ਸਿੱਖਿਆ ਮੰਤਰੀ ਦੇ ਘਰ ਬਾਹਰ ਅਧਿਆਪਕਾਂ ਦਾ ਪ੍ਰਦਰਸ਼ਨ, ਪੁਲਿਸ ਨਾਲ ਹੋਈ ਧੱਕਾ-ਮੁੱਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਐੱਡ ਅਧਿਆਪਕ ਤੇ ਪੁਲਿਸ ਮੁੜ ਹੋਏ ਆਹਮੋ-ਸਾਹਮਣੇ

Teachers Protest

 

ਜਲੰਧਰ - ਟੈਟ ਪਾਸ ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਵੱਲੋਂ ਅੱਜ ਇਕ ਵਾਰ ਫਿਰ ਤੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਿਹਾਇਸ਼ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਦੀ ਉੱਥੇ ਤਾਇਨਾਤ ਪੁਲਿਸ ਨਾਲ ਝੜਪ ਵੀ ਹੋਈ ਤੇ ਪੁਲਿਸ ਵੱਲੋਂ ਅਧਿਆਪਕਾਂ 'ਤੇ ਡਾਂਗਾ ਵੀ ਵਰਾਈਆਂ ਗਈਆਂ। ਅਧਿਆਪਕਾਂ ਨੇ ਇਸ ਦੌਰਾਨ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਅਧਿਆਪਕਾਂ ਦਾ ਕਹਿਣਾ ਸੀ ਕਿ ਸਰਕਾਰ ਵਾਰ-ਵਾਰ ਲਾਰੇ ਲਾ ਕੇ ਸਿਰਫ ਸਮਾਂ ਕੱਢ ਰਹੀ ਹੈ, ਜਦੋਂ ਕਿ ਸਰਕਾਰ ਨੂੰ ਬੇਰੁਜ਼ਗਾਰ ਅਧਿਆਪਕਾਂ ਪ੍ਰਤੀ ਗੰਭੀਰਤਾ ਵਿਖਾਉਂਦਿਆਂ ਉਨ੍ਹਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਜਲੰਧਰ ਦੇ ਬੱਸ ਸਟੈਂਡ ਵਿਚ ਟੈਟ ਪਾਸ ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਵੱਲੋਂ ਪੱਕਾ ਮੋਰਚਾ ਲਗਾਇਆ ਗਿਆ ਹੈ ਅਤੇ ਕੱਲ੍ਹ ਵੀ ਟੈਟ ਪਾਸ ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਿਹਾਇਸ਼ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਸੀ

ਤੇ ਕੁਝ ਅਧਿਆਪਕ ਪੁਲਿਸ ਵੱਲੋਂ ਕੀਤੀ ਗਈ ਬੈਰੀਕੇਡਿੰਗ ਨੂੰ ਲੰਘਣ ਵਿਚ ਸਫ਼ਲ ਰਹੇ ਅਤੇ ਅੱਗੇ ਪਹੁੰਚ ਗਏ ਸਨ ਪਰ ਪੁਲਿਸ ਵੱਲੋਂ ਪਰਗਟ ਸਿੰਘ ਦੇ ਘਰ ਦੇ ਬਿਲਕੁਲ ਬਾਹਰ ਇਕ ਹੋਰ ਬੈਰੀਕੇਡਿੰਗ ਕੀਤੀ ਗਈ ਸੀ, ਜਿੱਥੇ ਫਿਰ ਤੋਂ ਇਨ੍ਹਾਂ ਅਧਿਆਪਕਾਂ ਨੂੰ ਪੁਲਿਸ ਵੱਲੋਂ ਰੋਕ ਲਿਆ ਗਿਆ ਸੀ ਤੇ ਉੱਥ ਵੀ ਪੁਲਿਸ ਦੀ ਝੜਪ ਹੋਈ ਸੀ।