ਸੀਐਮ ਚੰਨੀ ਵੱਲ ਦੇਖ ਕੇ ‘ਆਪ’ ਨੂੰ ਹੋ ਰਹੀ ਘਬਰਾਹਟ- ਰਾਜ ਕੁਮਾਰ ਚੱਬੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹਨਾਂ ਕਿਹਾ ਕਿ ਨਵਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਕਈ ‘ਆਪ’ ਵਿਧਾਇਕਾਂ ਨੇ ਕਾਂਗਰਸ ਵੱਲ ਰੁਖ ਕੀਤਾ ਹੈ।

Raj Kumar Chabbewal- CM Channi

ਚੰਡੀਗੜ੍ਹ(ਅਮਨਪ੍ਰੀਤ ਕੌਰ) : ਹਲਕਾ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹਨਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲ ਦੇਖ ਦੇ ਘਬਰਾਹਟ ਹੋ ਰਹੀ ਹੈ। ਉਹਨਾਂ ਕਿਹਾ ਕਿ ਨਵਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਕਈ ‘ਆਪ’ ਵਿਧਾਇਕਾਂ ਨੇ ਕਾਂਗਰਸ ਵੱਲ ਰੁਖ ਕੀਤਾ ਹੈ। ਚਰਨਜੀਤ ਸਿੰਘ ਚੰਨੀ ਦੇ ਆਉਣ ਨਾਲ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਵਾਲੀ ਛਵੀ ਧੁੰਦਲੀ ਪੈ ਗਈ ਹੈ ਕਿਉਂਕਿ ਚੰਨੀ ਅਸਲੀਅਤ ਵਿਚ ਆਮ ਆਦਮੀ ਹਨ ਅਤੇ ਲੋਕਾਂ ਨਾਲ ਜੁੜੇ ਹੋਏ ਹਨ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ‘ਨਕਲੀ ਚੰਨੀ’ ਹਨ।

ਉਹਨਾਂ ਕਿਹਾ ਕਿ ਬਿਜਲੀ ਵਿਚ ਜੇਕਰ ਕਿਸੇ ਸੂਬਾ ਸਰਕਾਰ ਨੇ ਰਾਹਤ ਦਿੱਤੀ ਹੈ ਤਾਂ ਉਹ ਪੰਜਾਬ ਸਰਕਾਰ ਨੇ ਦਿੱਤੀ ਹੈ। ਇਸ ਰਾਹਤ ਤੋਂ ਪੰਜਾਬ ਦੇ ਲੋਕ ਬਹੁਤ ਖੁਸ਼ ਹਨ। ਵਿਰੋਧੀ ਪਾਰਟੀਆਂ ਇਸ ਮੁੱਦੇ ’ਤੇ ਸਿਆਸਤ ਕਰ ਰਹੀਆਂ ਹਨ। ਕੱਚੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖਿਲਾਫ਼ ਕੀਤੇ ਜਾ ਰਹੇ ਪ੍ਰਦਰਸ਼ਨਾਂ ਬਾਰੇ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਹਰ ਸਰਕਾਰ ਵਿਚ ਰਹਿੰਦੀਆਂ ਹਨ। ਚਾਹੇ ਰਾਸ਼ਟਰੀ ਪੱਧਰ ’ਤੇ ਹੋਵੇ ਜਾਂ ਸੂਬਾ ਪੱਧਰ ’ਤੇ। ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨਾ ਸਰਕਾਰਾਂ ਦਾ ਫਰਜ਼ ਹੈ।

ਉਹਨਾਂ ਕਿਹਾ ਕਿ ਲੋਕਤੰਤਰ ਵਿਚ ਵਿਰੋਧ ਕਰਨਾ ਉਹਨਾਂ ਦਾ ਅਧਿਕਾਰ ਹੈ। ਸਾਡੀ ਕੋਸ਼ਿਸ਼ ਹੈ ਕਿ ਇਸ ਵਿਰੋਧ ਨੂੰ ਘੱਟ ਕੀਤਾ ਜਾਵੇ। ਕੈਪਟਨ ਅਮਰਿੰਦਰ ਸਿੰਘ ਬਾਰੇ ਬਿਆਨ ਦਿੰਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਉਹਨਾਂ ਨੇ ਅਪਣੀ ਪਾਰਟੀ ਬਣਾਈ ਹੈ, ਇਸ ਲਈ ਗਤੀਵਿਧੀਆਂ ਕਰਨਾ ਉਹਨਾਂ ਦਾ ਕੰਮ ਹੈ ਪਰ ਪ੍ਰਨੀਤ ਕੌਰ ਕਾਂਗਰਸ ਦੇ ਆਗੂ ਹਨ, ਇਸ ਲਈ ਉਹਨਾਂ ਨੂੰ ਪੰਜਾਬ ਕਾਂਗਰਸ ਇੰਚਾਰਜ ਵਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

ਕਾਂਗਰਸੀ ਵਿਧਾਇਕ ਨੇ ਕਿਹਾ ਕਿ ਸਰਕਾਰ ਲਈ ਹਰ ਸਿਆਸੀ ਪਾਰਟੀ ਚੁਣੌਤੀ ਹੁੰਦੀ ਹੈ, ਇਸ ਲ਼ਈ ਕਾਂਗਰਸ ਹਰ ਪਾਰਟੀ ਨੂੰ ਚੁਣੌਤੀ ਮੰਨ ਕੇ ਹੀ ਚੋਣ ਮੈਦਾਨ ਵਿਚ ਉਤਰੇਗੀ। ਉਹਨਾਂ ਕਿਹਾ ਕਿ ਇਕ ਛੋਟੇ ਵਰਕਰ ਤੋਂ ਲੈ ਕੇ ਵੱਡਾ ਆਗੂ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ, ਉਹਨਾਂ ਦੀ ਬਹੁਤ ਜ਼ਿਆਦਾ ਅਹਿਮੀਅਤ ਹੁੰਦੀ ਹੈ।