ਆਖ਼ਿਰ ਰੇਲਾਂ ਚੱਲਣ ਤੋਂ ਬਾਅਦ ਪੰਜਾਬ ਪਹੁੰਚਿਆ ਯੂਰੀਆ, ਕਿਸਾਨਾਂ ਨੇ ਲਿਆ ਸੁੱਖ ਦਾ ਸਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤੀ ਕਾਨੂੰਨਾਂ ਵਿਰੁੱਧ ਜਾਰੀ ਸੰਘਰਸ਼ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਬੰਦ ਸੀ ਤੇ ਯੂਰੀਆ ਖਾਦ ਦੀ ਘਾਟ ਪੈਦਾ ਹੋ ਗਈ ਸੀ।

urea

ਚੰਡੀਗੜ੍ਹ: ਪੰਜਾਬ ਵਿੱਚ ਯੂਰੀਆ ਦੀ ਕਮੀ ਸਭ ਤੋਂ ਵੱਡੀ ਸਮੱਸਿਆ ਬਣ ਗਈ ਸੀ। ਪਰ ਹੁਣ ਰੇਲਾਂ ਦੀ ਆਵਾਜਾਈ ਸ਼ੁਰੂ ਹੋਣ ਕਰਕੇ ਪੰਜਾਬ ਵਿੱਚ ਯੂਰੀਆ ਪਹੁੰਚਣਾ ਸ਼ੁਰੂ ਹੋ ਗਿਆ ਹੈ।  ਮਾਲ ਗੱਡੀਆਂ ਸ਼ੁਰੂ ਹੋਣ ਨਾਲ ਸਭ ਤੋਂ ਪਹਿਲਾਂ ਯੂਰੀਆ ਤੇ ਕੋਲਾ ਹੀ ਪੰਜਾਬ ਪਹੁੰਚਿਆ। ਕੱਲ੍ਹ ਪੰਜਾਬ ਦੇ ਕਈ ਜ਼ਿਲ੍ਹਿਆਂ ਅੰਦਰ ਯੂਰੀਆ ਪਹੁੰਚ ਗਿਆ। ਇਸ ਨਾਲ ਕਿਸਾਨਾਂ ਦੀ ਸਮੱਸਿਆ ਹੱਲ ਹੋ ਗਈ ਹੈ। ਇਸ ਦੇ ਨਾਲ ਹੀ ਸਰਕਾਰ ਨੇ ਵੀ ਸੁੱਖ ਦਾ ਸਾਹ ਲਿਆ ਹੈ।

ਦੱਸ ਦਈਏ ਕਿ ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਸੰਘਰਸ਼ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਬੰਦ ਸੀ ਤੇ ਯੂਰੀਆ ਖਾਦ ਦੀ ਘਾਟ ਪੈਦਾ ਹੋ ਗਈ ਸੀ। ਇਸ ਲਈ ਕਿਸਾਨਾਂ ਨੂੰ ਹਰਿਆਣਾ ਵਿੱਚੋਂ ਮਹਿੰਗੇ ਭਾਅ ਯੂਰੀਆ ਖਰੀਦਣਾ ਪੈ ਰਿਹਾ ਸੀ। ਇਸ ਦੇ ਨਾਲ ਹੀ ਪੰਜਾਬ ਅੰਦਰ ਵੀ ਯੂਰੀਆ ਦੀ ਕਾਲਾਬਾਜ਼ਾਰੀ ਸ਼ੁਰੂ ਹੋ ਗਈ ਸੀ। ਹੁਣ ਸੋਮਵਾਰ ਸ਼ਾਮ ਤੋਂ ਰੇਲਾਂ ਚੱਲਣ ਨਾਲ ਪੰਜਾਬ ਵਿੱਚ ਕਿਸਾਨਾਂ ਲਈ ਯੂਰੀਆ ਖਾਦ ਪੁੱਜਣੀ ਆਰੰਭ ਹੋ ਗਈ ਹੈ।

ਇਸੇ ਦੌਰਾਨ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੇ ਕਿਹਾ ਕਿ ਜਿਹੜੇ ਕਿਸਾਨਾਂ ਵੱਲੋਂ ਕਣਕ ਦੀ ਅਗੇਤੀ ਬਿਜਾਈ ਕੀਤੀ ਗਈ ਹੈ, ਉਨ੍ਹਾਂ ਨੂੰ ਪਹਿਲਾ ਪਾਣੀ ਲਾ ਦੇਣਾ ਚਾਹੀਦਾ ਹੈ ਤੇ ਇਸ ਪਾਣੀ ਨੂੰ ਲਾਉਣ ਵੇਲੇ ਯੂਰੀਆ ਖਾਦ ਖਿਲਾਰ ਦੇਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਕਣਕ ਦਾ ਫੁਟਾਰਾ ਹੋ ਸਕੇ। ਮਾਹਿਰਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਲੋੜ ਤੋਂ ਜ਼ਿਆਦਾ ਯੂਰੀਆ ਨਾ ਖਿਲਾਰਨ, ਸਗੋਂ ਇਸ ਨੂੰ ਸਹੀ ਮਾਤਰਾ ਵਿੱਚ ਪਾਕੇ ਝਾੜ ਵਧਾਉਣ ਦਾ ਉਪਰਾਲਾ ਕਰਨ।