ਸੁਖਜਿੰਦਰ ਰੰਧਾਵਾ ਨੇ ਥਾਣਿਆਂ 'ਚ ਪਿਆ ਲੋਕਾਂ ਦਾ ਸਮਾਨ ਲੋਕਾਂ ਦੇ ਹਵਾਲੇ ਕਰਨ ਲਈ ਰਾਜ

ਏਜੰਸੀ

ਖ਼ਬਰਾਂ, ਪੰਜਾਬ

ਸੁਖਜਿੰਦਰ ਰੰਧਾਵਾ ਨੇ ਥਾਣਿਆਂ 'ਚ ਪਿਆ ਲੋਕਾਂ ਦਾ ਸਮਾਨ ਲੋਕਾਂ ਦੇ ਹਵਾਲੇ ਕਰਨ ਲਈ ਰਾਜ ਪਧਰੀ ਮੁਹਿੰਮ ਦੀ ਕਰਵਾਈ ਸ਼ੁਰੂਆਤ

image

ਪਧਰੀ ਮੁਹਿੰਮ ਦੀ ਕਰਵਾਈ ਸ਼ੁਰੂਆਤ

ਪਟਿਆਲਾ, 24 ਨਵੰਬਰ (ਦਲਜਿੰਦਰ ਸਿੰਘ): ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਪੰਜਾਬ ਪੁਲਿਸ, ਹਿੰਦੁਸਤਾਨ ਦੀ ਸੱਭ ਤੋਂ ਬਿਹਤਰ ਪੁਲਿਸ ਹੈ ਅਤੇ ਇਹ ਪੰਜਾਬ ਦੀ ਸੁਰੱਖਿਆ ਕਰਨ ਸਮੇਤ ਹਰ ਪੱਖੋਂ ਅਮਨ-ਅਮਾਨ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਸਮਰੱਥ ਹੈ | ਉਪ-ਮੁੱਖ ਮੰਤਰੀ ਰੰਧਾਵਾ ਅੱਜ ਇਥੇ ਪੁਲਿਸ ਲਾਈਨ ਵਿਖੇ ਰਾਜ ਦੇ ਥਾਣਿਆਂ 'ਚ ਪਏ ਲੋਕਾਂ ਦੇ ਸਮਾਨ ਨੂੰ  ਲੋਕਾਂ ਦੇ ਹਵਾਲੇ ਕਰਨ ਲਈ ਪੰਜਾਬ ਪੁਲਿਸ ਵਲੋਂ ਅਰੰਭੀ ਰਾਜ ਪਧਰੀ ਮੁਹਿੰਮ ਦੀ ਸ਼ੁਰੂਆਤ ਕਰਵਾਉਣ ਪੁੱਜੇ ਹੋਏ ਸਨ | ਉਨ੍ਹਾਂ  ਨਾਲ ਪੰਜਾਬ ਪੁਲਿਸ ਦੇ ਮੁਖੀ ਇਕਬਾਲ ਪ੍ਰੀਤ ਸਿੰਘ ਸਹੋਤਾ ਵੀ ਮੌਜੂਦ ਸਨ |
ਸਮਾਗਮ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਵਿਧਾਇਕ ਮਦਨ ਲਾਲ ਜਲਾਲਪੁਰ, ਨਿਰਮਲ ਸਿੰਘ ਸ਼ੁਤਰਾਣਾ, ਰਜਿੰਦਰ ਸਿੰਘ ਸਮਾਣਾ, ਕੁਲਬੀਰ ਸਿੰਘ ਜੀਰਾ, ਹਰਿੰਦਰ ਪਾਲ ਸਿੰਘ ਹੈਰੀਮਾਨ, ਪੰਜਾਬ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਵੀ ਮੌਜੂਦ ਸਨ | ਇਸ ਮੌਕੇ ਰੰਧਾਵਾ ਨੇ ਪਟਿਆਲਾ ਜ਼ਿਲ੍ਹੇ 'ਚ 248 ਮੁਕੱਦਮਿਆਂ ਨਾਲ ਸਬੰਧਤ 32.5 ਕਰੋੜ ਰੁਪਏ ਦੇ ਸਮਾਨ ਸਮੇਤ 184 ਵਹੀਕਲ ਵੀ ਲੋਕਾਂ ਦੇ ਸਪੁਰਦ ਕੀਤਾ | ਉਨ੍ਹਾਂ ਦਸਿਆ ਕਿ ਹਰ ਜ਼ਿਲ੍ਹੇ 'ਚ ਹੁਣ ਅਜਿਹੇ ਪ੍ਰਬੰਧ ਕਰ ਦਿਤੇ ਗਏ ਹਨ ਕਿ ਦਾਜ ਦਹੇਜ ਦੇ ਮਾਮਲਿਆਂ 'ਚ ਪਿਆ ਸਮਾਨ ਵੀ ਤੁਰਤ ਲੋਕਾਂ ਦੇ ਸਪੁਰਦ ਕੀਤਾ ਜਾਵੇ ਅਤੇ ਮਾਲਖ਼ਾਨੇ ਖ਼ਾਲੀ ਕੀਤੇ ਜਾਣ ਤਾਕਿ ਲੋਕਾਂ ਦਾ ਸਮਾਨ ਖ਼ਰਾਬ ਨਾ ਹੋਵੇ | ਰੰਧਾਵਾ ਨੇ ਕਿਹਾ ਕਿ ਪੁਲਿਸ ਦਾ ਕੰਮ ਹੈ ਕਿ ਲੋਕਾਂ ਨੂੰ  ਇਨਸਾਫ਼ ਦੁਆਇਆ ਜਾਵੇ, ਜਿਸ ਲਈ ਸੂਬੇ ਦੇ ਲੋਕਾਂ ਨੂੰ  ਸਮਾਂਬੱਧ ਇਨਸਾਫ਼ ਦੁਆਉਣ ਲਈ ਦਰਖ਼ਾਸਤਾਂ ਦਾ ਨਿਪਟਾਰਾ 5 ਦਿਨਾਂ ਦੇ ਅੰਦਰ-ਅੰਦਰ ਕਰਨ ਲਈ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਜਾਂਚ ਦਾ ਕੰਮ ਕੇਵਲ ਇਕ ਏਜੰਸੀ ਨੂੰ  ਸੌਂਪਿਆ ਗਿਆ ਹੈ ਤਾਕਿ ਲੋਕਾਂ ਦੀਆਂ ਦਰਖ਼ਾਸਤਾਂ ਤੇ ਸ਼ਿਕਾਇਤਾਂ ਇਕ ਤੋਂ ਦੂਜੀ ਏਜੰਸੀ ਕੋਲ ਨਾ ਜਾਣ |
ਉਨ੍ਹਾਂ ਦਸਿਆ ਕਿ ਇਕੱਲੇ ਪਟਿਆਲਾ ਜ਼ਿਲ੍ਹੇ 'ਚ 19 ਹਜ਼ਾਰ ਦਰਖ਼ਾਸਤਾਂ ਲੰਬਿਤ ਸਨ, ਜਿਨ੍ਹਾਂ 'ਚੋਂ 6500 ਦਰਖ਼ਾਸਤਾਂ ਦਾ ਨਿਪਟਾਰਾ ਕੀਤਾ ਹੈ | ਰੰਧਾਵਾ ਨੇ ਦਸਿਆ ਕਿ ਜਿਹੜੇ ਲੋਕਾਂ ਦੀ ਜਾਨ ਨੂੰ  ਖ਼ਤਰਾ ਹੈ, ਨੂੰ  ਸੁਰੱਖਿਆ ਛਤਰੀ ਮੁਹਈਆ ਕਰਵਾਉਣ ਲਈ ਜਾਂ ਵੀ.ਆਈ.ਪੀ ਸੁਰੱਖਿਆ ਲਈ ਪੰਜਾਬ ਪੁਲਿਸ ਦਾ ਸੁਰੱਖਿਆ ਵਿੰਗ ਵਖਰਾ ਬਣਾਇਆ ਜਾ ਰਿਹਾ ਹੈ ਜਿਸ ਤਹਿਤ, ਜ਼ਿਲਿ੍ਹਆਂ ਦੀ ਬਜਾਇ ਹੁਣ ਮੁੱਖ ਦਫ਼ਤਰ ਚੰਡੀਗੜ੍ਹ ਤੋਂ ਸੁਰੱਖਿਆ ਮੁਹਈਆ ਕਰਵਾਈ ਜਾਵੇਗਾ | ਇਸ ਫ਼ੋਰਸ ਨੂੰ , ਵਖਰੀ ਵਰਦੀ, ਸਿਖਲਾਈ ਤੇ ਆਧੁਨਿਕ ਹਥਿਆਰ ਵੀ ਮੁਹਈਆ ਕਰਵਾਏ ਜਾਣਗੇ |
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਰੰਧਾਵਾ ਨੇ ਦਸਿਆ ਕਿ ਪੁਲਿਸ ਵਲੋਂ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਕਿ ਆਨਲਾਈਨ ਠੱਗੀ ਦੇ ਮਾਮਲਿਆਂ ਸਮੇਤ ਸਾਈਬਰ ਕ੍ਰਾਈਮ ਦੇ ਮਾਮਲਿਆਂ ਨੂੰ  ਨਿਰਧਾਰਤ ਸਮੇਂ 'ਚ ਹੱਲ ਕੀਤਾ ਜਾਵੇਗਾ | ਉਨ੍ਹਾਂ ਦਸਿਆ ਕਿ ਰੱਦ ਕੀਤੀ ਗਈ ਸਬ ਇੰਸਪੈਕਟਰਾਂ ਦੀ ਭਰਤੀ ਮੁੜ ਕਰਵਾਈ ਜਾਵੇਗੀ | ਸ. ਰੰਧਾਵਾ ਨੇ ਇਸ ਮੌਕੇ ਪਟਿਆਲਾ ਪੁਲਿਸ ਲਾਇਨ ਦੇ ਸਟੇਡੀਅਮ ਲਈ 2 ਕਰੋੜ ਰੁਪਏ ਤੇ ਪੁਲਿਸ ਵੈਲਫੇਅਰ ਫ਼ੰਡ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਪੀ. ਸੀ. ਆਰ. ਲਈ ਨਵੇਂ ਵਹੀਕਲ ਵੀ ਦਿਤੇ ਜਾ ਰਹੇ ਹਨ |
ਫੋਟੋ ਨੰ24ਪੀਏਟੀ. 15