ਜਾਸੂਸੀ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਭਾਰਤੀ ਫੌਜੀ ਨੂੰ 4 ਦਿਨਾਂ ਪੁਲਿਸ ਰਿਮਾਂਡ 'ਤੇ ਲਿਆ 

ਏਜੰਸੀ

ਖ਼ਬਰਾਂ, ਪੰਜਾਬ

10 ਹਜ਼ਾਰ ਰੁਪਏ ਲਈ ਵੇਚ ਦਿੱਤਾ ਸੀ ਈਮਾਨ

Army jawan held for espionage sent to 4-day police remand

 

ਅੰਮ੍ਰਿਤਸਰ  - ਪਾਕਿਸਤਾਨ ਦੀ ਖੂਫ਼ੀਆ ਏਜੰਸੀ ਆਈ. ਐੱਸ. ਆਈ. ਦੀ ਮਹਿਲਾ ਅਧਿਕਾਰੀ ਸਾਦਰਾ ਖਾਨ ਦੇ ਹਨੀ ਟਰੈਪ ’ਚ ਫਸਿਆ ਭਾਰਤੀ ਫੌਜੀ ਕੁਨਾਲ ਕੁਮਾਰ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ ’ਤੇ ਜਾਂਚ ਲਈ 4 ਦਿਨ ਦੇ ਪੁਲfਸ ਰਿਮਾਂਡ ’ਤੇ ਲਿਆ ਗਿਆ ਹੈ। ਕੁਨਾਲ ਪਿਛਲੇ ਕਰੀਬ 2 ਸਾਲਾਂ ਤੋਂ ਸਾਦਰਾ ਖਾਨ ਨੂੰ ਭਾਰਤੀ ਫੌਜ ਦੀਆਂ ਖੂਫ਼ੀਆ ਜਾਣਕਾਰੀਆਂ ਉਪਲੱਬਧ ਕਰਵਾ ਰਿਹਾ ਸੀ। ਕੁਨਾਲ ਦਾ ਖਾਤਾ ਖੰਗਾਲਣ ’ਤੇ ਪਤਾ ਲੱਗਿਆ ਕਿ ਹੁਣ ਤੱਕ ਸਾਦਰਾ ਨੇ ਉਸ ਦੇ ਖਾਤੇ ’ਚ ਸਿਰਫ਼ 10 ਹਜ਼ਾਰ ਰੁਪਏ ਹੀ ਟਰਾਂਸਫਰ ਕਰਵਾਏ ਸਨ, ਜਿਸ ਦੇ ਬਦਲੇ ਉਸ ਨੇ ਆਪਣਾ ਈਮਾਨ ਵੇਚ ਦਿੱਤਾ ਸੀ।

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਪਿਛਲੇ ਦਿਨੀਂ ਫਿਰੋਜ਼ਪੁਰ ਕੈਂਟ ’ਚ ਬਾਖੂਬੀ ਇਕ ਆਪ੍ਰੇਸ਼ਨ ਨੂੰ ਅੰਜ਼ਾਮ ਦੇ ਕੇ ਪਾਕਿਸਤਾਨ ਨੂੰ ਖੂਫ਼ੀਆ ਜਾਣਕਾਰੀਆਂ ਭੇਜਣ ਵਾਲੇ ਕੁਨਾਲ ਨੂੰ ਗ੍ਰਿਫ਼ਤਾਰ ਕੀਤਾ ਸੀ। ਇਕ ਪਾਸੇ ਪਾਕਿ ਦੀ ਖੂਫ਼ੀਆ ਏਜੰਸੀ ਆਈ. ਐੱਸ. ਆਈ. ਦੀ ਮਹਿਲਾ ਅਧਿਕਾਰੀ ਸਾਦਰਾ ਖਾਨ ਨੂੰ ਫੌਜ ਦੀਆਂ ਖੂਫ਼ੀਆ ਜਾਣਕਾਰੀਆਂ ਭੇਜਣ ਵਾਲੇ ਭਾਰਤੀ ਫੌਜੀ ਕੁਨਾਲ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਵੱਖ-ਵੱਖ ਸੁਰੱਖਿਆ ਏਜੰਸੀਆਂ ਡੈਮੇਜ਼ ਕੰਟਰੋਲ ’ਚ ਲੱਗੀਆਂ ਹੋਈਆਂ ਹਨ ।

ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਕੁਨਾਲ ਪਾਕਿਸਤਾਨ ਨੂੰ ਕੀ-ਕੀ ਜਾਣਕਾਰੀਆਂ ਭੇਜ ਚੁੱਕਾ ਹੈ। ਫੌਜ ਦਾ ਇੰਟੈਲੀਜੈਂਸ ਵਿੰਗ ਵੀ ਲਗਾਤਾਰ ਕੁਨਾਲ ਕੋਲੋਂ ਪੁੱਛਗਿੱਛ ਕਰ ਰਿਹਾ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੂੰ ਹੁਣ ਤੱਕ ਪਾਕਿ ਦੀ ਮਹਿਲਾ ਅਧਿਕਾਰੀ ਸਾਦਰਾ ਖਾਨ ਵੱਲੋਂ ਕੁਨਾਲ ਦੇ ਖਾਤੇ ’ਚ 10 ਹਜ਼ਾਰ ਰੁਪਏ ਦੀ ਰਾਸ਼ੀ ਟਰਾਂਸਫਰ ਕੀਤੇ ਜਾਣ ਦਾ ਪਤਾ ਚੱਲ ਸਕਿਆ ਹੈ। ਜਦ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਇਹ ਰਕਮ ਲੱਖਾਂ ’ਚ ਹੋ ਸਕਦੀ ਹੈ, ਇਸ ਲਈ ਪੁਲਿਸ ਹੁਣ ਮੁਲਜ਼ਮ ਦੇ ਰਿਸ਼ਤੇਦਾਰਾਂ ਦੇ ਖਾਤਿਆਂ ਦੀ ਵੀ ਜਾਂਚ ਕਰ ਰਹੀ ਹੈ।