ਕਸ਼ਮੀਰ 'ਚ ਭਾਰੀ ਬਰਫ਼ਬਾਰੀ : ਅਨੰਤਨਾਗ 'ਚ ਦੋ ਲੋਕਾਂ ਦੀ ਮੌਤ, ਮਿ੍ਤਕਾਂ ਦੀ ਗਿਣਤੀ 5 ਹੋਈ

ਏਜੰਸੀ

ਖ਼ਬਰਾਂ, ਪੰਜਾਬ

ਕਸ਼ਮੀਰ 'ਚ ਭਾਰੀ ਬਰਫ਼ਬਾਰੀ : ਅਨੰਤਨਾਗ 'ਚ ਦੋ ਲੋਕਾਂ ਦੀ ਮੌਤ, ਮਿ੍ਤਕਾਂ ਦੀ ਗਿਣਤੀ 5 ਹੋਈ

image

ਸ਼੍ਰੀਨਗਰ, 24 ਅਕਤੂਬਰ : ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਬਰਫ਼ਬਾਰੀ ਵਿਚ ਫਸੇ ਦੋ ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਖ਼ਰਾਬ ਮੌਸਮ  ਕਾਰਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵੱਧ ਕੇ ਪੰਜ ਹੋ ਗਈ, ਜਦੋਂਕਿ  ਦੋ ਲੋਕਾਂ ਨੂੰ  ਸੁਰੱਖਿਅਤ ਕੱਢ ਲਿਆ ਗਿਆ ਹੈ | ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ | ਉਨ੍ਹਾਂ ਦਸਿਆ ਕਿ ਬੀਤੀ ਰਾਤ ਦਖਣੀ ਕਸ਼ਮੀਰ ਦੇ ਇਸ ਜ਼ਿਲ੍ਹੇ ਵਿਚ ਸਿਨਥਾਨ ਦਰੇ ਵਿਚ ਫਸੇ ਲੋਕਾਂ ਨੂੰ  ਸੁਰੱਖਿਅਤ ਕੱਢ ਲਿਆ ਗਿਆ | ਅਧਿਕਾਰੀਆਂ ਨੇ ਦਸਿਆ ਕਿ ਨਾਗਰਿਕ, ਪੁਲਿਸ, ਫ਼ੌਜ ਅਤੇ ਸੂਬਾ ਆਫ਼ਤ ਬਚਾਅ ਦਲ (ਐਸਡੀਆਰਐਫ਼) ਦੇ ਅਧਿਕਾਰੀਆਂ ਦੀ ਬਚਾਅ ਟੀਮ ਨੇ ਮਸ਼ੀਨਰੀ ਦੀ ਮਦਦ ਨਾਲ ਬਰਫ਼ ਨਾਲ ਢਕੇ ਅਤੇ ਕੋਹਰੇ ਵਾਲੇ ਇਲਾਕਿਆਂ ਨੂੰ  ਪਾਰ ਕਰ ਕੇ 30 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਘਟਨਾ ਸਥਾਨ ਤਕ ਪਹੁੰਚਣ ਲਈ ਅੱਠ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ |
  ਉਨ੍ਹਾਂ ਦਸਿਆ,''24 ਅਕਤੂਬਰ ਨੂੰ  ਸਵੇਰੇ ਸਾਢੇ ਪੰਜ ਵਜੇ ਮੌਕੇ 'ਤੇ ਇਕ ਲਾਸ਼ ਮਿਲੀ, ਜਦਕਿ ਇਕ ਹੋਰ ਵਿਅਕਤੀ ਦੀ ਵਾਪਸੀ ਦੌਰਾਨ ਮੌਤ ਹੋ ਗਈ |'' ਅਧਿਕਾਰੀਆਂ ਨੇ ਦਸਿਆ ਕਿ ਦੋ ਲੋਕ ਸੁਰੱਖਿਅਤ ਹਨ ਅਤੇ ਉਨ੍ਹਾਂ  ਦਾ ਹਾਈਪੋਥਰਮੀਆ ਅਤੇ ਸਦਮੇ ਦਾ ਇਲਾਜ ਚਲ ਰਿਹਾ ਹੈ | ਘਾਟੀ ਦੇ ਕੁੱਝ ਹਿਸਿਆਂ, ਖ਼ਾਸਕਰ ਦਖਣੀ ਕਸ਼ਮੀਰ ਦੇ ਉਚਾਈ ਵਾਲੇ ਇਲਾਕਿਆਂ ਵਿਚ ਸਨਿਚਰਵਾਰ ਨੂੰ  ਮੱਧਮ ਤੋਂ ਭਾਰੀ ਬਰਫ਼ਬਾਰੀ ਹੋਈ |
  ਉਨ੍ਹਾਂ ਦਸਿਆ ਕਿ ਸ਼ੁਕਰਵਾਰ ਦੇਰ ਰਾਤ ਤੋਂ ਸ਼ੁਰੂ ਹੋਈ ਬਰਫ਼ਬਾਰੀ ਅਤੇ ਬਾਰਸ਼ ਕਾਰਨ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ ਦੇ ਨੁਰਪੋਰਾ ਵਿਚ ਖ਼ਾਨਾਬਦੋਸ਼ਾਂ ਵਲੋਂ ਬਣਾਏ ਗਏ ਤੰਬੂ ਬਰਫ਼ ਖਿਸਕਣ ਦੀ ਲਪੇਟ ਵਿਚ ਆ ਗਏ, ਜਿਸ ਵਿਖਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ | ਅਧਿਕਾਰੀਆਂ ਨੇ ਦਸਿਆ ਕਿ ਖ਼ਾਨਾਬਦੋਸ਼ ਜੰਮੂ ਦੇ ਰਿਆਸੀ ਜ਼ਿਲ੍ਹੇ ਦੇ ਸਨ | (ਏਜੰਸੀ)