ਕੈਨੇਡਾ ਭੇਜਣ ਦੇ ਨਾਂ ਤੇ ਏਜੰਟ ਨੇ ਮੁੰਡਾ ਭੇਜਿਆ ਕੀਨੀਆ, ਲੱਖਾਂ ਰੁਪਏ ਲੈ ਕੇ ਹੋਇਆ ਫਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਏਜੰਟ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ

photo

ਜਲੰਧਰ : ਜਲੰਧਰ ਦੇ ਇਕ ਨੌਜਵਾਨ ਨੂੰ ਕੈਨੇਡਾ 'ਚ ਪੀ.ਆਰ. ਦਾ ਝਾਂਸਾ ਦੇ ਕੇ 2 ਮਹੀਨਿਆਂ ਤੱਕ ਏਜੰਟ ਕੀਨੀਆ ਅਤੇ ਬ੍ਰਾਜ਼ੀਲ ਵਿੱਚ ਘੁਮਾਉਂਦਾ ਰਿਹਾ। ਉਸ ਨੇ ਪਰਿਵਾਰ ਤੋਂ ਮੋਟੀ ਰਕਮ ਵੀ ਲਈ ਪਰ ਇਸ ਦੇ ਬਾਵਜੂਦ ਨਾ ਤਾਂ ਨੌਜਵਾਨ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਅਜਿਹੇ 'ਚ ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਜਾਂਚ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਦੀ ਪੁਲਿਸ ਨੇ ਏਜੰਟ ਸੁਰਿੰਦਰਪਾਲ ਪੁੱਤਰ ਗਿਆਨ ਚੰਦ ਵਾਸੀ ਗੜ੍ਹਾ ਰੋਡ ਫਿਲੌਰ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ, ਜਿਸ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰੂ ਨਾਨਕਪੁਰਾ ਵਾਸੀ ਗੁਰਮੀਤ ਕੌਰ ਪਤਨੀ ਜੋਗਿੰਦਰ ਸਿੰਘ ਨੇ ਦੱਸਿਆ ਕਿ 2018 ਵਿੱਚ ਜਦੋਂ ਉਹ ਨਕੋਦਰ ਜਾ ਰਹੀ ਸੀ ਤਾਂ ਬੱਸ ਵਿੱਚ ਉਸ ਦੀ ਮੁਲਾਕਾਤ ਇੱਕ ਅਣਪਛਾਤੀ ਲੜਕੀ ਨਾਲ ਹੋਈ, ਜੋ ਕਿ ਇਮੀਗ੍ਰੇਸ਼ਨ ਅਫ਼ਸਰ ਵਜੋਂ ਕੰਮ ਕਰਦੀ ਸੀ। ਜਦੋਂ ਉਸ ਨੇ ਆਪਣੇ ਲੜਕੇ ਗਗਨਦੀਪ ਨੂੰ ਵਿਦੇਸ਼ ਭੇਜਣ ਦੀ ਗੱਲ ਕੀਤੀ ਤਾਂ ਲੜਕੀ ਨੇ ਗੁਰਮੀਤ ਕੌਰ ਦਾ ਨੰਬਰ ਲੈ ਲਿਆ। ਇਸ ਤੋਂ ਬਾਅਦ ਉਕਤ ਲੜਕੀ ਗੁਰਮੀਤ ਕੌਰ ਨੂੰ ਰੋਜ਼ ਫੋਨ ਕਰਨ ਲੱਗੀ।
ਅਜਿਹੇ 'ਚ ਜਦੋਂ ਉਸ ਨੂੰ ਇਕ ਏਜੰਟ ਨੂੰ ਮਿਲਣ ਲਈ ਕਿਹਾ ਗਿਆ ਤਾਂ ਲੜਕੀ ਏਜੰਟ ਸੁਰਿੰਦਰਪਾਲ ਨੂੰ ਆਪਣੇ ਨਾਲ ਲੈ ਕੇ ਪੁਲਿਸ ਲਾਈਨ ਸਥਿਤ ਇਕ ਰੈਸਟੋਰੈਂਟ 'ਚ ਆ ਗਈ। ਏਜੰਟ ਨੇ ਗੁਰਮੀਤ ਕੌਰ ਨੂੰ ਭਰੋਸਾ ਦਿੱਤਾ ਕਿ ਉਹ  ਉਸਦੇ ਲੜਕੇ ਗਗਨਦੀਪ ਅਤੇ ਉਸ ਦੀ ਪਤਨੀ ਨੂੰ ਯੂਰਪ ਭੇਜ ਦੇਵੇਗਾ ਅਤੇ ਵੀਜ਼ਾ ਆਉਣ ਤੋਂ ਬਾਅਦ ਹੀ ਸਾਰੇ ਪੈਸੇ ਲੈ ਜਾਵੇਗਾ। ਅਪਲਾਈ ਕਰਨ 'ਤੇ ਦੋਵਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਸਨ। ਸੁਰਿੰਦਰਪਾਲ ਨੇ ਉਸ ਨੂੰ ਦੁਬਾਰਾ ਮਿਲ ਕੇ ਭਰੋਸਾ ਦਿੱਤਾ ਕਿ ਉਹ ਇਕੱਲੇ ਹੀ ਗਗਨਦੀਪ ਨੂੰ ਕੈਨੇਡਾ ਭੇਜ ਦੇਣਗੇ ਪਰ ਇਸ ਲਈ ਉਸ ਨੂੰ ਇਕ ਮਹੀਨਾ ਬ੍ਰਾਜ਼ੀਲ ਵਿਚ ਰਹਿਣਾ ਪਵੇਗਾ। ਇਸ ਤੋਂ ਬਾਅਦ ਉਸ ਨੇ ਆਪਣਾ ਪੀ.ਆਰ. ਵੀ ਕਰਵਾ ਦੇਣਗੇ।

