ਕੈਪਟਨ ਦੀ ਕਮਾਡ ਹੇਠ ਸਿੱਧੂ ਮੁੜ ਮਾਰਨਗੇ ਸਿਆਸੀ ਚੌਕੇ-ਛੱਕੇ, ਸ਼ਹਿਰੀ ਵਿਕਾਸ ਵਿਭਾਗ ਦਾ ਪੈ ਸਕਦੈ ਗੁਣਾ
ਕੈਪਟਨ ਵਜ਼ਾਰਤ ਵਿਚ ਕੈਬਨਿਟ ਮੰਤਰੀ ਬਣਨਾ ਤੈਅ
ਚੰਡੀਗੜ੍ਹ : ਲੰਮੀ ਸਿਆਸੀ ਚੁਪੀ ਤੋਂ ਬਾਅਦ ਪਿਛਲੇ ਦਿਨਾਂ ਦੌਰਾਨ ਮੁੜ ਸਰਗਰਮ ਹੋਏ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੱਧੂ ਇਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਿਆਸੀ ਚੌਕੇ-ਛਿੱਕੇ ਮਾਰਦੇ ਵਿਖਾਈ ਦੇਣਗੇ। ਮੁੱਖ ਮੰਤਰੀ ਨਾਲ ਲੰਚ ਸਾਂਝਾ ਕਰਨ ਤੋਂ ਬਾਅਦ ਉਨ੍ਹਾਂ ਦੇ ਮੁੜ ਕੈਬਨਿਟ ਮੰਤਰੀ ਬਣਨ ਦਾ ਰਸਤਾ ਲਗਭਗ ਸਾਫ ਹੋ ਗਿਆ ਹੈ। ਬੁਧਵਾਰ ਨੂੰ ਮੁਖ ਮੰਤਰੀ ਦੇ ਸੱਦੇ ‘ਤੇ ਲੰਚ ਸਾਂਝਾ ਕਰਨ ਪਹੁੰਚੇ ਨਵਜੋਤ ਸਿੰਘ ਸਿੱਧੂ ਦੀ ਮੁੱਖ ਮੰਤਰੀ ਨਾਲ ਕਰੀਬ ਇਕ ਘੰਟੇ ਤਕ ਮੁਲਾਕਾਤ ਹੋਈ।
ਇਸ ਦੌਰਾਨ ਦੋਵਾਂ ਆਗੂਆਂ ਨੇ ਖੁਲ੍ਹ ਕੇ ਵਿਚਾਰ ਚਰਚਾ ਕੀਤੀ। ਸੂਤਰਾਂ ਮੁਤਾਬਕ ਸਿੱਧੂ ਦਾ ਗੁਣਾ ਸ਼ਹਿਰੀ ਵਿਕਾਸ ਵਿਭਾਗ ਦਾ ਪੈ ਸਕਦਾ ਹੈ। ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਠੀਕ ਇਕ ਵਜੇ ਮੁੱਖ ਮੰਤਰੀ ਦੇ ਸਿਸਵਾਂ ਸਥਿਤ ਫਾਰਮ ਹਾਊਸ 'ਤੇ ਪੁੱਜ ਗਏ। ਦੋਵਾਂ ਆਗੂਆਂ ਵਿਚਕਾਰ ਇਕ ਘੰਟੇ ਤਕ ਚੱਲੀ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਸਵੀਕਾਰ ਕਰਨ ਲਈ ਮਨ੍ਹਾ ਲਿਆ ਹੈ।
ਕਾਬਲੇਗੌਰ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਨੇ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕਰਦਿਆਂ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈ ਕੇ ਬਿਜਲੀ ਵਿਭਾਗ ਦੇ ਦਿਤਾ ਸੀ ਪਰ ਸਿੱਧੂ ਨੇ ਬਿਜਲੀ ਵਿਭਾਗ ਦਾ ਚਾਰਜ ਨਹੀਂ ਲਿਆ ਅਤੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਸਿੱਧੂ ਨੇ ਰਾਹੁਲ ਗਾਂਧੀ ਤੇ ਪਿ੍ਅੰਕਾ ਗਾਂਧੀ ਨਾਲ ਪੱਤਰ ਵਿਹਾਰ ਕੀਤਾ ਅਤੇ ਦੁਬਾਰਾ ਸਥਾਨਕ ਸਰਕਾਰਾਂ ਵਿਭਾਗ ਦਾ ਚਾਰਜ ਦੇਣ ਦੀ ਗੱਲ ਕੀਤੀ ਪਰ ਕੈਪਟਨ ਨੇ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਨਾ ਜਿੱਤਣ ਦਾ ਠੀਕਰਾ ਸਿੱਧੂ ਦੇ ਸਿਰ ਭੰਨ੍ਹ ਦਿਤਾ ਸੀ।
ਸਿੱਧੂ ਲੰਮਾ ਸਮਾਂ ਸਿਆਸਤ ਤੋਂ ਦੂਰ ਰਹੇ। ਉਨ੍ਹਾਂ ਨੂੰ ਕਈ ਸਿਆਸੀ ਧਿਰਾਂ ਵਲੋਂ ਆਪਣੇ ਵੱਲ ਖਿੱਚਣ ਦੀਆਂ ਕੋਸ਼ਿਸ਼ਾਂ ਹੋਈਆਂ ਪਰ ਪਾਰਟੀ ਹਾਈ ਕਮਾਨ ਨਾਲ ਚੰਗੇ ਰਿਸ਼ਤਿਆਂ ਦੇ ਚਲਦਿਆਂ ਸਿਆਸੀ ਧਿਰਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ। ਸੀਨੀਅਰ ਆਗੂ ਹਰੀਸ਼ ਰਾਵਤ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਬਣਨ ਬਾਅਦ ਸਿੱਧੂ ਦੇ ਸਿਆਸਤ ਵਿਚ ਮੁੜ ਸਰਗਰਮ ਹੋਣ ਦਾ ਰਸਤਾ ਖੁਲ੍ਹਿਆ। ਸੂਤਰਾਂ ਮੁਤਾਬਕ ਪਾਰਟੀ ਹਾਈਕਮਾਨ ਵਲੋਂ ਸਿੱਧੂ ਦੀ ਕੈਬਨਿਟ ਵਿਚ ਵਾਪਸੀ ਨੂੰ ਲੈ ਕੇ ਦਬਾਅ ਬਣਾਇਆ ਜਾ ਰਿਹਾ ਹੈ। ਪਾਰਟੀ ਵਲੋਂ ਸਾਲ 2022 ਦੀਆਂ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਨਵਜੋਤ ਸਿੱਧੂ ਨੂੰ ਹੋਰ ਵੀ ਵੱਡੀ ਜ਼ਿੰਮੇਵਾਰੀ ਦਿੱਤੇ ਜਾਣ ਦੀਆਂ ਕਨਸੋਆਂ ਮਿਲ ਰਹੀਆਂ ਹਨ।