ਫਿਰੋਜ਼ਪੁਰ ’ਚ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਹੜ੍ਹ ਪੀੜਤਾਂ ਨੂੰ 150 ਕਰੋੜ ਦੇ ਕਰੀਬ ਸਹਾਇਤਾ ਰਾਸ਼ੀ ਦੇ ਵੰਡੇ ਚੈੱਕ
ਪ੍ਰੋਗਰਾਮ ਵਿੱਚ ਖਾਸ ਤੌਰ ’ਤੇ ਪਹੁੰਚੇ ਗਿਆਨੀ ਰਘਬੀਰ ਸਿੰਘ
ਫਿਰੋਜ਼ਪੁਰ: ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ 22 ਅਗਸਤ 2025 ਤੋਂ ਲਗਾਤਾਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਸੇਵਾ ਅਭਿਆਨ ਦੇ ਤਹਿਤ ਪ੍ਰੋਜੈਕਟ ਨੇ ਪੰਜਾਬ ਦੇ 12 ਪਿੰਡਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ।
ਇਸ ਦੌਰਾਨ ਲੋੜ ਅਨੁਸਾਰ ਰਾਹਤ ਸਮਾਨ ਦੀ ਵੰਡ, ਫੌਗਿੰਗ ਤੇ ਸੈਨੀਟਾਈਜੇਸ਼ਨ ਸੇਵਾਵਾਂ, ਦੁਧਾਰੂ ਪਸ਼ੂਆਂ ਦੀ ਵੰਡ ਅਤੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀਆਂ ਫੀਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਹੁਣ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਕਿਸਾਨ ਭਰਾਵਾਂ ਦੀ ਸਹਾਇਤਾ ਲਈ ਇਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ।
ਅੱਜ ਆਰਿਫ ਕੇ ਵਿਖੇ ਸਮਾਗਮ ਵਿੱਚ ਤਕਰੀਬਨ 1000 ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ 5000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕੁੱਲ 1,50,00,000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਖਾਸ ਤੌਰ ‘ਤੇ ਪਹੁੰਚੇ ਤੇ ਕਿਸਾਨਾਂ ਨੂੰ ਚੈੱਕ ਵੰਡੇ। ਸਮਾਗਮ ਦੀ ਸ਼ੁਰੂਆਤ ਪਰਮਾਤਮਾ ਅੱਗੇ ਅਰਦਾਸ ਨਾਲ ਕੀਤੀ ਗਈ, ਜਿਸ ਦੀ ਸੇਵਾ ਸ਼੍ਰੀ ਦਰਬਾਰ ਸਾਹਿਬ ਦੇ ਅਰਦਾਸੀਆ ਸਿੰਘ ਗਿਆਨੀ ਪ੍ਰੇਮ ਸਿੰਘ ਜੀ ਵੱਲੋਂ ਨਿਭਾਈ ਗਈ।
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਸਾਨੂੰ ਸਿਖਾਉਂਦੀ ਹੈ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਇਬਾਦਤ ਹੈ। ਜਦੋਂ ਅਸੀਂ ਕਿਸੇ ਲੋੜਵੰਦ ਦੀ ਮਦਦ ਲਈ ਹੱਥ ਵਧਾਉਂਦੇ ਹਾਂ, ਓਦੋਂ ਅਸਲ ਵਿੱਚ ਅਸੀਂ ਗੁਰੂ ਦੇ ਉਪਦੇਸ਼ਾਂ ‘ਤੇ ਅਮਲ ਕਰਦੇ ਹਾਂ। ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਕੀਤਾ ਜਾ ਰਿਹਾ ਇਹ ਸੇਵਾ ਕਾਰਜ ਇਕ ਬੇਮਿਸਾਲ ਉਦਾਹਰਨ ਹੈ ਜੋ ਪੂਰੇ ਸਮਾਜ ਨੂੰ ਪ੍ਰੇਰਿਤ ਕਰ ਰਿਹਾ ਹੈ।
ਇਸ ਮੌਕੇ ਸਰਦਾਰ ਜਸਵਿੰਦਰ ਸਿੰਘ ਖਾਲਸਾ ਜੀ, ਨੇ ਕਿਹਾ ਕਿ ਇਹ ਸੇਵਾ ਸਾਡੇ ਕਿਸਾਨ ਭਰਾਵਾਂ ਲਈ ਸਿਰਫ਼ ਆਰਥਿਕ ਮਦਦ ਨਹੀਂ, ਸਗੋਂ ਉਨ੍ਹਾਂ ਦੇ ਹੌਸਲੇ ਨੂੰ ਮਜ਼ਬੂਤ ਕਰਨ ਦਾ ਯਤਨ ਹੈ। ਸਾਡਾ ਮਕਸਦ ਹੈ ਕਿ ਕੋਈ ਵੀ ਪਰਿਵਾਰ ਜਾਂ ਵਿਦਿਆਰਥੀ ਹੜ੍ਹ ਦੇ ਪ੍ਰਭਾਵ ਕਾਰਨ ਪਿੱਛੇ ਨਾ ਰਹਿ ਜਾਵੇ।
ਇਸ ਮੌਕੇ ਸਰਦਾਰ ਅਮਰੀਕ ਸਿੰਘ, ਸਰਦਾਰ ਤਜਿੰਦਰ ਸਿੰਘ ਸਾਹਨੀ, ਬਵਾਨਾ ਅਤੇ ਮੋਗੇ ਦੀ ਸੰਗਤ, ਸਰਦਾਰ ਜਸਵਿੰਦਰ ਸਿੰਘ ਚੰਡੀਗੜ੍ਹ ਸਮੇਤ ਕਈ ਪਤਵੰਤੇ ਸੱਜਣ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਪ੍ਰੇਰਨਾ ਦੇ ਟਰਸਟੀ ਮੈਂਬਰ ਮੌਜੂਦ ਸਨ। ਐਜੂਕੇਟ ਪੰਜਾਬ ਪ੍ਰੋਜੈਕਟ ਦੀ ਇਹ ਹੜ੍ਹ ਰਾਹਤ ਸੇਵਾ ਸਿਰਫ਼ ਆਰਥਿਕ ਮਦਦ ਨਹੀਂ, ਸਗੋਂ ਇੱਕ ਆਸ ਤੇ ਹੌਸਲੇ ਦਾ ਪ੍ਰਤੀਕ ਹੈ ਕਿ ਗੁਰੂ ਦੀ ਕਿਰਪਾ ਤੇ ਸਾਂਝੀ ਕੋਸ਼ਿਸ਼ ਨਾਲ ਪੰਜਾਬ ਹਰ ਮੁਸ਼ਕਲ ਨੂੰ ਜਿੱਤ ਸਕਦਾ ਹੈ।