ਇੰਨਾ ਹੀ ਨਹੀਂ ਏਜੰਟ ਨੇ ਗੁਰਮੀਤ ਕੌਰ ਤੋਂ ਬ੍ਰਾਜ਼ੀਲ ਭੇਜਣ ਲਈ ਟਿਕਟ ਦੇ ਢਾਈ ਲੱਖ ਰੁਪਏ ਮੰਗੇ ਅਤੇ ਕਿਹਾ ਕਿ ਉਹ ਵੀਜ਼ੇ ਦੇ ਪੈਸੇ ਬਾਅਦ ਵਿਚ ਲੈ ਲਵੇਗਾ। 10 ਦਸੰਬਰ 2018 ਨੂੰ ਪੈਸੇ ਲੈਣ ਤੋਂ ਬਾਅਦ ਸੁਰਿੰਦਰਪਾਲ ਨੇ 26 ਦਸੰਬਰ 2018 ਨੂੰ ਗਗਨਦੀਪ ਨੂੰ ਕੀਨੀਆ ਲਈ ਟਿਕਟ ਦਿਵਾਈ। ਇਲਜ਼ਾਮ ਹੈ ਕਿ ਗਗਨਦੀਪ ਨੂੰ ਇੱਕ ਮਹੀਨੇ ਤੱਕ ਕੀਨੀਆ ਦੇ ਇੱਕ ਹੋਟਲ ਵਿੱਚ ਰੱਖਿਆ ਗਿਆ ਸੀ ਅਤਂ ਇਸਦਾ ਵੀ ਸਾਰਾ ਖਰਚਾ  ਉਸਨੂੰ ਹੀ ਚੁੱਕਣਾ ਪਿਆ ਸੀ। ਜਦੋਂ ਉਸ ਨੇ ਗਗਨਦੀਪ ਨੂੰ ਬ੍ਰਾਜ਼ੀਲ ਭੇਜਣ ਦੀ ਮੰਗ ਕੀਤੀ ਤਾਂ ਏਜੰਟ ਨੇ ਪੀੜਤ ਤੋਂ ਵੀਜ਼ਾ ਲਗਵਾਉਣ ਲਈ 4 ਲੱਖ ਰੁਪਏ ਦੀ ਮੰਗ ਕੀਤੀ।

ਗੱਲ ਕਰਨ ਤੋਂ ਬਾਅਦ ਏਜੰਟ ਪੀੜਤ ਦੇ ਘਰ  ਗਿਆ ਅਤੇ 2 ਚੈੱਕ ਲੈ ਕੇ ਆਇਆ। ਖੁਦ ਨੂੰ ਫਸਿਆ ਦੇਖ ਕੇ ਏਜੰਟ ਨੇ 1.75 ਲੱਖ ਰੁਪਏ ਵਾਪਸ ਕਰ ਦਿੱਤੇ ਪਰ ਗਗਨਦੀਪ ਨੂੰ ਕੈਨੇਡਾ ਨਹੀਂ ਭੇਜਿਆ ਅਤੇ ਬਾਕੀ 1.75 ਲੱਖ ਰੁਪਏ ਵਾਪਸ ਨਹੀਂ ਕੀਤੇ। ਇਸੇ ਦੌਰਾਨ ਗਗਨਦੀਪ ਦੇ ਪਿਤਾ ਜੋਗਿੰਦਰ ਸਿੰਘ ਨੂੰ ਆਪਣੇ ਪੁੱਤਰ ਦੇ ਤਣਾਅ ਕਾਰਨ ਦਿਮਾਗੀ ਦੌਰਾ ਪਿਆ। ਗਗਨਦੀਪ ਬ੍ਰਾਜ਼ੀਲ 'ਚ ਫਸ ਗਿਆ ਸੀ, ਜਿਸ ਕਾਰਨ ਗੁਰਮੀਤ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਲੰਬੀ ਜਾਂਚ ਤੋਂ ਬਾਅਦ ਦੋਸ਼ੀ ਏਜੰਟ ਸੁਰਿੰਦਰਪਾਲ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ।