ਵਿਜੀਲੈਂਸ ਬਿਊਰੋ ਦੀ ਕਾਰਵਾਈ: ਬਰਖ਼ਾਸਤ ਇੰਸਪੈਕਟਰ ਪਰਮਿੰਦਰ ਬਾਜਵਾ ਕੋਲੋਂ 30 ਲੱਖ ਰੁਪਏ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਿਰੋਜ਼ਪੁਰ ਦੀ ਅਦਾਲਤ ਵੱਲੋਂ ਉਸ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਦੇਣ ਪਿੱਛੋਂ ਵਿਜੀਲੈਂਸ ਬਿਊਰੋ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ।

Vigilance Bureau recovers Rs.30 lakh from dismissed Inspector Parminder Bajwa



ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਬਰਖਾਸਤ ਪੁਲਿਸ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਤੋਂ ਉਸ ਦੇ ਸਹੁਰੇ ਘਰ ਮੁਕਤਸਰ ਜ਼ਿਲ੍ਹੇ ਦੇ ਪਿੰਡ ਸੰਮੇ ਵਾਲੀ ਵਿਖੇ ਲੁਕਾ ਕੇ ਰੱਖੇ 30 ਲੱਖ ਰੁਪਏ ਬਰਾਮਦ ਕਰ ਲਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਭਗੌੜੇ ਇੰਸਪੈਕਟਰ ਬਾਜਵਾ ਨੂੰ 22 ਸਤੰਬਰ ਨੂੰ ਪੰਜਾਬ ਪੁਲਿਸ ਅਤੇ ਵਿਜੀਲੈਂਸ ਬਿਊਰੋ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਰਾਜਸਥਾਨ ਦੇ ਝਾਲਾਗੜ ਜਿਲੇ ਦੇ ਰਾਏਪੁਰ ਕਸਬੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਫਿਰੋਜ਼ਪੁਰ ਦੀ ਅਦਾਲਤ ਵੱਲੋਂ ਉਸ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਦੇਣ ਪਿੱਛੋਂ ਵਿਜੀਲੈਂਸ ਬਿਊਰੋ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ।

ਵਧੇਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਭੰਵਰ ਲਾਲ ਵਾਸੀ ਪਰਿਕ ਬਾਸ, ਥਾਣਾ ਕਾਲੂ, ਬੀਕਾਨੇਰ, ਰਾਜਸਥਾਨ ਨੇ 20 ਜੁਲਾਈ 2022 ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਲੁਧਿਆਣਾ ਵਿਖੇ ਰਹਿੰਦੇ ਉਸਦੇ ਭਰਾ ਅਸ਼ੋਕ ਜੋਸ਼ੀ ਨੇ ਆਪਣੇ ਗੌਤਮ ਨਾਮਕ ਕਰਮਚਾਰੀ ਨੂੰ ਟੈਕਸੀ ਡਰਾਈਵਰ ਕਵਲਜੀਤ ਸਿੰਘ ਰਾਹੀਂ ਮੋਗਾ ਤੋਂ 86 ਲੱਖ ਰੁਪਏ ਦੀ ਅਦਾਇਗੀ ਲੈਣ ਭੇਜਿਆ ਸੀ। ਪਰ ਉਸ ਦਿਨ ਉਕਤ ਇੰਸਪੈਕਟਰ ਬਾਜਵਾ (348/ਫਿਰੋਜ਼ਪੁਰ) ਨੇ ਸਹਾਇਕ ਸਬ-ਇੰਸਪੈਕਟਰ ਅੰਗਰੇਜ਼ ਸਿੰਘ (145/ਫਿਰੋਜ਼ਪੁਰ) ਅਤੇ ਰਾਜਪਾਲ ਸਿੰਘ (1235/ਫਿਰੋਜ਼ਪੁਰ) ਅਤੇ ਹੌਲਦਾਰ ਜੋਗਿੰਦਰ ਸਿੰਘ (145/ਫਿਰੋਜ਼ਪੁਰ) ਨਾਲ ਹਮ ਸਲਾਹ ਹੋ ਕੇ ਉਕਤ ਟੈਕਸੀ ਨੂੰ ਰੋਕ ਕੇ ਉਸ ਦੇ ਭਰਾ ਦੇ ਕਰਮਚਾਰੀ ਅਤੇ ਟੈਕਸੀ ਡਰਾਈਵਰ ਤੋਂ ਸਾਰੀ ਰਕਮ ਯਾਨੀ 86 ਲੱਖ ਰੁਪਏ ਜ਼ਬਤ ਕਰ ਲਏ।

ਉਹਨਾਂ ਦੱਸਿਆ ਕਿ ਉਕਤ ਰਕਮ ਦੀ ਦੁਰਵਰਤੋਂ ਕਰਨ ਲਈ ਉਪਰੋਕਤ ਪੁਲਿਸ ਮੁਲਾਜ਼ਮਾਂ ਨੇ ਕਰਮਚਾਰੀ ਗੌਤਮ ਅਤੇ ਟੈਕਸੀ ਡਰਾਈਵਰ ਪਾਸੋਂ 1 ਕਿਲੋ ਹੈਰੋਇਨ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਦੀ ਬਰਾਮਦਗੀ ਦਿਖਾਉਂਦੇ ਹੋਏ ਥਾਣਾ ਫਿਰੋਜਪੁਰ ਛਾਉਣੀ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਝੂਠਾ ਕੇਸ ਦਰਜ ਕਰ ਦਿੱਤਾ। ਉਹਨਾਂ ਦੱਸਿਆ ਕਿ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਨੇ ਉਪਰੋਕਤ ਸਾਰੇ ਪੁਲਿਸ ਮੁਲਾਜ਼ਮਾਂ ਖਿਲਾਫ ਵੱਖਰਾ ਕੇਸ ਦਰਜ ਕਰਕੇ ਏ.ਐੱਸ.ਆਈ. ਅੰਗਰੇਜ਼ ਸਿੰਘ ਅਤੇ ਰਾਜਪਾਲ ਸਿੰਘ ਅਤੇ ਹੌਲਦਾਰ ਜੋਗਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜੋ ਕਿ ਹੁਣ ਜੇਲ ’ਚ ਬੰਦ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਪਿੱਛੋਂ ਇਹ ਕੇਸ ਵਿਜੀਲੈਂਸ ਬਿਊਰੋ ਨੂੰ ਤਬਦੀਲ ਕਰ ਦਿੱਤਾ ਗਿਆ ਅਤੇ ਭਗੌੜੇ ਦੋਸ਼ੀ ਇੰਸਪੈਕਟਰ ਬਾਜਵਾ ਨੂੰ ਗ੍ਰਿਫ਼ਤਾਰ ਕਰ ਲਿਆ ਜੋ ਹੁਣ ਪੁਲਿਸ ਰਿਮਾਂਡ ’ਤੇ ਵਿਜੀਲੈਂਸ ਦੀ ਗ੍ਰਿਫ਼ਤ ਵਿਚ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।