ਜਦ ਦਿੱਲੀ 'ਚ ਬਾਜ਼ਾਰ, ਜਿਮ ਰੈਸਟੋਰੈਂਅ ਸੱਭ ਚਾਲੂ ਹੈ ਤਾਂ 'ਸਪਾ' ਕਿਉਂ ਨਹੀਂ ਖੋਲ੍ਹੇ ਗਏ?
ਜਦ ਦਿੱਲੀ 'ਚ ਬਾਜ਼ਾਰ, ਜਿਮ ਰੈਸਟੋਰੈਂਅ ਸੱਭ ਚਾਲੂ ਹੈ ਤਾਂ 'ਸਪਾ' ਕਿਉਂ ਨਹੀਂ ਖੋਲ੍ਹੇ ਗਏ?
ਨਵੀਂ ਦਿੱਲੀ, 24 ਨਵੰਬਰ : ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਸਵਾਲ ਕੀਤਾ ਹੈ। ਕੋਰਟ ਨੇ ਪੁਛਿਆ ਕਿ ਸਪਾ ਨੂੰ ਲੈ ਕੇ ਅਜਿਹੀ ਕੀ ਖ਼ਾਸ ਗੱਲ ਹੈ ਕਿ ਉਨ੍ਹਾਂ ਨੂੰ ਖੋਲ੍ਹਣ ਦੀ ਆਗਿਆ ਨਹੀਂ ਦਿਤੀ ਜਾ ਰਹੀ ਹੈ, ਜਦਕਿ ਰਾਜਧਾਨੀ ਦਿੱਲੀ 'ਚ ਬਜ਼ਾਰ, ਜਿਮ, ਰੈਸਟੋਰੈਂਟ, ਮੈਟਰੋ ਅਤੇ ਬੱਸ ਆਦਿ ਸਭ ਚਾਲੂ ਹਨ। ਇਸ ਦੇ ਜਵਾਬ ਵਿਚ ਦਿੱਲੀ ਸਰਕਾਰ ਨੇ ਕਿਹਾ ਕਿ ਉਹ ਸ਼ਹਿਰ ਵਿਚ ਕੋਵਿਡ-19 ਵਾਇਰਸ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਇਸ ਦੀ ਆਗਿਆ ਨਹੀਂ ਦੇ ਰਹੀ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਸਪਾ ਮੁੜ ਖੋਲ੍ਹਣ ਦੀ ਆਗਿਆ ਦੇਣ ਲਈ 18 ਨਵੰਬਰ ਨੂੰ ਇਕ ਸਰਕਾਰੀ ਮੰਗ ਪੱਤਰ ਜਾਰੀ ਕੀਤਾ ਸੀ।
ਦਿੱਲੀ ਸਰਕਾਰ ਵਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਨੂੰ ਜ਼ੁਬਾਨੀ ਨਿਰਦੇਸ਼ ਦਿਤੇ ਗਏ ਸਨ ਕਿ ਰਾਸ਼ਟਰੀ ਰਾਜਧਾਨੀ 'ਚ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸਪਾ ਖੋਲ੍ਹਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਉਨ੍ਹਾਂ ਨੇ ਇਸ ਦਾ ਕਾਰਨ ਸਪੱਸ਼ਟ ਕਰਨ ਵਾਲਾ ਹਲਫ਼ਨਾਮਾ ਦੇਣ ਲਈ ਸਮਾਂ ਮੰਗਿਆ। ਇਸ 'ਤੇ ਅਦਾਲਤ ਨੇ ਪੁਛਿਆ- ਕਿਉਂ? ਸਿਰਫ਼ ਸਪਾ ਹੀ ਕਿਉਂ? ਸਪਾ ਨੂੰ ਲੈ ਕੇ ਅਜਿਹੀ ਕੀ ਗੱਲ ਹੈ? ਤੁਸੀਂ ਬਾਕੀ ਸੱਭ ਕੁਝ ਖੋਲ੍ਹ ਦਿਤਾ ਹੈ। ਬਾਜ਼ਾਰ, ਰੈਸਟੋਰੈਂਟ, ਮੈਟਰੋ, ਬੱਸ ਸਭ ਖੁੱਲ੍ਹੇ ਹਨ ਅਤੇ ਪੂਰੀ ਤਰ੍ਹਾਂ ਚਾਲੂ ਹਨ। ਅਦਾਲਤ ਨੇ ਦਿੱਲੀ ਸਰਕਾਰ ਨੂੰ ਹਲਫ਼ਨਾਮੇ 'ਚ ਇਹ ਗੱਲ ਸਪੱਸ਼ਟ ਕਰਨ ਦਾ ਨਿਰਦੇਸ਼ ਦਿਤਾ ਕਿ ਸਪਾ ਨੂੰ ਲੈ ਕੇ ਅਜਿਹੀ ਕੀ ਖ਼ਾਸ ਗੱਲ ਹੈ ਕਿ ਉਨ੍ਹਾਂ ਨੂੰ ਖੋਲ੍ਹਣ ਦੀ ਆਗਿਆ ਨਹੀਂ ਦਿਤੀ ਜਾ ਰਹੀ ਅਤੇ ਬਾਕੀ ਹਰ ਚੀਜ਼ ਦੀ ਆਗਿਆ ਕਿਉਂ ਦੇ ਦਿਤੀ ਗਈ ਹੈ।
(ਪੀਟੀਆਈ)