ਕੇਰਲ ਦੇ ਮੰਤਰੀ ਵੱਲੋਂ ਪੰਜਾਬ ਦੇ ਪ੍ਰਗਤੀਸ਼ੀਲ ਬਾਗਬਾਨੀ ਮਾਡਲ ਦੀ ਸ਼ਲਾਘਾ
ਕੇਰਲ ਸਰਕਾਰ ਦੇ ਵਫ਼ਦ ਨੇ ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ: ਕੇਰਲ ਸਰਕਾਰ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨਾਲ ਬੀਤੀ ਸ਼ਾਮ ਪੰਜਾਬ ਭਵਨ, ਚੰਡੀਗੜ੍ਹ ਵਿਖੇ
ਮੁਲਾਕਾਤ ਕੀਤੀ। ਇਸ ਵਫ਼ਦ ਦੀ ਅਗਵਾਈ ਕੇਰਲ ਦੇ ਖੇਤੀਬਾੜੀ ਮੰਤਰੀ ਪੀ. ਪ੍ਰਸਾਦ ਨੇ ਕੀਤੀ, ਉਨ੍ਹਾਂ ਦੇ ਨਾਲ ਮਿਸ਼ਨ ਡਾਇਰੈਕਟਰ ਬਾਗਬਾਨੀ ਸਾਜੀ ਜੌਨ ਅਤੇ ਚੇਅਰਮੈਨ, ਸਟੇਟ ਐਗਰੀਕਲਚਰਲ ਪ੍ਰਾਈਸ ਬੋਰਡ ਡਾ. ਪੀ. ਰਾਜਸ਼ੇਖਰਨ ਵੀ ਸਨ। ਵਫ਼ਦ ਨੇ ਪੰਜਾਬ ਦੇ ਪ੍ਰਗਤੀਸ਼ੀਲ ਬਾਗਬਾਨੀ ਮਾਡਲ ਦੀ ਭਰਪੂਰ ਸ਼ਲਾਘਾ ਕੀਤੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕੇਰਲ ਦੇ ਵਫ਼ਦ ਨੂੰ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਫ਼ਸਲੀ ਵਿਭਿੰਨਤਾ ਲਿਆਉਣ ਅਤੇ ਕਿਸਾਨਾ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸੂਬਾ ਸਰਕਾਰ ਕਿਸਾਨਾਂ ਨੂੰ ਵਿਆਪਕ ਤੌਰ ਤੇ ਤਕਨੀਕੀ ਜਾਣਕਾਰੀ ਅਤੇ ਸਬਸਿਡੀਆਂ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕਰੀਬ 5 ਲੱਖ ਹੈਕਟੇਅਰ ਰਕਬੇ 'ਤੇ ਬਾਗਬਾਨੀ ਕੀਤੀ ਜਾ ਰਹੀ ਹੈ ਜਿਸ ਨਾਲ ਕਿਸਾਨਾਂ ਦੀ ਆਮਦਨ ਲਗਾਤਾਰ ਵੱਧ ਰਹੀ ਹੈ।
ਭਵਿੱਖੀ ਯੋਜਨਾਵਾਂ ਸਾਂਝੀਆਂ ਕਰਦਿਆਂ ਮੰਤਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਪੰਜਾਬ ਸਰਕਾਰ ਫਲਾਂ ਅਤੇ ਸਬਜ਼ੀਆਂ ਦੀਆਂ ਪ੍ਰੋਸੈਸਿੰਗ ਯੂਨਿਟਾਂ ਨੂੰ ਹੋਰ ਮਜ਼ਬੂਤ ਕਰ ਰਹੀ ਹੈ ਤਾਂ ਕਿ ਕਿਸਾਨਾਂ ਨੂੰ ਬਿਹਤਰ ਮਾਰਕੀਟ ਮੁੱਲ ਮਿਲ ਸਕੇ। ਉਨ੍ਹਾਂ ਕਿਹਾ ਕਿ ਨਵੇਂ ਕੋਲਡ ਸਟੋਰੇਜ, ਵੈਲਿਊ ਐਡੀਸ਼ਨ ਸੈਂਟਰ ਅਤੇ ਐਗਰੋ-ਪ੍ਰੋਸੈਸਿੰਗ ਕਲੱਸਟਰ ਬਣਾਏ ਜਾ ਰਹੇ ਹਨ।
