ਆਖ਼ਿਰ ਕੋਲਾ ਪੰਜਾਬ 'ਚ ਆਉਣ ਤੋਂ ਬਾਅਦ ਤਲਵੰਡੀ ਸਾਬੋ ਦਾ ਨਿਜੀ ਤਾਪ ਬਿਜਲੀ ਘਰ ਭਖਾਇਆ

ਏਜੰਸੀ

ਖ਼ਬਰਾਂ, ਪੰਜਾਬ

ਆਖ਼ਿਰ ਕੋਲਾ ਪੰਜਾਬ 'ਚ ਆਉਣ ਤੋਂ ਬਾਅਦ ਤਲਵੰਡੀ ਸਾਬੋ ਦਾ ਨਿਜੀ ਤਾਪ ਬਿਜਲੀ ਘਰ ਭਖਾਇਆ

image

ਪਟਿਆਲਾ, 24 ਨਵੰਬਰ (ਜਸਪਾਲ ਸਿੰਘ ਢਿੱਲੋਂ): ਪੰਜਾਬ 'ਚ ਕਿਸਾਨਾਂ ਨਾਲ ਹੋਈ ਸਹਿਮਤੀ ਤੋਂ ਬਾਅਦ ਹੁਣ ਕੋਲੇ ਨਾਲ ਭਰੀਆਂ ਰੇਲਾਂ ਪੰਜਾਬ 'ਚ ਦਾਖ਼ਲ ਹੋ ਕੇ ਨਿਜੀ ਤਾਪ ਬਿਜਲੀ ਘਰਾਂ ਦੇ ਕੋਲ ਪਹੁੰਚ ਗਈਆਂ ਹਨ ਜਿਸ ਦੇ ਸਿੱਟੇ ਵਜੋਂ ਅੱਜ ਨਿਜੀ ਖੇਤਰ ਦੇ ਤਾਪ ਬਿਜਲੀ ਨੂੰ ਭਖਾਉਣਾ ਸ਼ੁਰੂ ਕਰ ਦਿਤਾ ਹੈ। ਇਸ ਵੇਲੇ ਮੁੜ ਚਾਲੂ ਹੋ ਜਾਣ ਤੋਂ ਬਾਅਦ ਨਿਜੀ ਖੇਤਰ ਦਾ ਤਾਪ ਬਿਜਲੀ ਘਰ ਤਲਵੰਡੀ ਸਾਬੋ ਵਣਾਵਾਲੀ ਦਾ ਇਕ ਯੂਨਿਟ ਚਲਾਇਆ ਗਿਆ ਜਿਸ ਤੋਂ ਪੰਜਾਬ 381 ਮੈਗਾਵਾਟ ਬਿਜਲੀ ਪ੍ਰਾਪਤ ਹੋਈ ਹੈ।
ਪੰਜਾਬ 'ਚ ਬਿਜਲੀ ਦੀ ਖਪਤ ਦਾ ਅੰਕੜਾ ਇਸ ਵੇਲੇ 4624 ਮੈਗਾਵਾਟ ਹੈ, ਜਿਸ ਦੀ ਪੂਰਤੀ ਲਈ ਪੰਜਾਬ ਦੇ ਪਣ ਬਿਜਲੀ ਘਰਾਂ ਦਾ ਬਿਜਲੀ ਉਤਪਾਦਨ 470 ਮੈਗਾਵਾਟ ਹੈ, ਇਸ ਵਿਚ ਰਣਜੀਤ ਸਾਗਰ ਡੈਮ ਦੇ ਦੋ ਯੂਨਿਟਾਂ ਤੋਂ 223 ਮੈਗਾਵਾਟ , ਮੁਕੇਰੀਆਂ ਪਣ ਬਿਜਲੀ ਘਰ ਦਾ ਉਤਪਾਦਨ 92ਮੈਗਾਵਾਟ, ਅਪਰਬਾਰੀ ਦੁਆਬ ਕੈਨਾਲ ਪਣ ਬਿਜਲੀ ਘਰ ਤੋਂ 67 ਮੈਗਾਗਾਟ ਅਤੇ ਹਿਮਾਚਲ ਪ੍ਰਦੇਸ ਦੇ ਸ਼ਾਨਨ ਪਣ ਬਿਜਲੀ ਘਰ ਤੋਂ ਵੀ 87 ਮੈਗਾਵਾਟ ਜਿਬਲੀ ਦਾ ਯੋਗਦਾਨ ਪਾਇਆ ਜਾ ਰਿਹਾ ਹੈ।  
ਇਸ ਦੇ ਨਾਲ ਹੀ ਨਵਿਆਉਣਯੋਗ ਸਰੋਤਾਂ ਤੋਂ ਪੰਜਾਬ ਨੂੰ ਇਸ ਵੇਲੇ 87 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ , ਇਸ ਵਿਚ ਸੌਰ ਊਰਜਾ ਦੇ ਪ੍ਰਾਜੈਕਟਾਂ ਤੋਂ 11 ਮੈਗਾਵਾਟ ਅਤੇ ਗੈਰ ਸੌਰ ਊਰਜਾ ਦੇ ਪ੍ਰਾਜੈਕਟਾਂ ਤੋਂ 75 ਮੈਗਾਵਾਟ ਬਿਜਲੀ ਦਾ ਯੋਗਦਾਨ ਪਾਇਆ ਜਾ ਰਿਹਾ ਹੈ । ਇਸ ਦੇ ਨਾਲ ਹੀ ਭਾਖੜਾ ਦੇ ਪ੍ਰਾਜੈਕਟ ਵੀ ਬਿਜਲੀ ਦੀ ਖਪਤ 'ਚ ਅਪਣਾ ਹਿੱਸਾ ਪਾ ਰਹੇ ਹਨ। ਗੌਰਤਲਬ ਹੈ ਕਿ ਰਾਜਪੁਰਾ ਤਾਪ ਬਿਜਲੀ ਘਰ ਕੋਲ ਵੀ 5 ਗੱਡੀਆਂ ਕੋਲੇ ਦੀਆਂ ਪਹੁੰਚ ਚੁੱਕੀਆਂ ਹਨ, ਜਿਸ ਕਰਕੇ ਇਸ ਨੂੰ ਵੀ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।