ਲੁਧਿਆਣਾ ਦੇ ਹਲਕਾ ਸਾਹਨੇਵਾਲ ਵਿਚ 25 ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੇ ਫੜਿਆ ‘ਆਪ’ ਦਾ ਪੱਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਲਾਲਜੀਤ ਭੁੱਲਰ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਰਵਾਇਆ ਸ਼ਾਮਲ

Sarpanch of 25 villages in Sahnewal constituency Joins AAP



ਲੁਧਿਆਣਾ: ਲੁਧਿਆਣਾ ਦੇ ਹਲਕਾ ਸਾਹਨੇਵਾਲ ਵਿਚ ਵਿਧਾਇਕ ਹਰਦੀਪ ਮੁੰਡੀਆਂ ਦੀ ਅਗਵਾਈ ਵਿਚ ਹਲਕਾ ਸਾਹਨੇਵਾਲ ਦੀਆਂ ਕਈ ਪੰਚਾਇਤਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਈਆਂ। ਇਸ ਮੌਕੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ ਗਿਆ।

ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਹਲਕਾ ਸਾਹਨੇਵਾਲ ਦੇ ਕਰੀਬ 25 ਤੋਂ 30 ਪਿੰਡਾਂ ਦੇ ਲੋਕ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। 'ਆਪ' ਪਾਰਟੀ ਦਾ ਕੰਮ ਦੇਖ ਕੇ ਅੱਜ ਲੋਕਾਂ ਨੇ ਇਸ ਦਾ ਸਮਰਥਨ ਕੀਤਾ ਹੈ। ਪੰਚਾਇਤੀ ਚੋਣਾਂ ਵਿਚ ਵਿਰੋਧੀਆਂ ਨੂੰ ਹਰਾ ਕੇ ਆਮ ਆਦਮੀ ਪਾਰਟੀ ਦਾ ਝੰਡਾ ਲਹਿਰਾਇਆ ਜਾਵੇਗਾ।

ਧਾਲੀਵਾਲ ਨੇ ਕਿਹਾ ਕਿ ਸਿਰਫ਼ ਡੇਢ ਸਾਲ ਵਿਚ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੰਨਾ ਕੰਮ ਕੀਤਾ ਹੈ, ਜੋ ਪਿਛਲੀਆਂ ਸਰਕਾਰਾਂ ਕਈ ਸਾਲਾਂ ਵਿਚ ਨਹੀਂ ਕਰ ਸਕੀਆਂ। ਡੇਢ ਸਾਲ ਦੇ ਵਿਕਾਸ ਕਾਰਜਾਂ ਨੂੰ ਦੇਖ ਕੇ ਵਿਰੋਧੀ ਪਾਰਟੀਆਂ ਪਰੇਸ਼ਾਨ ਹਨ। ਸਾਹਨੇਵਾਲ ਹਲਕੇ ਵਿਚ ਮੁੱਖ ਮੰਤਰੀ ਮਾਨ ਨੇ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਵਾਈਆਂ। ਹੁਣ ਜਿਨ੍ਹਾਂ ਪਿੰਡਾਂ ਦੀਆਂ ਸੜਕਾਂ ਬਣਾਉਣ ਦੀ ਲੋੜ ਹੈ, ਉਹ ਕੰਮ ਵੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜੇ ਸਾਢੇ ਤਿੰਨ ਸਾਲ ਬਾਕੀ ਹਨ, ਜਿਸ ਵਿਚ ਸਰਕਾਰ ਨੇ ਬਾਕੀ ਰਹਿੰਦੇ ਕੰਮ ਵੀ ਪੂਰੇ ਕਰਨੇ ਹਨ।

ਮੰਤਰੀ ਧਾਲੀਵਾਲ ਨੇ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਸਰਕਾਰੀ ਖਜ਼ਾਨਾ ਖੁੱਲ੍ਹਾ ਹੈ। ਲੋਕਾਂ ਦੀ ਸਰਕਾਰ ਲੋਕਾਂ 'ਤੇ ਉਨ੍ਹਾਂ ਦਾ ਹੀ ਪੈਸਾ ਖੁਦ ਲਗਾ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਸਰਕਾਰ ਸਾਹਨੇਵਾਲ ਇਲਾਕੇ ਲਈ ਕਈ ਵੱਡੇ ਐਲਾਨ ਕਰੇਗੀ। ਮੰਤਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿਚ ਪਿਛਲੀਆਂ ਸਰਕਾਰਾਂ ਵਲੋਂ ਪਿਛਲੇ 75 ਸਾਲਾਂ ਵਿਚ ਫੈਲਾਏ ਭ੍ਰਿਸ਼ਟਾਚਾਰ ਦੇ ਕੂੜੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਫ਼ ਕਰ ਰਹੇ ਹਨ। ਆਉਣ ਵਾਲੇ ਦਿਨਾਂ ਵਿਚ ਕਈ ਭ੍ਰਿਸ਼ਟ ਲੋਕ ਸਲਾਖਾਂ ਪਿੱਛੇ ਸੁੱਟੇ ਜਾਣਗੇ।

ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਲੋਕਾਂ ਦਾ ਹੁਣ ਰਵਾਇਤੀ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ। ਲੋਕ ‘ਆਪ’ ਦੇ ਕੰਮ ਨੂੰ ਪਸੰਦ ਕਰ ਰਹੇ ਹਨ। ਅੱਜ 25 ਤੋਂ ਵੱਧ ਪਿੰਡ ਸ਼ਾਮਲ ਹੋਏ ਹਨ, ਇਸ ਨਾਲ ਪਾਰਟੀ ਹੋਰ ਮਜ਼ਬੂਤ ​​ਹੋਈ ਹੈ।