1984 ਵਿਚ ਬੈਰਕਾਂ ਛੱਡ ਕੇ ਅੰਮ੍ਰਿਤਸਰ ਵਲ ਕੂਚ ਕਰਨ ਵਾਲੇ ਧਰਮੀ ਫ਼ੌਜੀ ਐਲਾਨੇ ਜਾਣ : ਬਲਦੇਵ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਧਰਮੀ ਫ਼ੌਜੀਆਂ ਦੇ ਜੀ.ਸੀ.ਐਮ. ਗਰੁਪ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦੁਬਾਰਾ ਸ਼ੁਰੂ ਕਰਨਾ .....

declared to be a religious army marching to Amritsar after leaving barracks in 1984

ਧਾਰੀਵਾਲ  (ਇੰਦਰਜੀਤ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਧਰਮੀ ਫ਼ੌਜੀਆਂ ਦੇ ਜੀ.ਸੀ.ਐਮ. ਗਰੁਪ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦੁਬਾਰਾ ਸ਼ੁਰੂ ਕਰਨਾ ਸ਼ਲਾਘਾਯੋਗ ਕਦਮ ਹੈ ਜਦਕਿ ਐਸ.ਸੀ.ਐਮ ਕੋਰਟ ਮਾਰਸਲ ਵਾਲੇ 28 ਦਿਨ ਤੋਂ 18 ਮਹੀਨੇ ਸਜ਼ਾ ਕੱਟਣ ਵਾਲੇ, ਡਿਸਮਿਸ ਸਰਵਿਸ, 7 ਸਿੱਖ, 8 ਸਿੱਖ ਅਤੇ ਕੁੱਝ ਅਲੱਗ ਅਲੱਗ ਥਾਵਾਂ ਤੋਂ ਟੁਕੜੀਆਂ ਦੇ ਵਿਚ ਬੈਂਰਕਾਂ ਛੱਡ ਕੇ ਸ੍ਰੀ ਅੰਮ੍ਰਿਤਸਰ ਵੱਲ ਕੂਚ ਕਰਨ ਵਾਲੇ ਧਰਮੀ ਫ਼ੌਜੀਆਂ ਨੂੰ ਸਹਾਇਤਾ ਤੋਂ ਵਾਂਝਿਆਂ ਰੱਖ ਕੇ ਧਰਮੀ ਫ਼ੌਜੀਆਂ ਦੀਆਂ ਕੁਰਬਾਨੀ ਨਾਲ ਸ਼੍ਰੋਮਣੀ ਕਮੇਟੀ ਵਿਤਕਰਾ ਕਰ ਰਹੀ ਹੈ।

 ਪਰ ਧਰਮੀ ਫ਼ੌਜੀ ਅਪਣੇ ਹੱਕਾਂ ਲਈ ਇਕਜੁਟ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਧਾਰੀਵਾਲ ਮੁੱਖ ਦਫ਼ਤਰ ਵਿਖੇ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ 1947 ਵਿਚ ਦੇਸ਼ ਦੀ ਵੰਡ ਸਮੇਂ ਉਜੜੇ ਲੋਕਾਂ ਨੂੰ ਐਸ.ਸੀ./ਬੀ.ਸੀ. ਦਾ ਰਾਖਵਾਂਕਰਨ ਦੇ ਕੇ ਮੁੜ ਵਸੇਵਾ ਕੀਤਾ ਗਿਆ ਜੋ ਕਿ 71 ਸਾਲ ਬਾਅਦ ਵੀ ਲਾਗੂ ਹਨ। ਜਦਕਿ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੇ ਧਰਮੀ ਫ਼ੌਜੀਆਂ ਦੀ ਕੁਰਬਾਨੀ ਨੂੰ ਭੁੱਲ ਕੇ ਵੰਡੀਆਂ ਪਾ ਕੇ ਰਾਜਨੀਤੀ ਕਰ ਰਹੇ ਹਨ।

ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸਾਲ 2009 ਵਿਚ ਸ਼ਹੀਦ ਪਰਵਾਰਾਂ ਨੂੰ ਇਕ ਲੱਖ ਅਤੇ ਸਜ਼ਾ ਕੱਟਣ ਵਾਲਿਆਂ ਨੂੰ ਪੰਜਾਹ ਹਜ਼ਾਰ ਰੁਪਏ ਸਹਾਇਤਾ ਦਿਤੀ ਅਤੇ ਸਾਰੇ ਬੈਰਕਾਂ ਛੱਡਣ ਵਾਲੇ ਫ਼ੌਜੀਆਂ ਨੂੰ ਧਰਮੀ ਫ਼ੌਜੀਆਂ ਮੰਨਿਆ ਗਿਆ। ਉਨ੍ਹਾਂ ਕਿਹਾ ਕਿ ਨਵੰਬਰ 2016 ਵਿਚ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਧਰਮੀ ਫ਼ੌਜੀਆਂ ਨੂੰ ਮਿਲਦੀ ਸਹਾਇਤਾ ਬੰਦ ਕਰ ਦਿਤੀ ਜੋ ਕਿ ਅੱਜ ਤਕ ਬੰਦ ਹੈ।

ਧਰਮੀ ਫ਼ੌਜੀਆਂ ਨੇ ਮੰਗ ਕੀਤੀ ਕਿ 27 ਨਵੰਬਰ ਦੇ ਸਾਲਾਨਾ ਇਜਲਾਸ ਵਿਚ ਧਰਮੀ ਫ਼ੌਜੀਆ ਦੇ ਮੁੜ ਵਸੇਬੇ ਦਾ ਅਤੇ ਪੰਜ ਸਿੰਘ ਸਾਹਿਬਾਨ ਵਲੋਂ ਲਏ ਫ਼ੈਸਲੇ ਮੁਤਾਬਕ ਬੈਂਰਕਾਂ ਛੱਡਣ ਵਾਲੇ ਸਾਰੇ ਫ਼ੌਜੀਆਂ ਨੂੰ ਧਰਮੀ ਫ਼ੌਜੀ ਮੰਨਿਆ ਜਾਵੇ, ਸ਼ਹੀਦ ਧਰਮੀ ਫ਼ੌਜੀਆਂ ਦੀਆਂ ਫ਼ੋਟੋਆਂ ਸਿੱਖ ਅਜਾਇਬ ਘਰ ਵਿਚ ਲਾਈਆਂ ਜਾਣ ਅਤੇ ਜ਼ਖ਼ਮੀ ਧਰਮੀ ਫ਼ੌਜੀਆਂ ਨੂੰ ਜਿੰਦਾ ਸ਼ਹੀਦ ਐਲਾਨਿਆ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।