ਆਮ ਆਦਮੀ ਪਾਰਟੀ 4 ਦਸੰਬਰ ਤੋਂ ਵਿਢੇਗੀ 'ਕਿਸਾਨ, ਮਜ਼ਦੂਰ, ਵਪਾਰੀ ਬਚਾਓ' ਮੁਹਿੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉਤੇ ਸਾਰੀਆਂ ਫਸਲਾਂ ਉਤੇ ਦਿੱਤੀ ਜਾਵੇਗੀ ਐਮਐਸਪੀ : ਭਗਵੰਤ ਮਾਨ

Bhagwant Mann

ਚੰਡੀਗੜ੍ਹਆਮ ਆਦਮੀ ਪਾਰਟੀ 4 ਦਸੰਬਰ ਤੋਂ ਪੰਜਾਬ ਵਿਚ 'ਕਿਸਾਨ, ਮਜ਼ਦੂਰ, ਵਪਾਰੀ ਬਚਾਓ' ਮੁਹਿੰਮ ਚਲਾਏਗੀ। ਇਸ ਮੁਹਿੰਮ ਦੀ ਸ਼ੁਰੂਆਤ 4 ਦਸੰਬਰ ਨੂੰ ਮੌੜ ਮੰਡੀ ਵਿਚ ਇਕ ਵੱਡੀ ਜਨ ਸਭਾ ਕਰਕੇ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਦੇ ਹੈਡਕੁਆਟਰ ਤੋਂ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਪੰਜਾਬ ਵਿਚ 3 ਰੈਲੀਆਂ ਕੀਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ 4 ਦਸੰਬਰ ਨੂੰ ਮੌੜ ਮੰਡੀ, 13 ਦਸੰਬਰ ਨੂੰ ਪੱਟੀ ਅਤੇ 20 ਦਸੰਬਰ ਨੂੰ ਬਾਘਾ ਪੁਰਾਣਾ ਵਿਖੇ ਰੈਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਰੈਲੀਆਂ ਵਿਚ ਦੱਸਿਆ ਜਾਵੇਗਾ ਕਿ ਨਵੇਂ ਲਿਆਂਦੇ ਗਏ ਕਾਨੂੰਨ ਇਕੱਲੇ ਕਿਸਾਨ ਵਿਰੋਧੀ ਹੀ ਨਹੀਂ, ਇਹ ਕਾਨੂੰਨ ਲੋਕ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਰ ਆਦਮੀ ਕਿਸਾਨ ਨਾਲ ਕਿਸੇ ਨਾ ਕਿਸੇ ਢੰਗ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਕਾਨੂੰਨੀ ਤੌਰ ਉਤੇ ਐਮਐਸਪੀ ਦੀ ਗਰੰਟੀ ਦੇਣ।

ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਦਾ ਇਹ ਫਰਜ਼ ਬਣਦਾ ਸੀ ਕਿ ਸੂਬੇ ਦਾ ਮੁੱਖੀ ਹੋਣ ਦੇ ਨਾ ਉਤੇ ਕਾਨੂੰਨੀ ਗਰੰਟੀ ਦੇ ਕੇ ਕੇਂਦਰ ਨਾਲ ਗੱਲ ਕਰਦੇ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਕਾਨੂੰਨੀ ਤੌਰ ਉਤੇ ਕਿਸਾਨਾਂ ਨੂੰ ਗਾਰੰਟੀ ਦੇਣ ਨਹੀਂ ਫਿਰ ਗੱਦੀ ਛੱਡਣ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉਤੇ ਕਿਸਾਨਾਂ ਦੀਆਂ 22 ਫਸਲਾਂ ਨੂੰ ਐਮਐਸਪੀ ਉਤੇ ਸਰਕਾਰ ਆਪ ਚੁੱਕੇਗੀ। ਇਨ੍ਹਾਂ ਰੈਲੀਆਂ ਵਿਚ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌੜ ਮੰਡੀ ਦੀਆਂ ਰੈਲੀਆਂ ਲਈ ਵੱਖ ਵੱਖ ਸ਼ਹਿਰਾਂ, ਕਸਬਿਆਂ ਵਿਚ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ।

ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਆੜ ਵਿਚ ਪੰਜਾਬ ਦੀ ਕੈਪਟਨ ਸਰਕਾਰ ਆਪਣੀਆਂ ਨਕਾਬੀਆਂ ਨੂੰ ਲਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਵੱਲੋਂ ਘਰ ਘਰ ਨੌਕਰੀਆਂ, ਸਮਾਰਟ ਫੋਨ ਤੇ ਹੋਰ ਅਨੇਕਾਂ ਵਾਅਦੇ ਕੀਤੇ ਸਨ ਜੋ ਅੱਜ ਤੱਕ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਅੱਜ ਹਰ ਵਰਗ ਦੁੱਖੀ ਹੋ ਕੇ ਸੜਕਾਂ ਉਤੇ ਹੈ, ਪ੍ਰੰਤੂ ਕੈਪਟਨ ਸਾਹਿਬ ਸ਼ਾਹੀ ਮਹਿਲਾਂ ਵਿਚ ਰਹਿੰਦੇ ਹਨ।

ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਕਿਸਾਨਾਂ ਨੂੰ ਹਰਿਆਣਾ ਵਿਚ ਦਾਖਲ ਹੋਣ ਤੋਂ ਰੋਕਣ ਲਈ ਸੂਬਾ ਸਰਹੱਦਾ ਨੂੰ ਸੀਲ ਕਰਨ ਦੀ ਨਿਖੇਧੀ ਕਰਦਿਆਂ ਮਾਨ ਨੇ ਕਿਹਾ ਕਿ ਇਹ ਰੋਸ ਪ੍ਰਗਟਾਉਣ ਦੇ ਮਿਲੇ ਹੱਕਾਂ ਉਤੇ ਡਾਕਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਲੋਕਤੰਤਰਿਕ ਢੰਗ ਪ੍ਰਗਟਾਉਣ ਦਾ ਹੱਕ ਦਿੱਤਾ ਹੈ, ਪ੍ਰੰਤੂ ਅੱਜ ਦੀਆਂ ਸਰਕਾਰ ਖੋਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਕਾਲੇ ਕਾਨੂੰਨ ਲਿਆਂਦੇ ਜਾ ਰਹੇ ਹਨ ਆਮ ਆਦਮੀ ਪਾਰਟੀ ਉਸਦਾ ਸਖਤ ਵਿਰੋਧ ਕਰਦੀ ਹੈ।