ਕੇਬਲ ਅਪਰੇਟਰਾਂ ਨੇ ਚੰਨੀ ਵਲੋਂ ਐਲਾਨੇ 100 ਰੁਪਏ ਦੀ ਦਰ ਲਾਗੂ ਕਰਨ ਤੋਂ ਅਸਮਰਥਾ ਪ੍ਰਗਟਾਈ

ਏਜੰਸੀ

ਖ਼ਬਰਾਂ, ਪੰਜਾਬ

ਕੇਬਲ ਅਪਰੇਟਰਾਂ ਨੇ ਚੰਨੀ ਵਲੋਂ ਐਲਾਨੇ 100 ਰੁਪਏ ਦੀ ਦਰ ਲਾਗੂ ਕਰਨ ਤੋਂ ਅਸਮਰਥਾ ਪ੍ਰਗਟਾਈ

image

 

ਚੰਡੀਗੜ੍ਹ, 24 ਨਵੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅੱਗੇ ਤੋਂ ਕੇਬਲ ਟੀ.ਵੀ. ਸੇਵਾ ਦਾ ਬਿਲ 100 ਰੁਪਏ ਪ੍ਰਤੀ ਮਹੀਨਾ ਤੈਅ ਕਰ ਦੇਣ ਦੇ ਐਲਾਨ ਤੋਂ ਨਾਰਾਜ਼ ਕੇਬਲ ਅਪਰੇਟਰਾਂ ਨੇ ਇਹ ਦਰ ਲਾਗੂ ਕਰਨ ਤੋਂ ਅਸਮਰਥਤਾ ਪ੍ਰਗਟ ਕਰਦਿਆਂ ਚੰਨੀ ਸਰਕਾਰ ਵਿਰੁਧ ਮੋਰਚਾ ਖੋਲ੍ਹ ਦਿਤਾ ਹੈ | ਇਸ ਮਾਮਲੇ ਵਿਚ ਕਾਨੂੰਨੀ ਲੜਾਈ ਲੜਨ ਦੀ ਵੀ ਗੱਲ ਆਖੀ ਗਈ ਹੈ |
ਅੱਜ ਇਥੇ ਪੰਜਾਬ ਭਰ ਦੇ ਕੇਬਲ ਅਪਰੇਟਰਾਂ ਦੀ ਐਸੋਸੀਏਸ਼ਨ ਦੇ ਪ੍ਰਤੀਨਿਧਾਂ ਨੇ ਪ੍ਰੈਸ ਕਾਨਫ਼ਰੰਸ ਵਿਚ ਕਿਹਾ ਕਿ 100 ਰੁਪਏ ਵਿਚ ਕੇਬਲ ਟੀ.ਵੀ. ਸੇਵਾ ਦੇਣਾ ਸੰਭਵ ਹੀ ਨਹੀਂ ਅਤੇ ਇਸ ਨਾਲ ਇਸ ਸੇਵਾ ਨਾਲ ਜੁੜੇ ਹਜ਼ਾਰਾਂ ਲੋਕਾਂ ਦੇ ਰੁਜ਼ਗਾਰ ਖ਼ਤਮ ਹੋਵੇਗਾ ਅਤੇ ਲਗਭਗ 25000 ਪ੍ਰਵਾਰਾਂ ਨਾਲ ਸਬੰਧਤ ਵਿਅਕਤੀ ਕੇਬਲ ਕਾਰੋਬਾਰ ਨਾਲ ਜੁੜੇ ਹੋਏ ਹਨ | ਕੇਬਲ ਅਪਰੇਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਾਰੋਬਾਰ ਟਰਾਈ ਅਧੀਨ ਆਉਂਦਾ ਹੈ ਅਤੇ 3 ਮਾਰਚ 2017 ਤੋਂ 200 ਚੈਨਲ ਲਈ 130 ਰੁਪਏ ਪ੍ਰਤੀ ਮਹੀਨਾ ਤਾਂ ਸਮਰਥਾ ਫ਼ੀਸ ਹੀ ਤੈਅ ਹੈ ਅਤੇ ਅਪਣੀ ਪਸੰਦ ਦੇ ਚੈਨਲਾਂ ਮੁਤਾਬਕ ਗ੍ਰਾਹਕਾਂ ਨੂੰ  ਅੱਗੇ ਵੱਖ ਵੱਖ ਪੈਕੇਜ ਲੈਣ ਦੀ ਖੁਲ੍ਹ ਹੈ | ਇਹ ਪੈਕੇਜ 130 ਤੋਂ ਸ਼ੁਰੂ ਹੋ ਕੇ 453 ਰੁਪਏ ਤਕ ਦੇ ਹਨ | ਜੀ.ਐਸ.ਟੀ ਵਖਰਾ ਇਸ 'ਤੇ ਲਾਗੂ ਹੈ ਅਤੇ ਸਾਰਾ ਹਿਸਾਬ ਕਿਤਾਬ ਲਾ ਕੇ ਕੇਬਲ ਅਪਰੇਟਰਾਂ ਨੂੰ  ਜ਼ਿਆਦਾ ਬੱਚਤ ਨਹੀਂ ਹੈ | ਐਸੋਸੀਏਸ਼ਨ ਨੇ ਕਿਹਾ ਕਿ ਇਸ ਤਰ੍ਹਾਂ 100 ਰੁਪਏ ਦਰ ਤੈਅ ਕਰ ਦੇਣ ਦੇ ਇਕਤਰਫ਼ਾ ਫ਼ੈਸਲੇ ਨਾਲ ਰਿਲਾਂਇੰਸ ਤੇ ਜੀਓ ਵਰਗੀਆਂ ਡੀ.ਟੀ.ਐਚ. ਕੰਪਨੀਆਂ ਨੂੰ  ਹੀ ਲਾਭ ਹੋਣਾ ਹੈ | ਜਦਕਿ ਕੇਬਲ ਅਪਰੇਟਰਾਂ ਨੂੰ  ਪਹਿਲਾਂ ਹੀ ਡੀ.ਟੀ.ਐਚ. ਸੇਵਾ ਆਉਣ ਨਾਲ ਨੁਕਸਾਨ ਝੱਲਣਾ ਪੈ ਰਿਹਾ ਹੇ | ਪਹਿਲਾਂ ਜੋ ਕੇਬਲ ਬਾਕਸਾਂ ਦੀ ਗਿਣਤੀ 30 ਲੱਖ ਸੀ, ਡੀ.ਟੀ.ਐਚ ਆਉਣ ਬਾਅਦ 18 ਲੱਖ ਰਹਿ ਗਈ ਹੈ | ਜਦਕਿ ਕੇਬਲ ਦੀ ਕੁਆਲਿਟੀ ਕਿਤੇ ਬੇਹਤਰ ਹੈ | ਕੇਬਲ ਅਪਰੇਟਰ ਐਸੋਸੀਏਸ਼ਨ ਨੇ ਹਜ਼ਾਰਾਂ ਪ੍ਰਵਾਰਾਂ ਨੇ ਰੁਜ਼ਗਾਰ ਨੂੰ  ਦੇਖਦਿਆਂ ਅਜਿਹੇ ਫ਼ੈਸਲੇ ਨਾ ਥੋਪਣ ਦੀ ਮੰਗ ਕਰਦਿਆਂ ਵਾਜਬ ਫ਼ੈਸਲਾ ਲੈਣ ਦੀ ਅਪੀਲ ਕੀਤੀ ਹੈ |