ਕੇਰਲ ਦੇ ਖੇਤੀਬਾੜੀ ਮੰਤਰੀ ਸ੍ਰੀ ਪੀ.ਪ੍ਰਸਾਦ ਨੇ ਕਿਹਾ ਕਿ ਪੰਜਾਬ ਵੱਲੋਂ ਕਿਸਾਨਾਂ ਲਈ ਕੀਤੇ ਜਾ ਰਹੇ ਅਜਿਹੇ ਪ੍ਰਗਤੀਸ਼ੀਲ ਉਪਾਅ ਸ਼ਲਾਘਾ ਯੋਗ ਯੋਗ ਹਨ। ਉਨ੍ਹਾਂ ਨੇ ਪੰਜਾਬ ਦੇ ਬਾਗਬਾਨੀ ਮਾਡਲ ਨੂੰ ਦੂਜੇ ਰਾਜਾਂ ਲਈ ਇੱਕ ਰੋਡਮੈਪ ਦੱਸਿਆ ਹੈ। ਆਪਣੇ ਰਾਜ ਦੇ ਵੇਰਵੇ ਸਾਂਝੇ ਕਰਦਿਆਂ ਕੇਰਲ ਦੇ ਖੇਤੀਬਾੜੀ ਮੰਤਰੀ ਪੀ.ਪ੍ਰਸਾਦ ਨੇ ਕਿਹਾ ਕਿ ਕੇਰਲ ਵਿੱਚ ਬਾਗਬਾਨੀ ਲਗਭਗ 22 ਲੱਖ ਹੈਕਟੇਅਰ ਨੂੰ ਕਵਰ ਕਰਦੀ ਹੈ, ਜਿਸ ਵਿੱਚ ਕੇਲਾ, ਨਾਰੀਅਲ, ਮਸਾਲੇ ਅਤੇ ਸਬਜ਼ੀਆਂ ਵਰਗੀਆਂ ਫਸਲਾਂ 'ਤੇ ਮੁੱਖ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਮੰਤਰੀ ਮੋਹਿੰਦਰ ਭਗਤ ਨੂੰ ਕੇਰਲ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਖੇਤੀਬਾੜੀ ਮੇਲੇ "ਵੈਗਾ" ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ।
ਸਦਭਾਵਨਾ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਦੇ ਸੰਕੇਤ ਵਜੋਂ ਮੰਤਰੀ ਮੋਹਿੰਦਰ ਭਗਤ ਨੇ ਕੇਰਲਾ ਦੇ ਖੇਤੀਬਾੜੀ ਮੰਤਰੀ ਨੂੰ ਪੰਜਾਬ ਦੀ ਇੱਕ ਫੁਲਕਾਰੀ ਭੇਟ ਕੀਤੀ ਅਤੇ ਮੰਤਰੀ ਪੀ.ਪ੍ਰਸਾਦ ਨੇ ਮੰਤਰੀ ਭਗਤ ਨੂੰ ਇੱਕ ਰਵਾਇਤੀ ਕੇਰਲਾ ਸੱਪ ਕਿਸ਼ਤੀ ਅਤੇ ਧੋਤੀ ਯਾਦਗਾਰੀ ਚਿੰਨ੍ਹ ਵੱਜੋਂ ਭੇਟ ਕੀਤੀ। ਦੋਵਾਂ ਧਿਰਾਂ ਨੇ ਬਾਗਬਾਨੀ ਵਿੱਚ ਅੰਤਰ-ਰਾਜੀ ਸਹਿਯੋਗ ਦੀ ਵਚਨਬੱਧਤਾ ਪ੍ਰਗਟਾਈ।