ਸ਼੍ਰੋਮਣੀ ਅਕਾਲੀ ਦਲ ਦੇ ਸ਼ਤਾਬਦੀ ਸਮਾਰੋਹ ਲੁਧਿਆਣਾ ਦੀ ਥਾਂ ਮੋਗਾ 'ਚ ਹੋਣਗੇ : ਢੀਂਡਸਾ
ਸ਼੍ਰੋਮਣੀ ਕਮੇਟੀ ਚੋਣਾਂ ਸੱਭ ਪੰਥਕ ਧਿਰਾਂ ਨਾਲ ਇਕੱਠੇ ਹੋ ਕੇ ਲੜਾਂਗੇ
ਮੋਹਾਲੀ : ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਨੇ 13 ਦਸੰਬਰ ਨੂੰ ਹੋਣ ਵਾਲੇ ਸ਼ੋਮਣੀ ਅਕਾਲੀ ਦਲ ਦੇ ਸ਼ਤਾਬਦੀ ਸਮਾਰੋਹ ਦਾ ਸਥਾਨ ਬਦਲ ਕੇ ਲੁਧਿਆਣਾ ਤੋਂ ਮੋਗਾ ਕਰ ਦਿਤਾ ਹੈ। ਮੀਡੀਆ ਵਿਚ ਜਾਰੀ ਬਿਆਨ ਰਾਹੀਂ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਜਾਣਕਾਰੀ ਦਿਤੀ ਕਿ ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ 13 ਦਸੰਬਰ ਨੂੰ ਮੋਗਾ ਵਿਖੇ ਮਨਾਈ ਜਾਵੇਗੀ।
ਪਹਿਲਾਂ ਇਹ ਲੁਧਿਆਣਾ ਵਿਖੇ ਮਨਾਉਣ ਦਾ ਫ਼ੈਸਲਾ ਕੀਤਾ ਸੀ ਪਰ ਲੁਧਿਆਣਾ ਜ਼ਿਆਦਾ ਭੀੜ ਵਾਲਾ ਸ਼ਹਿਰ ਹੋਣ ਕਰ ਕੇ ਸਥਾਨ ਨੂੰ ਬਦਲ ਕੇ ਮੋਗਾ ਵਿਖੇ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਸਬੰਧੀ ਮੋਗਾ ਜ਼ਿਲੇ ਦੀ ਲੀਡਰਸ਼ਿਪ ਨੂੰ ਤਿਆਰੀਆਂ ਕਰਨ ਲਈ ਕਹਿ ਦਿਤਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਮੋਗਾ ਜ਼ਿਲ੍ਹੇ ਵਿਚ ਭਾਰੀ ਇਕੱਠ ਕਰ ਕੇ ਅਕਾਲੀ ਦਲ ਦੇ ਇਤਿਹਾਸ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਰੇ ਢੀਂਡਸਾ ਨੇ ਦਸਿਆ ਕਿ ਕਮੇਟੀ ਦੀਆਂ ਚੋਣਾਂ ਸਾਰੀਆਂ ਬਾਦਲ ਵਿਰੋਧੀ, ਹਮਖ਼ਿਆਲੀ ਪੰਥਕ ਧਿਰਾਂ ਇਕੱਠੇ ਹੋ ਕੇ ਲੜਨਗੀਆਂ। ਉਨ੍ਹਾਂ ਦਸਿਆ ਕਿ ਇਸ ਸਬੰਧੀ ਰਣਜੀਤ ਸਿੰਘ ਬ੍ਰਹਮਪੁਰਾ, ਰਵੀਇੰਦਰ ਸਿੰਘ, ਭਾਈ ਰਣਜੀਤ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਹੋਰ ਵੀ ਸੰਤ ਮਹਾਂਪੁਰਸ਼ਾਂ ਅਤੇ ਪੰਥਕ ਜਥੇਬੰਦੀਆ ਨਾਲ ਗੱਲ ਹੋ ਚੁਕੀ ਹੈ। ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਹਰ ਥਾਂ 'ਤੇ ਇਕ ਹੀ ਸਾਂਝਾ ਉਮੀਦਵਾਰ ਹੋਵੇਗਾ।
ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਵਿਸਤਾਰ ਬਾਰੇ ਪ੍ਰਧਾਨ ਢੀਂਡਸਾ ਨੇ ਕਿਹਾ ਕਿ ਪਾਰਟੀ ਦੇ ਪ੍ਰਮੁੱਖ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰ ਕੇ ਵੱਖ-ਵੱਖ ਵਰਗਾਂ ਨਾਲ ਸਬੰਧਤ ਵਿੰਗਾ ਦਾ ਜਲਦ ਗਠਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸਤਰੀ, ਐਸ.ਸੀ., ਬੀ.ਸੀ., ਮੁਲਾਜ਼ਮ, ਬੁਧੀਜੀਵੀ ਸਮੇਤ ਹੋਰ ਵਿੰਗਾਂ ਦਾ ਗਠਨ ਕਰ ਕੇ ਪੰਜਾਬ ਦੇ ਲੋਕਾਂ ਤਕ ਪਹੁੰਚਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ 28 ਅਕਤੂਬਰ ਨੂੰ ਸਵੇਰੇ 11 ਵਜੇ ਇਸਤਰੀ ਵਿੰਗ ਦੀ ਮੀਟਿੰਗ ਮੁਹਾਲੀ ਦੇ ਮੁੱਖ ਦਫ਼ਤਰ ਵਿਖੇ ਕੀਤੀ ਜਾਵੇਗੀ।