ਭਾਰਤੀ ਅਤੇ ਅਮਰੀਕੀ ਜਲ ਸੈਨਾਵਾਂ ਨੇ ਸਹਿਯੋਗ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਅਤੇ ਅਮਰੀਕੀ ਜਲ ਸੈਨਾਵਾਂ ਨੇ ਸਹਿਯੋਗ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ

image


ਨਵੀਂ ਦਿੱਲੀ, 24 ਸਤੰਬਰ: ਜਲ ਸੈਨਾ ਮੁਖੀ ਐਡਮਿਰਲ ਆਰ. ਹਰੀ ਕੁਮਾਰ ਨੇ ਅਮਰੀਕਾ ਦੇ ਅਪਣੇ ਚਾਰ ਦਿਨਾਂ ਦੌਰੇ ਦੌਰਾਨ ਤੇਜ਼ੀ ਨਾਲ ਵਧ ਰਹੀ ਭਾਰਤ-ਅਮਰੀਕਾ ਰਣਨੀਤਕ ਸਾਂਝੇਦਾਰੀ ਵਿਚ ਦੁਵੱਲੇ ਸਮੁੰਦਰੀ ਸੁਰੱਖਿਆ ਸਹਿਯੋਗ ਨੂੰ ਵਧਾਉਣ ਦੇ ਤਰੀਕਿਆਂ ਨੂੰ ਉਜਾਗਰ ਕੀਤਾ | ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ |
ਜਲ ਸੈਨਾ ਮੁਖੀ ਨੇ 25ਵੇਂ ਇੰਟਰਨੈਸ਼ਨਲ ਸੀ ਪਾਵਰ ਸਿੰਪੋਜ਼ੀਅਮ (ਆਈ.ਐਸ.ਐਸ.) 'ਚ ਹਿੱਸਾ ਲੈਣ ਲਈ 19 ਤੋਂ 22 ਸਤੰਬਰ ਤਕ ਅਮਰੀਕਾ ਦਾ ਦੌਰਾ ਕੀਤਾ | ਭਾਰਤੀ ਜਲ ਸੈਨਾ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ, ''ਨੇਵਲ ਮੁਖੀ ਦੀ ਅਮਰੀਕਾ ਯਾਤਰਾ ਨੇ ਜਲ ਸੈਨਾ ਨੂੰ ਦੋ-ਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਹਿੰਦ-ਪ੍ਰਸ਼ਾਂਤ ਖੇਤਰ 'ਚ ਵੱਖੋ-ਵੱਖ ਭਾਈਵਾਲਾਂ ਨਾਲ ਸਾਂਝੇਦਾਰੀ ਕਰਨ ਲਈ ਉੱਚ ਪੱਧਰ 'ਤੇ ਗੱਲਬਾਤ ਕਰਨ ਦਾ ਮਹੱਤਵਪੂਰਨ ਮੌਕਾ ਪ੍ਰਦਾਨ ਕੀਤਾ |''
ਯੂ.ਐਸ. ਨੇਵੀ ਨੇ ਯੂ.ਐਸ. ਨੇਵਲ ਵਾਰ ਕਾਲਜ, ਨਿਊਪੋਰਟ, ਰ੍ਹੋਡ ਆਈਲੈਂਡ ਵਿਖੇ ਆਈ.ਐਸ.ਐਸ. ਦੀ ਮੇਜ਼ਬਾਨੀ ਕੀਤੀ, ਜਿਸ ਦੇ ਉਦੇਸ਼ ਨਾਲ ਇਕ ਸੁਤੰਤਰ ਅਤੇ ਨਿਯਮਾਂ-ਆਧਾਰਤ ਇੰਡੋ-ਪੈਸੀਫਿਕ ਦੇ ਸਾਂਝੇ ਦਿ੍ਸ਼ਟੀਕੋਣ ਵਲ ਕੰਮ ਕਰਨ ਲਈ ਸਮਾਨ ਸੋਚ ਵਾਲੀਆਂ ਜਲ ਸੈਨਾਵਾਂ ਵਿਚਕਾਰ ਸਹਿਯੋਗ ਵਧਾਉਣਾ ਹੈ | ਆਈ.ਐਸ.ਐਸ. ਦੀ ਅਪਣੀ ਯਾਤਰਾ ਤੋਂ ਇਲਾਵਾ, ਐਡਮਿਰਲ ਕੁਮਾਰ ਨੇ ਅਮਰੀਕਾ, ਆਸਟਰੇਲੀਆ, ਮਿਸਰ, ਫਿਜੀ, ਇਜ਼ਰਾਈਲ, ਇਟਲੀ, ਜਾਪਾਨ, ਕੀਨੀਆ, ਪੇਰੂ, ਸਾਊਦੀ ਅਰਬ, ਸਿੰਗਾਪੁਰ ਅਤੇ ਯੂ.ਕੇ. ਸਮੇਤ ਵੱਖ-ਵੱਖ ਦੇਸ਼ਾਂ ਦੇ ਅਪਣੇ ਹਮਰੁਤਬਾ ਨਾਲ ਦੁਵੱਲੀ ਮੀਟਿੰਗਾਂ ਵੀ ਕੀਤੀਆਂ | ਮਧਵਾਲ ਨੇ ਕਿਹਾ, ''ਇਸ ਦੌਰੇ ਦੌਰਾਨ ਵਿਆਪਕ ਗੱਲਬਾਤ ਇਕ ਮੁਕਤ, ਖੁੱਲ੍ਹੇ ਅਤੇ ਸੰਮਲਿਤ ਇੰਡੋ-ਪੈਸੀਫਿਕ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਭਾਰਤੀ ਜਲ ਸੈਨਾ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ |''                           (ਪੀਟੀਆਈ)

 


ਭਾਰਤੀ ਅਤੇ ਅਮਰੀਕੀ ਜਲ ਸੈਨਾਵਾਂ ਦੇ ਮੁੱਖ ਅਧਿਕਾਰੀ ਚਰਚਾ ਦੌਰਾਨ |