇਹਨਾਂ ਨੂੰ ਜਲਦੀ ਵੀਜ਼ਾ ਦਿੱਤਾ ਅਤੇ ਭਾਰਤ-ਅਫ਼ਗਾਨਿਸਤਾਨ ਸਰਕਾਰਾਂ ਨੇ ਇਹਨਾਂ ਦੀ ਇੱਥੇ ਪਹੁੰਚਣ ਵਿਚ ਮਦਦ ਕੀਤੀ।

ਉਹਨਾਂ ਨੇ ਅਫ਼ਗਾਨ ਸਿੱਖਾਂ ਨੂੰ ਹਰ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਇਸ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ ਗਿਆ ਸੀ, ਜੋ ਅੱਜ ਸ਼ਾਮ ਨਵੀਂ ਦਿੱਲੀ ਵਿਖੇ ਪਹੁੰਚੀ।

ਵਿਕਰਮਜੀਤ ਸਿੰਘ ਨੇ ਕਿਹਾ ਕਿ ਅਸੀਂ ਅਫ਼ਗਾਨਿਸਤਾਨ ਵਿਚ ਫਸੇ ਹੋਏ ਲੋਕਾਂ ਨੂੰ ਭਾਰਤ ਲਿਆਉਣ ਸਬੰਧੀ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿਚ ਸੀ। ਅਸੀਂ ਅਫਗਾਨਿਸਤਾਨ ਤੋਂ ਸ਼ਰਨਾਰਥੀਆਂ ਦੇ ਮੁੜ ਵਸੇਬੇ ਦਾ ਸਮਰਥਨ ਕਰ ਰਹੇ ਹਾਂ ਅਤੇ ਇਹਨਾਂ ਪਰਿਵਾਰਾਂ ਨੂੰ ਮੁਫਤ ਕਿਰਾਏ 'ਤੇ ਰਿਹਾਇਸ਼, ਮਹੀਨਾਵਾਰ ਰਿਹਾਇਸ਼ੀ ਖਰਚੇ, ਹੁਨਰਮੰਦ ਬਣਾਉਣ, ਸਿਹਤ ਬੀਮਾ ਅਤੇ ਨੌਜਵਾਨਾਂ ਦੀ ਸਿੱਖਿਆ ਪ੍ਰਦਾਨ ਕਰ ਰਹੇ ਹਾਂ।

ਇਸ ਦਿਸ਼ਾ ਵਿਚ ਅਸੀਂ ਪਹਿਲਾਂ ਹੀ ‘ਮੇਰਾ ਪਰਿਵਾਰ ਮੇਰੀ ਜ਼ਿੰਮੇਵਾਰੀ’ ਪ੍ਰੋਗਰਾਮ ਚਲਾ ਰਹੇ ਹਾਂ, ਜਿਸ ਤਹਿਤ 543 ਅਫਗਾਨੀ ਸਿੱਖ ਅਤੇ ਹਿੰਦੂ ਪਰਿਵਾਰਾਂ ਨੂੰ ਪੱਛਮੀ ਦਿੱਲੀ ਵਿਚ ਸਾਰੀਆਂ ਸਹੂਲਤਾਂ ਪ੍ਰਦਾਨ ਕਰਕੇ ਵਸਾਇਆ ਜਾ ਰਿਹਾ ਹੈ। ਇਹਨਾਂ ਸ਼ਰਨਾਰਥੀਆਂ ਦੇ ਸਵਾਗਤ ਲਈ ਅੱਜ ਸ਼ਾਮ ਅਫ਼ਗਾਨ ਗੁਰਦੁਆਰਾ ਅਰਜੁਨ ਨਗਰ ਵਿਚ ਸਮਾਗਮ ਕਰਵਾਇਆ ਜਾ ਰਿਹਾ ਹੈ।