ਸਿੱਧੂ ਮੂਸੇਵਾਲਾ ਦੇ ਕਾਤਲ ਅਰਸ਼ਦ ਖਾਨ ਤੋਂ ਜੇਲ 'ਚੋਂ ਮਿਲਿਆ ਫ਼ੋਨ
ਪੁਲਸ ਵਲੋਂ ਮੋਬਾਇਲ ਨੂੰ ਕਬਜ਼ੇ ਵਿਚ ਲੈਣ ਉਪਰੰਤ ਅਰਸ਼ਦ ਖਾਨ ਖ਼ਿਲਾਫ ਮਾਮਲਾ ਦਰਜ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਗੋਇੰਦਵਾਲ ਸਾਹਿਬ : ਸਥਾਨਲ ਕੇਂਦਰੀ ਜੇਲ ਵਿਚ ਬੰਦ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਸਬੰਧਤ ਹਵਾਲਾਤੀ ਅਰਸ਼ਦ ਖਾਨ ਕੋਲੋਂ ਮੁੜ ਤੋਂ ਮੋਬਾਇਲ ਫੋਨ ਸਮੇਤ ਸਿਮ ਬਰਾਮਦ ਕੀਤਾ ਗਿਆ ਹੈ। ਇਸ ਤੋਂ ਬਾਅਦ ਅਰਸ਼ਦ ਖ਼ਾਨ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜੇਲ੍ਹ ਵਿਚ ਬੰਦ ਗੈਂਗਸਟਰਾਂ ਕੋਲੋਂ ਮੋਬਾਇਲ ਬਰਾਮਦ ਹੋਣ ਦਾ ਸਿਲਸਿਲਾ ਜਾਰੀ ਹੈ ,ਜਿਸ ਨੂੰ ਰੋਕਣ ਵਿਚ ਜੇਲ੍ਹ ਅਧਿਕਾਰੀ ਲਗਾਤਾਰ ਅਸਫ਼ਲ ਸਾਬਤ ਹੋ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਨਾਮਜ਼ਦ ਮੁਲਜ਼ਮ ਅਰਸ਼ਦ ਖਾਨ ਪੁੱਤਰ ਰਜ਼ਾਕ ਖਾਨ ਪਾਸੋਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਕ੍ਰਿਪਾਲ ਸਿੰਘ ਨੇ ਇਕ ਮੋਬਾਇਲ ਫੋਨ, ਸਿਮ ਸਮੇਤ ਬਰਾਮਦ ਕੀਤਾ ਹੈ। ਇਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੁਲਸ ਵਲੋਂ ਮੋਬਾਇਲ ਨੂੰ ਕਬਜ਼ੇ ਵਿਚ ਲੈਣ ਉਪਰੰਤ ਅਰਸ਼ਦ ਖਾਨ ਖ਼ਿਲਾਫ ਮਾਮਲਾ ਦਰਜ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।