3 ਅਕਤੂਬਰ ਨੂੰ ਪੰਜਾਬ ਵਿਚ ਕਿਸਾਨ ਰੋਕਣਗੇ ਰੇਲਾਂ: ਬਿਜਲੀ ਵੰਡ ਦੇ ਨਵੇਂ ਨਿਯਮਾਂ ਦਾ ਵਿਰੋਧ
ਨਿੱਜੀ ਘਰਾਂ ਨੂੰ ਫਾਇਦਾ ਪਹੁੰਚਾਉਣ ਦੇ ਲਗਾਏ ਇਲਜ਼ਾਮ
ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਨੇ ਇੱਕ ਵਾਰ ਫਿਰ ਰੇਲਾਂ ਰੋਕਣ ਦਾ ਫ਼ੈਸਲਾਂ ਲਿਆ ਹੈ। 3 ਅਕਤੂਬਰ ਨੂੰ ਸਾਰੀਆਂ ਰੇਲ ਸੇਵਾਵਾਂ 3 ਘੰਟੇ ਲਈ ਬੰਦ ਰਹਿਣਗੀਆਂ। ਕਿਸਾਨਾਂ ਦਾ ਇਹ ਰੋਸ ਕੇਂਦਰ ਸਰਕਾਰ ਵੱਲੋਂ ਬਿਜਲੀ ਵੰਡ 2022 ਦੇ ਜਾਰੀ ਕੀਤੇ ਨੋਟੀਫਿਕੇਸ਼ਨ ਵਿਰੁੱਧ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਹੁਣ ਪ੍ਰਾਈਵੇਟ ਵੱਡੇ ਘਰਾਂ ਨੂੰ ਬਿਜਲੀ ਵੰਡਣ ਜਾ ਰਹੀ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਨੋਟੀਫਿਕੇਸ਼ਨ ਅਨੁਸਾਰ ਪ੍ਰਾਈਵੇਟ ਕੰਪਨੀਆਂ ਬਿਜਲੀ ਵੰਡਣਗੀਆਂ। ਬਿਜਲੀ ਦੀ ਵੰਡ ਦਾ ਅਧਿਕਾਰ ਸੂਬਾ ਸਰਕਾਰਾਂ ਦਾ ਹੈ ਪਰ ਕੇਂਦਰ ਸਰਕਾਰ ਇਹ ਨੋਟੀਫਿਕੇਸ਼ਨ ਜਾਰੀ ਕਰ ਕੇ ਇਸ ਨੂੰ ਵੀ ਆਪਣੇ ਹੱਥਾਂ ਵਿਚ ਲੈ ਕੇ ਨਿੱਜੀ ਘਰਾਂ ਨੂੰ ਦੇ ਰਹੀ ਹੈ।
ਇਹੀ ਕਾਰਨ ਹੈ ਕਿ ਕਿਸਾਨਾਂ ਨੇ ਇਸ ਨੋਟੀਫਿਕੇਸ਼ਨ ਵਿਰੁੱਧ 3 ਅਕਤੂਬਰ ਨੂੰ 3 ਘੰਟੇ ਲਈ ਰੇਲ ਗੱਡੀਆਂ ਰੋਕਣ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਨੋਟੀਫਿਕੇਸ਼ਨ ਵਾਪਸ ਲੈਣ ਦੀ ਮੰਗ ਕਰਦਿਆਂ ਸਖ਼ਤ ਚਿਤਾਵਨੀ ਦਿੱਤੀ ਹੈ।
ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਰੁਪਿਆ 81 ਰੁਪਏ ਪ੍ਰਤੀ ਡਾਲਰ ਦੇ ਕਰੀਬ ਆਪਣੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਫਰਵਰੀ 2022 ਤੋਂ ਹੁਣ ਤੱਕ ਦਾ ਫ਼ਰਕ ਕਰੀਬ 6 ਰੁਪਏ ਹੈ ਪਰ ਆਉਣ ਵਾਲੇ ਦਿਨਾਂ 'ਚ ਇਸ ਦਾ ਨੁਕਸਾਨ ਦੇਖਣ ਨੂੰ ਮਿਲੇਗਾ।
ਪੰਧੇਰ ਨੇ ਕਿਹਾ ਕਿ ਰੁਪਏ ਦੇ ਡਿੱਗਣ ਨਾਲ ਖੇਤੀ ਉਤਪਾਦਨ ਮਹਿੰਗਾ ਹੋ ਜਾਵੇਗਾ। ਬੀਜ ਤੋਂ ਲੈ ਕੇ ਦਵਾਈਆਂ ਮਹਿੰਗੀਆਂ ਹੋ ਜਾਣਗੀਆਂ। ਤੇਲ ਦੀਆਂ ਕੀਮਤਾਂ ਵਧਣਗੀਆਂ, ਜਿਸ ਨਾਲ ਮਹਿੰਗਾਈ ਵਧੇਗੀ ਅਤੇ ਆਮ ਆਦਮੀ ਇਸ ਦੀ ਲਪੇਟ ਵਿਚ ਆ ਜਾਵੇਗਾ। 3 ਅਕਤੂਬਰ ਨੂੰ ਹੋਣ ਵਾਲੇ ਪ੍ਰਦਰਸ਼ਨ ਵਿਚ ਕਿਸਾਨ ਇਸ ਨੂੰ ਇੱਕ ਹੋਰ ਵੱਡੇ ਮੁੱਦੇ ਵਜੋਂ ਉਠਾਉਣਗੇ।