'ਆਪ' ਜਾਣ-ਬੁੱਝ ਕੇ ਸੰਵਿਧਾਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ : ਭਾਜਪਾ

ਏਜੰਸੀ

ਖ਼ਬਰਾਂ, ਪੰਜਾਬ

'ਆਪ' ਜਾਣ-ਬੁੱਝ ਕੇ ਸੰਵਿਧਾਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ : ਭਾਜਪਾ

image

ਚੰਡੀਗੜ੍ਹ, 24 ਸਤੰਬਰ (ਸੁਰਜੀਤ ਸਿੰਘ ਸੱਤੀ): ਭਾਰਤੀ ਜਨਤਾ ਪਾਰਟੀ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਜਾਣ-ਬੁੱਝ ਕੇ ਰਾਜ ਦੇ ਸੰਵਿਧਾਨਕ ਮੁਖੀ ਰਾਜਪਾਲ ਨੂੰ  ਗ਼ਲਤ ਤਰੀਕੇ ਨਾਲ ਨਿਸ਼ਾਨਾ ਬਣਾ ਕੇ ਭਾਰਤ ਦੇ ਸੰਵਿਧਾਨ ਨੂੰ  ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਇਥੇ ਇਕ ਪ੍ਰੈਸ ਕਾਨਫ਼ਰੰਸ ਨੂੰ  ਸੰਬੋਧਨ ਕਰਦਿਆਂ ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਨੇ ਦੋਸ਼ ਲਾਇਆ ਕਿ 'ਆਪ' ਅਰਾਜਕਤਾਵਾਦੀਆਂ ਦੀ ਪਾਰਟੀ ਹੋਣ ਦੀ ਅਪਣੀ ਪਛਾਣ 'ਤੇ ਕੰਮ ਕਰ ਰਹੀ ਹੈ ਅਤੇ ਅਰਾਜਕਤਾ ਉਨ੍ਹਾਂ ਦਾ ਉਦੇਸ਼ ਹੈ |
ਡਾ: ਸ਼ਰਮਾ ਨੇ ਕਿਹਾ ਕਿ ਨਹੀਂ ਤਾਂ ਸਿਰਫ਼ ਸੰਵਿਧਾਨਕ ਸਵਾਲ ਉਠਾਉਣ ਵਾਲੇ ਰਾਜਪਾਲ ਵਿਰੁਧ ਟਕਰਾਅ ਵਾਲਾ ਰਵਈਆ ਅਪਣਾਉਣ ਦਾ ਕੋਈ ਕਾਰਨ ਨਹੀਂ ਜਿਸ ਨੂੰ  ਦੇਸ਼ ਦੇ ਸੰਵਿਧਾਨ ਅਨੁਸਾਰ ਇਹ ਅਧਿਕਾਰ ਹੈ | ਭਾਜਪਾ ਆਗੂ ਨੇ ਕਿਹਾ ਕਿ ਸੰਵਿਧਾਨ ਦੀਆਂ ਸਬੰਧਤ ਧਾਰਾਵਾਂ ਤਹਿਤ ਇਹ ਸਪੱਸ਼ਟ ਤੌਰ 'ਤੇ ਦਰਸਾਇਆ ਗਿਆ ਹੈ ਕਿ ਰਾਜਪਾਲ ਦੀ ਭੂਮਿਕਾ ਅਤੇ ਜ਼ਿੰਮੇਵਾਰੀ ਕੀ ਹੈ ਅਤੇ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਰਾਜਪਾਲ ਪ੍ਰਤੀ ਜਵਾਬਦੇਹ ਹਨ | ਭਾਜਪਾ ਆਗੂ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਮੁਤਾਬਕ ਰਾਜਪਾਲ ਤੋਂ ਸਵਾਲ ਕਰਨਾ ਫ਼ਰਜ਼ ਹੈ, ਜੋ ਉਨ੍ਹਾਂ ਨੇ ਕੀਤਾ | ਉਨ੍ਹਾਂ ਸਵਾਲ ਕੀਤਾ ਕਿ 'ਆਪ' ਸਰਕਾਰ ਨੂੰ  ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਏਜੰਡਾ ਰਾਜਪਾਲ ਨੂੰ  ਦਸਣ ਵਿਚ ਕੀ ਦਿੱਕਤ ਹੈ? ਡਾ: ਸ਼ਰਮਾ ਨੇ ਦੋਸ਼ ਲਾਇਆ ਕਿ ਪੰਜਾਬ ਵਿਚ 'ਆਪ' ਵਲੋਂ ਪੈਦਾ ਕੀਤਾ ਗਿਆ ਮੌਜੂਦਾ ਸੰਵਿਧਾਨਕ ਵਿਵਾਦ ਇਕ ਪੂਰਵ-ਯੋਜਨਾਬੱਧ ਲਿਪੀ 'ਤੇ ਆਧਾਰਤ ਹੈ ਜਿਸ ਦਾ ਇਕੋ-ਇਕ ਉਦੇਸ਼ ਦੇਸ਼ ਦੇ ਸੰਵਿਧਾਨ ਨੂੰ  ਹੌਲੀ-ਹੌਲੀ ਬਦਲਣਾ ਹੈ |