ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਸਤਾਂ ਨੇ ਕੀਤਾ ਨੌਜਵਾਨ ਦਾ ਕਤਲ, ਨਹਿਰ ਵਿਚ ਸੁੱਟੀ ਲਾਸ਼
ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਵੱਲੋਂ ਨੌਜਵਾਨ ਦਾ ਸੁਰਾਗ ਨਾ ਮਿਲਣ ’ਤੇ 23 ਤਰੀਕ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ
ਬਰਨਾਲਾ: ਜ਼ਿਲ੍ਹੇ ਦੇ ਕਸਬਾ ਭਦੌੜ ਵਿਚ ਕੁਝ ਦੋਸਤਾਂ ਵੱਲੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਆਪਣੇ ਟੈਕਸੀ ਡਰਾਈਵਰ ਦੋਸਤ ਦਾ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਗਿਆ। ਮੁਲਜ਼ਮਾਂ ਨੇ 21 ਸਤੰਬਰ ਦੀ ਰਾਤ ਕਰੀਬ 9 ਵਜੇ ਮੋਗਾ ਜਾਣ ਲਈ ਗੱਡੀ ਬੁੱਕ ਕਰਵਾਉਣ ਦੇ ਨਾਂ ’ਤੇ ਦੋਸਤ ਨੂੰ ਬੁਲਾ ਕੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ।
ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਵੱਲੋਂ ਨੌਜਵਾਨ ਦਾ ਸੁਰਾਗ ਨਾ ਮਿਲਣ ’ਤੇ 23 ਤਰੀਕ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਕੁਝ ਦੋਸਤਾਂ ਨੂੰ ਕਾਲ ਡਿਟੇਲ ਦੇ ਆਧਾਰ ’ਤੇ ਪੁੱਛਗਿੱਛ ਲਈ ਬੁਲਾਇਆ, ਜਿਸ ਤੋਂ ਬਾਅਦ ਕਤਲ ਦਾ ਖੁਲਾਸਾ ਹੋਇਆ। ਮ੍ਰਿਤਕ ਨੌਜਵਾਨ ਦੀ ਲਾਸ਼ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਬਾਲਕੇ ਨੇੜੇ ਨਹਿਰ ਵਿਚੋਂ ਬਰਾਮਦ ਕੀਤੀ ਹੈ।
ਮ੍ਰਿਤਕ ਨੌਜਵਾਨ ਦੇ ਪਿਤਾ ਅਤੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਹੁਣ ਨੌਜਵਾਨ ਦੀ ਮੌਤ ਤੋਂ ਬਾਅਦ ਘਰ ਵਿਚ ਸਿਰਫ਼ ਉਸ ਦੀ ਮਾਂ ਅਤੇ ਨਵ-ਵਿਆਹੀ ਪਤਨੀ ਹੀ ਹਨ। ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।